ਨਵੀਂ ਦਿੱਲੀ - ਬੁੜ੍ਹੈਲ ਜੇਲ੍ਹ ਅੰਦਰ ਨਜ਼ਰਬੰਦ ਭਾਈ ਜਗਤਾਰ ਸਿੰਘ ਤਾਰਾ ਅਤੇ ਭਾਈ ਪਰਮਜੀਤ ਸਿੰਘ ਭਿਓਰਾ ਨੇ ਆਪਣੀ ਪਰਿਵਾਰਿਕ ਮੁਲਾਕਾਤ ਦੌਰਾਨ ਪੰਥ ਨੂੰ ਭੇਜੇ ਸੁਨੇਹੇ ਵਿਚ ਕਿਹਾ ਕਿ ਅੱਜ ਹੀ ਬਾਪੂ ਸੂਰਤ ਸਿੰਘ ਖ਼ਾਲਸਾ ਦੇ ਸਰੀਰ ਛੱਡਣ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਉਨ੍ਹਾਂ ਨੇ 91 ਸਾਲ ਦੀ ਉਮਰ ’ਚ ਲਏ ਆਖ਼ਰੀ ਸਾਹ ਲਏ ‘ਅਤੇ ਆਪਣੇ ਜੀਵਨ ਕਾਲ ਦੌਰਾਨ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਲੰਬੀ ਲੜਾਈ ਲੜੀ ਸੀ। ਬਾਪੂ ਸੂਰਤ ਸਿੰਘ 1984 ਤੋਂ ਹੀ ਸਿੱਖ ਸੰਘਰਸ਼ ‘ਚ ਆਪਣਾ ਯੋਗਦਾਨ ਪਾ ਰਹੇ ਸਨ। ਇਹ ਕੌਮ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਹੈ। ਦੂਜੀ ਦੁਖਦ ਖ਼ਬਰ ਮਿਲੀ ਕਿ, ਗੁਰਮੁਖ ਪਿਆਰੇ, ਮਹਾਨ ਸ਼ਹੀਦ ਭਾਈ ਫੌਜਾ ਸਿੰਘ ਜੀ ਦੀ ਸਿੰਘਣੀ ਬੀਬੀ ਅਮਰਜੀਤ ਕੌਰ ਅਕਾਲ ਚਲਾਣਾ ਕਰ ਗਏ। ਉਹ ਪਿਛਲੇ ਕੁਝ ਸਮੇਂ ਤੋਂ ਬਿਮਾਰ ਚੱਲੇ ਆ ਰਹੇ ਸਨ। 1978 ਦੀ ਵਿਸਾਖੀ ਵਾਲੇ ਦਿਨ ਗੁਰੂ ਦੋਖੀ ਨਕਲੀ ਨਿਰੰਕਾਰੀਆਂ ਦੇ ਕੂੜ ਪ੍ਰਚਾਰ ਨੂੰ ਰੋਕਣ ਗਏ ਸਿੰਘਾਂ ਦੀ ਅਗਵਾਈ ਭਾਈ ਫੌਜਾ ਸਿੰਘ ਜੀ ਕਰ ਰਹੇ ਸਨ ਅਤੇ ਉਹਨਾਂ ਨੇ ਆਪਣੇ ਸਾਥੀ ਸਿੰਘਾਂ ਨਾਲ ਸ਼ਹੀਦੀਆਂ ਪਰਾਪਤ ਕੀਤੀਆਂ ਜਿਸ ਤੋਂ ਮੌਜੂਦਾ ਸਿੱਖ ਸੰਘਰਸ਼ ਦਾ ਅਰੰਭ ਹੋਇਆ। ਬੀਬੀ ਅਮਰਜੀਤ ਕੌਰ ਜੀ ਨੇ ਹਮੇਸ਼ਾ ਭਾਈ ਫੌਜਾ ਸਿੰਘ ਜੀ ਦਾ ਸਾਥ ਨਿਭਾਇਆ ਭਾਈ ਸਾਹਿਬ ਦੀ ਸ਼ਹੀਦੀ ਤੋਂ ਪਹਿਲਾਂ ਵੀ ਗੁਰਮਤਿ ਪ੍ਰਚਾਰ ਅਤੇ ਪੰਥਕ ਸਰਗਰਮੀਆਂ ਵਿੱਚ ਭਾਈ ਸਾਹਿਬ ਦਾ ਸਾਥ ਦਿੱਤਾ ਤੇ ਭਾਈ ਸਾਹਿਬ ਦੀ ਸ਼ਹੀਦੀ ਤੋਂ ਬਾਅਦ ਵੀ ਪੰਥਕ ਪਿੜ ਵਿੱਚ ਡਟੇ ਰਹੇ ਸਨ। ਵਾਹਿਗੁਰੂ ਇੰਨ੍ਹਾਂ ਦੋਵੇਂ ਪੰਥਕ ਸ਼ਖ਼ਸੀਅਤਾ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖ਼ਸ਼ੇ ਅਤੇ ਪੰਥਕ ਰੂਹਾਂ ਦੇ ਅੰਤਿਮ ਅਰਦਾਸ ਵਿਚ ਵੱਧ ਤੋਂ ਵੱਧ ਹਾਜ਼ਿਰੀ ਭਰਣ ਦੀ ਅਪੀਲ ਕਰਦੇ ਹਾਂ ।