ਐੱਸ.ਏ.ਐੱਸ. ਨਗਰ - ਪੰਚਾਇਤੀ ਰਾਜ ਪੈਨਸ਼ਨਰਜ਼ ਯੂਨੀਅਨ ਪੰਜਾਬ ਵੱਲੋਂ ਪੰਚਾਇਤ ਸਮਿਤੀਆਂ/ਜ਼ਿਲ੍ਹਾ ਪ੍ਰੀਸ਼ਦਾਂ ਦੇ ਪੈਨਸ਼ਨਰਾਂ ਦੀ ਲੰਮੇ ਸਮੇਂ ਤੋਂ ਲਟਕ ਰਹੀਆਂ ਮੰਗਾਂ ਦੀ ਪੂਰਤੀ ਕਰਾਉਣ ਲਈ ਡਾਇਰੈਕਟਰ ਪੰਚਾਇਤ ਵਿਭਾਗ ਪੰਜਾਬ ਦੇ ਮੁੱਖ ਦਫਤਰ ‘ਵਿਕਾਸ ਭਵਨ’ ਦੇ ਸਾਹਮਣੇ ਧਰਨਾ ਲਾਇਆ ਗਿਆ ਜਿਸ ਵਿੱਚ ਵੱਡੀ ਗਿਣਤੀ ਵਿੱਚ ਪੈਨਸ਼ਨਰਾਂ ਨੇ ਸ਼ਿਰਕਤ ਕਰਦਿਆਂ ਪੰਜਾਬ ਸਰਕਾਰ ਅਤੇ ਵਿਭਾਗ ਦੀ ਅਫਸਰਸ਼ਾਹੀ ਵਿਰੁੱਧ ਜੋਰਦਾਰ ਨਾਅਰੇਬਾਜ਼ੀ ਕਰਦਿਆਂ ਜਾਇਜ਼ ਮੰਗਾਂ ਨਾ ਮੰਨਣ ਪ੍ਰਤੀ ਰੋਸ ਪ੍ਰਗਟਾਇਆ। ਅੱਜ ਦੇ ਧਰਨੇ ਵਿੱਚ ਪੰਚਾਇਤ ਸੰਮਤੀਆਂ/ਜ਼ਿਲ੍ਹਾ ਪ੍ਰੀਸ਼ਦਾਂ ਦੇ ਪੈਨਸ਼ਨਰਾਂ ਦੀ ਦੂਜੀ ਜਥੇਬੰਦੀ ਦੇ ਪੈਨਸ਼ਨਰ ਵੀ ਜੈ ਦੇਵ ਸਿੰਘ ਜੀ ਦੀ ਅਗਵਾਈ ਵਿੱਚ ਹਾਜ਼ਰ ਆਏ ਜਿਨ੍ਹਾਂ ਦਾ ਪੰਚਾਇਤੀ ਰਾਜ ਪੈਨਸ਼ਨਰਜ਼ ਯੂਨੀਅਨ ਵੱਲੋਂ ਪੁਰਜ਼ੋਰ ਸਵਾਗਤ ਕੀਤਾ ਗਿਆ। ਬੁਲਾਰਿਆਂ ਵੱਲੋਂ ਪੈਨਸ਼ਨਰਾਂ ਦੀਆਂ ਮੰਗਾਂ ਦਾ ਵਿਸਥਾਰ ਸਾਂਝਾ ਕਰਦਿਆਂ ਕਿਹਾ ਗਿਆ ਕਿ ਸਾਰੇ ਪੈਨਸ਼ਨਰਾਂ ਨੂੰ ਜਨਵਰੀ ਮਹੀਨੇ ਦੀ ਪੈਨਸ਼ਨ ਛੇਵੇਂ ਪੇ ਕਮਿਸ਼ਨ ਅਨੁਸਾਰ ਸੋਧ ਕੇ ਦਿੱਤੀ ਜਾਵੇ। ਜੁਲਾਈ 21 ਤੋਂ ਹੁਣ ਤੱਕ ਦਾ ਬਣਦਾ ਬਕਾਇਆ ਦਿੱਤਾ ਜਾਵੇ। ਬੁਢਾਪਾ ਭੱਤਾ ਅਤੇ ਐੱਲ.ਟੀ.ਸੀ. ਦੂਜੇ ਪੈਨਸ਼ਨਰਾਂ ਦੀ ਤਰਜ ਤੇ ਜਾਰੀ ਕੀਤਾ ਜਾਵੇ। ਨਵੰਬਰ 24 ਤੋਂ 4 ਫੀਸਦੀ ਡੀ.ਏ. ਦਾ ਭੁਗਤਾਨ ਕੀਤਾ ਜਾਵੇ। ਪੈਨਸ਼ਨ ਅਤੇ ਫੈਮਲੀ ਪੈਨਸ਼ਨ ਲਾਉਣ ਦੀ ਸਮਾਂ ਸੀਮਾ ਤਹਿ ਕੀਤੀ ਜਾਵੇ। ਪੈਨਸ਼ਨਰਾਂ ਦੇ ਬਕਾਏ ਦੇਣ ਦੀ ਵਿਵਸਥਾ ਵਿੱਚ ਸੁਧਾਰ ਕੀਤਾ ਜਾਵੇ। ਪੈਨਸ਼ਨ ਹਰ ਮਹੀਨੇ ਪਹਿਲੀ ਤਾਰੀਖ ਨੂੰ ਦਿੱਤੀ ਜਾਵੇ। ਉਪਰੋਕਤ ਮੰਗਾਂ ਦਾ ਮੰਗ ਪੱਤਰ ਡਾਇਰੈਕਟਰ ਸਾਹਿਬ ਨੇ ਖੁਦ ਧਰਨੇ ਵਿੱਚ ਪੁੱਜ ਕੇ ਪ੍ਰਾਪਤ ਕੀਤਾ। ਉਨ੍ਹਾਂ ਨਾਲ ਸੰਯੁਕਤ ਡਾਇਰੈਕਟਰ ਜਤਿੰਦਰ ਸਿੰਘ ਬਰਾੜ ਵੀ ਹਾਜਰ ਸਨ। ਦੋਵਾਂ ਵੱਲੋਂ ਮੰਗਾਂ ਮੰਨਣ ਦਾ ਭਰੋਸਾ ਧਰਨਾਕਾਰੀਆਂ ਨੂੰ ਦਿਵਾਇਆ ਗਿਆ।
ਅੱਜ ਦੇ ਧਰਨੇ ਨੂੰ ਕੁਲਵੰਤ ਕੌਰ ਬਾਠ, ਗੁਰਮੀਤ ਸਿੰਘ ਭਾਂਖਰਪੁਰ, ਜਾਗੀਰ ਸਿੰਘ ਢਿੱਲੋਂ, ਜੈ ਦੇਵ ਸਿੰਘ, ਸੁਰਿੰਦਰ ਹਾਟਾ, ਦਿਆਲ ਸਿਘ, ਬਲਵਿੰਦਰ ਸਿੰਘ, ਭਗਵਾਨ ਸਿੰਘ, ਜੋਗਿੰਦਰ ਸਿੰਘ, ਮਹਿੰਦਰ ਸਿੰਘ, ਜੋਧ ਸਿੰਘ, ਸਰਵਜੀਤ ਸਿੰਘ, ਮਾਨ ਸਿੰਘ, ਪਾਲ ਸਿੰਘ ਆਦਿ ਆਗੂਆਂ ਵੱਲੋਂ ਸੰਬੋਧਿਤ ਕੀਤਾ ਗਿਆ।