ਨਵੀਂ ਦਿੱਲੀ - ਦਿੱਲੀ ਦੇ ਸਿੱਖ ਲੀਡਰ ਦਿੱਲੀ ਦੀ ਚੋਣਾਂ ਵਿੱਚ ਕਿਸੇ ਵੀ ਪਾਰਟੀ ਨਾਲ ਕਿਸੇ ਵੀ ਏਜੰਡੇ ਦੇ ਤਹਿਤ ਦਿੱਲੀ ਦੇ ਸਿੱਖਾਂ ਦੀ ਹੋਂਦ ਨੂੰ ਬਰਕਰਾਰ ਰੱਖਣ ਵਿੱਚ ਨਾਕਾਮ ਰਹੇ ਹਨ ਤੇ ਨਾਲ ਹੀ ਕਿਸੇ ਵੀ ਪਾਰਟੀ ਤੋਂ ਆਪਣਾ ਉਮੀਦਵਾਰ ਚੋਣ ਮੈਦਾਨ ਵਿੱਚ ਉਤਾਰਨ ਵਿੱਚ ਅਸਫਲ ਰਹੇ ਹਨ ਕਿਉਂਕਿ ਇਹਨਾਂ ਲੀਡਰਾਂ ਨੇ ਕੋਈ ਕੋਸ਼ਿਸ਼ ਹੀ ਨਹੀਂ ਕੀਤੀ। ਹੈਰਾਨਗੀ ਦੀ ਗੱਲ ਹੈ ਕਿ ਹੈਦਰਾਬਾਦ ਤੋਂ ਮੁਸਲਮਾਨ ਲੀਡਰ ਦਿੱਲੀ ਆ ਕੇ ਆਪਣੀ ਪਾਰਟੀ ਦੇ ਦੋ ਉਮੀਦਵਾਰ ਮੁਸਲਿਮ ਬਹੁਮਲ ਇਲਾਕੇ ਤੋਂ ਚੋਣ ਮੈਦਾਨ ਵਿੱਚ ਉਤਾਰ ਕੇ ਉਹਨਾਂ ਦੇ ਪ੍ਰਚਾਰ ਵਿੱਚ ਦਿਨ ਰਾਤ ਲੱਗਾ ਰਹੇ ਹਨ । ਸਿੱਖਾਂ ਦੀ ਇਕ ਵਡੀ ਜੱਥੇਬੰਦੀ ਸ਼੍ਰੋਮਣੀ ਅਕਾਲੀ ਦਲ ਬਾਦਲ ਵੀ ਪਹਿਲਾਂ ਦਿੱਲੀ ਦੀ ਹਰ ਚੋਣਾਂ ਵਿੱਚ ਖਾਸ ਤੌਰ ਤੇ ਸਿੱਖਾਂ ਵਾਲੀ ਆਬਾਦੀ ਵਿੱਚ ਆਪਣੀ ਪਾਰਟੀ ਦੇ ਉਮੀਦਵਾਰਾਂ ਨੂੰ ਖੜਾ ਕਰਕੇ ਆਪਣੀ ਹੋਂਦ ਦਾ ਪ੍ਰਗਟਾਵਾ ਕਰਦੇ ਸਨ ਜਿਸ ਨਾਲ ਕਿਸੇ ਵੀ ਚੋਣਾਂ ਵਿੱਚ ਹਰ ਇੱਕ ਪਾਰਟੀ ਬੜੇ ਚਾਅ ਨਾਲ ਸਿੱਖਾਂ ਨੂੰ ਆਪਣਾ ਉਮੀਦਵਾਰ ਬਣਾਉਣ ਦੀ ਲਲਕ ਰਹਿੰਦੀ ਸੀ । ਸ਼੍ਰੋਮਣੀ ਅਕਾਲੀ ਦਲ ਦੇ ਪਿਛਲੇ ਪ੍ਰਧਾਨਾਂ ਨੇ ਕੁਝ ਪਾਰਟੀਆਂ ਨਾਲ ਸਮਝੌਤਾ ਕਰਕੇ ਦੋ ਚਾਰ ਸੀਟਾਂ ਜਰੂਰ ਲੈਂਦੇ ਸਨ ਪਰ ਅੱਜ ਦੇ ਮੌਜੂਦਾ ਪ੍ਰਧਾਨ ਨੇ ਤੇ ਦਿੱਲੀ ਵਿਧਾਨ ਸਭਾ ਚੋਣਾਂ ਲਈ ਕੋਈ ਵੀ ਦਿਲਚਸਪੀ ਨਹੀਂ ਦਿਖਾਈ ਤਾਂ ਹੀ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਲੀਡਰ ਅਤੇ ਵਰਕਰ ਹਰ ਪਾਰਟੀ ਨੂੰ ਆਪਣੇ ਤੌਰ ਤੇ ਸਮਰਥਨ ਕਰ ਰਹੇ ਹਨ । ਵੱਡੇ ਦੁੱਖ ਦੀ ਗੱਲ ਹੈ ਕਿ ਦਿੱਲੀ ਦੇ ਸਿੱਖਾਂ ਦੀ ਸਮੱਸਿਆਵਾਂ ਵੱਲ ਕੋਈ ਵੀ ਸਿੱਖ ਲੀਡਰ ਗੰਭੀਰ ਨਹੀਂ ਹੈ ਸਾਰੇ ਆਪਣੇ ਮੁਫਾਦ ਲਈ ਅਤੇ ਕੁਰਸੀ ਲਈ ਕੰਮ ਕਰਨ ਵਿੱਚ ਰੁਝੇ ਹੋਏ ਹਨ।
ਇੱਕ ਗੱਲ ਹੋਰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਹੁਦੇਦਾਰ ਕਾਫੀ ਸਮੇਂ ਤੋਂ ਇੱਕ ਪਾਰਟੀ ਨੂੰ ਬੜੇ ਹੀ ਖੁੱਲੇ ਦਿਲ ਨਾਲ ਹਮਾਇਤ ਕਰ ਰਹੇ ਹਨ ਤੇ ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਉਸੀ ਪਾਰਟੀ ਨੇ ਉਹਨਾਂ ਨੂੰ ਕੁਝ ਨਹੀਂ ਦਿੱਤਾ ਕਿ ਇਹ ਦਿੱਲੀ ਦੇ ਸਿੱਖਾਂ ਨਾਲ ਉਹਨਾਂ ਵੱਲੋਂ ਕੀਤਾ ਗਿਆ ਧੋਖਾ ਨਹੀਂ ਤਾਂ ਹੋਰ ਕੀ ਹੈ.? ਦਿੱਲੀ ਕਮੇਟੀ ਦੇ ਪ੍ਰਧਾਨ ਇੱਕ ਐਸੀ ਸੰਸਥਾ ਦਾ ਮੁਖੀ ਹੈ ਜੋ ਦਿੱਲੀ ਦੇ ਸਿੱਖਾਂ ਦੀ ਅਗਵਾਈ ਕਰਦਾ ਹੈ । ਦਿੱਲੀ ਕਮੇਟੀ ਦੇ ਪ੍ਰਧਾਨ ਨੂੰ ਸਿਆਸੀ ਪਾਰਟੀਆਂ ਦੇ ਕੋਲ ਜਾਣ ਦੀ ਬਜਾਏ ਆਪਣਾ ਵਜੂਦ ਇਸ ਤਰ੍ਹਾਂ ਦਾ ਬਣਾਣਾ ਚਾਹੀਦਾ ਹੈ ਕਿ ਸਿਆਸੀ ਪਾਰਟੀਆਂ ਦਿੱਲੀ ਕਮੇਟੀ ਦੇ ਪ੍ਰਧਾਨ ਕੋਲ ਆਣ ਅਤੇ ਦਿੱਲੀ ਦੇ ਸਿੱਖਾਂ ਦੀ ਸਮੱਸਿਆਵਾਂ ਅਤੇ ਹੋਰ ਖੇਤਰ ਵਿੱਚ ਉਹਨਾਂ ਦਾ ਬਰਾਬਰ ਦਾ ਯੋਗਦਾਨ ਸਰਕਾਰ ਵਿੱਚ ਰੱਖਣ ਦੀ ਗੱਲ ਕਰਨ।
ਦਿੱਲੀ ਦੇ ਸਿੱਖ ਲੀਡਰਾਂ ਨੂੰ ਅਪੀਲ ਹੈ ਕਿ ਸਿੱਖਾਂ ਦੇ ਭਲੇ ਲਈ ਇਕਜੁੱਟ ਹੋ ਕੇ ਸਿੱਖ ਏਜੰਡੇ ਤੇ ਕਿਸੇ ਵੀ ਪਾਰਟੀ ਨੂੰ ਸਪੋਰਟ ਕਰੋ ਜੋ ਸਿੱਖਾਂ ਨੂੰ ਮਾਨ ਸਨਮਾਨ ਦਿਵਾ ਸਕਣ ਅਤੇ ਚੋਣਾਂ ਵਿੱਚ ਆਪਣੀਆਂ ਸ਼ਰਤਾਂ ਤੇ ਦੂਜੀਆਂ ਪਾਰਟੀਆਂ ਨੂੰ ਸਪੋਰਟ ਕਰਨ ਤਾਂ ਕਿ ਸਿੱਖਾਂ ਨੂੰ ਦਿੱਲੀ ਵਿੱਚ ਸਨਮਾਨਯੋਗ ਸਥਾਨ ਮਿਲ ਸਕੇ।
ਇੰਨ੍ਹਾ ਸ਼ਬਦਾਂ ਦਾ ਪ੍ਰਗਟਾਵਾ ਸਰਦਾਰ ਇੰਦਰਜੀਤ ਸਿੰਘ ਵਿਕਾਸਪੁਰੀ, ਪ੍ਰਧਾਨ ਸਿੱਖ ਮਿਸ਼ਨ ਫਾਊਂਡੇਸ਼ਨ ਨੇ ਮੀਡੀਆ ਨੂੰ ਜਾਰੀ ਕੀਤੇ ਇਕ ਬਿਆਨ ਰਾਹੀਂ ਕੀਤਾ ।