ਮਾਨਸਾ- ਦਫ਼ਤਰ ਮੁੱਖ ਚੋਣ ਅਫਸਰ ਪੰਜਾਬ ਵਲੋਂ ਅੱਜ ਜਾਰੀ ਪੱਤਰ ਅਨੁਸਾਰ ਮਾਨਸਾ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਸ.ਕੁਲਵੰਤ ਸਿੰਘ ਆਈ.ਏ.ਐਸ. ਦੀ ਸਰਵੋਤਮ ਇਲੈਕਸ਼ਨ ਪ੍ਰੈਕਟਿਸ ਪੁਰਸਕਾਰʼʼ ਲਈ ਚੋਣ ਕੀਤੀ ਗਈ ਹੈ।
ਇਸ ਸਬੰਧੀ ਮਿਲੀ ਜਾਣਕਾਰੀ ਅਨੁਸਾਰ ਰਾਸ਼ਟਰੀ ਵੋਟਰ ਦਿਵਸ ਸਬੰਧੀ ਲੁਧਿਆਣਾ ਵਿਖੇ 25 ਜਨਵਰੀ, 2025 ਨੂੰ ਹੋਣ ਵਾਲੇ ਰਾਜ ਪੱਧਰੀ ਸਮਾਗਮ ਦੋਰਾਨ ਇਹ ਸਨਮਾਨ ਸ.ਕੁਲਵੰਤ ਸਿੰਘ ਆਈ.ਏ.ਐਸ.ਨੂੰ ਭੇਂਟ ਕੀਤਾ ਜਾਵੇਗਾ।
ਸ.ਕੁਲਵੰਤ ਸਿੰਘ ਆਈ.ਏ.ਐਸ.ਨੂੰ ਇਹ ਸਨਮਾਨ ਜ਼ਿਲ੍ਹਾ ਮੋਗਾ ਵਿਖੇ ਬਤੌਰ ਡਿਪਟੀ ਕਮਿਸ਼ਨਰ ਕਮ ਜ਼ਿਲ੍ਹਾ ਚੋਣ ਅਧਿਕਾਰੀ ਨਿਭਾਈਆਂ ਮਿਸਾਲੀ ਸੇਵਾਵਾਂ ਲਈ ਦਿੱਤਾ ਜਾ ਰਿਹਾ ਹੈ।
ਸ.ਕੁਲਵੰਤ ਸਿੰਘ ਆਈ.ਏ.ਐਸ. ਨੇ ਮੋਗਾ ਵਿਖੇ ਆਪਣੇ ਕਾਰਜ਼ਕਾਲ ਦੌਰਾਨ ਵੋਟਰਾਂ ਨੂੰ ਜਾਗਰੂਕ ਕਰਨ ਅਤੇ ਇਲੈਕਟੋਰਲ ਭਾਗੀਦਾਰੀ ਨੂੰ ਵਧਾਉਣ ਲਈ ਕਈ ਉਪਰਾਲੇ ਕੀਤੇ ਸਨ । ਉਨ੍ਹਾਂ ਵਲੋਂ ਕੀਤੇ ਗਏ ਗਏ ਉਪਰਾਲਿਆਂ ਵਿਚ ਵੋਟ ਫੀਸਦੀ ਵਧਾਉਣ, ਟਰਾਂਸਜੈਂਡਰ ਵੋਟਰਾਂ ਦੀ ਵੋਟਿੰਗ ਵਿੱਚ ਭਾਗੀਦਾਰੀ ਵਧਾਉਣ, ਡੇਰਿਆਂ ਵਿੱਚ ਵਸਦੇ ਵੋਟਰਾਂ ਤੱਕ ਪਹੁੰਚ, ਦਿਵਿਆਂਗਜਨ, ਸੀਨੀਅਰ ਸਿਟੀਜ਼ਨਾਂ, ਪੱਤਰਕਾਰਾਂ, ਵੋਮੈਨ ਵੋਟਰਾਂ ਦੀ ਵੋਟਾਂ ਵਿੱਚ ਸ਼ਮੂਲੀਅਤ ਨੂੰ ਯਕੀਨੀ ਬਣਾਉਣ ਲਈ ਕਈ ਉਪਰਾਲੇ ਕੀਤੇ ਸਨ ਜਿਸ ਦੇ ਸਾਰਥਿਕ ਸਿੱਟੇ ਨਿਕਲੇ ਸਨ।
ਇਸ ਤੋਂ ਇਲਾਵਾ ਉਨ੍ਹਾਂ ਨੇ "ਯੂਥ ਚੱਲਿਆ ਬੂਥ" ਦੇ ਬੈਨਰ ਹੇਠ ਵੋਟਰ ਜਾਗਰੂਕਤਾ ਰੈਲੀਆਂ ਰਾਹੀਂ ਵੀ ਨਵੇਂ ਵੋਟਰਾਂ ਨੂੰ ਵੋਟ ਦੇ ਅਧਿਕਾਰ ਦੀ ਵਰਤੋਂ ਬਾਰੇ ਜਾਗਰੂਕ ਕੀਤਾ ਸੀ। ਇਸੇ ਤਰ੍ਹਾਂ ਉਨ੍ਹਾਂ ਨੇ ਆਂਗਣਵਾੜੀ ਵਰਕਰਾਂ ਦੀ ਸਹਾਇਤਾ ਨਾਲ 5 ਲੱਖ ਤੋਂ ਵਧੇਰੇ ਵੋਟਰਾਂ ਨਾਲ ਰਾਬਤਾ ਕਰਕੇ ਵੋਟਰਾਂ ਨੂੰ ਜਾਗਰੂਕਤਾ ਕੀਤਾ ਗਿਆ। ਇਸ ਦੇ ਨਾਲ ਹੀ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਆਉਣ ਵਾਲੇ ਲੋਕਾਂ ਨੂੰ ਵੋਟਾਂ ਪ੍ਰਤੀ ਜਾਗਰੂਕ ਕਰਨ ਲਈ ਸਵੀਪ ਕੰਧ ਵੀ ਤਿਆਰ ਕਰਵਾਈ ਗਈ।
ਉਨ੍ਹਾਂ ਨੇ ਖੁਦ ਬੱਸਾਂ ਵਿੱਚ ਸਵਾਰ ਹੋ, ਸਵਾਰੀਆਂ ਨੂੰ ਵੋਟ ਪਾਉਣ ਪ੍ਰਤੀ ਵੀ ਪ੍ਰੇਰਿਤ ਕੀਤਾ ਗਿਆ ਸੀ ਜਿਸ ਨਾਲ ਮੋਗਾ ਜ਼ਿਲ੍ਹੇ ਵਿੱਚ ਵੋਟ ਪ੍ਰਤੀਸ਼ਤ ਵਧੀ ਸੀ।