ਅੰਮ੍ਰਿਤਸਰ-¸ਖਾਲਸਾ ਕਾਲਜ ਫ਼ਾਰ ਵੂਮੈਨ ਦੇ ਰੋਟਰੈਕਟ ਕਲੱਬ ਦੇ ਸਹਿਯੋਗ ਨਾਲ ਸਟੂਡੈਂਟ ਐਡਵਾਈਜ਼ਰੀ ਕਮੇਟੀ ਵੱਲੋਂ ਬਸੰਤ ਰੁੱਤ ਦੇ ਸਬੰਧ ’ਚ ਇਕ ਜੀਵੰਤ ਅਤੇ ਖੁਸ਼ੀ ਭਰੇ ਜਸ਼ਨ ਦੀ ਮੇਜ਼ਬਾਨੀ ਕੀਤੀ। ਖ਼ਾਲਸਾ ਯੂਨੀਵਰਸਿਟੀ ਦੇ ਅਕਾਦਮਿਕ ਡੀਨ ਡਾ. ਸੁਰਿੰਦਰ ਕੌਰ ਦੇ ਸਹਿਯੋਗ ਨਾਲ ਉਲੀਕੇ ਗਏ ਇਸ ਸਮਾਗਮ ’ਚ ਕਾਲਜ ਸਟਾਫ ਅਤੇ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਭਾਗ ਲੈਂਦਿਆਂ ਬਸੰਤ ਦੀ ਜੀਵੰਤਤਾ ਦਾ ਪ੍ਰਤੀਕ ਰਵਾਇਤੀ ਪੀਲੇ ਰੰਗ ਦੇ ਪਹਿਰਾਵੇ ਪਹਿਨ ਕੇ ਖੁਸ਼ੀ ਸਾਂਝੀ ਕਰਦਿਆਂ ਪਤੰਗਬਾਜ਼ੀ ਦੇ ਦਿਲਚਸਪ ਮੁਕਾਬਲੇ ’ਚ ਵੱਧ ਚੜ੍ਹ ਕੇ ਹਿੱਸਾ ਲਿਆ।
ਉਕਤ ਪ੍ਰੋਗਰਾਮ ਮੌਕੇ ਮਿਸ ਬਸੰਤ ਮਾਡਲਿੰਗ ਮੁਕਾਬਲੇ ’ਚ ਵਿਦਿਆਰਥੀਆਂ ਨੇ ਬਹੁਤ ਉਤਸ਼ਾਹ ਦਿਖਾਇਆ, ਜਿਸ ’ਚ ਬੀ. ਐੱਸ. ਸੀ. (ਇਕਨਾਮਿਕਸ)-ਦੂਜਾ ਦੀ ਹਰਮਨਪ੍ਰੀਤ ਕੌਰ ਨੂੰ ‘ਮਿਸ ਬਸੰਤ’ ਦਾ ਤਾਜ ਪਹਿਨਾਇਆ ਗਿਆ। ਬੀ. ਕਾਮ.-ਚੌਥਾ ਦੀ ਮੀਨਾਕਸ਼ੀ ਰਾਣਾ ਨੂੰ ਪਹਿਲੀ ਉਪ ਜੇਤੂ ਚੁਣਿਆ ਗਿਆ।
ਇਸ ਮੌਕੇ ਡਾ. ਸੁਰਿੰਦਰ ਕੌਰ ਨੇ ਜੇਤੂਆਂ ਨੂੰ ਵਧਾਈ ਦਿੰਦਿਆਂ ਕਾਲਜ ਦੀ ਉਕਤ ਸਲਾਹਕਾਰ ਕਮੇਟੀ ਅਤੇ ਰੋਟਰੈਕਟ ਕਲੱਬ ਦੀ ਇਸ ਸ਼ਾਨਦਾਰ ਅਤੇ ਯਾਦਗਾਰੀ ਸਮਾਗਮ ਦੇ ਆਯੋਜਨ ਲਈ ਪ੍ਰਸ਼ੰਸਾ ਕੀਤੀ ਅਤੇ ਬਸੰਤ ਰੁੱਤ ਦੀ ਮਹੱਤਤਾ ਬਾਰੇ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਕਿਹਾ ਕਿ ਇਸ ਜੀਵੰਤ ਜਸ਼ਨ ਨੇ ਨਾ ਸਿਰਫ਼ ਬਸੰਤ ਦੇ ਆਗਮਨ ਨੂੰ ਦਰਸਾਇਆ, ਸਗੋਂ ਪੂਰੇ ਕਾਲਜ ਭਾਈਚਾਰੇ ਨੂੰ ਆਨੰਦ ਮਾਣਨ, ਮੁਕਾਬਲੇ ਅਤੇ ਦੋਸਤੀ ਦੀ ਭਾਵਨਾ ’ਚ ਇਕਜੁਟ ਕੀਤਾ ਹੈ। ਇਸ ਮੌਕੇ ਸਟਾਫ਼ ਮੈਂਬਰ ਨੇ ਵਿਦਿਆਰਥੀਆਂ ਨਾਲ ਤਿਉਹਾਰ ਦੀ ਖੁਸ਼ੀ ਸਾਂਝੀ ਕਰਦਿਆਂ ਟੰਗ ਟਵਿਸਟਰ ਅਤੇ ਡੰਬ ਚਾਰੇਡਸ ਵਰਗੀਆਂ ਖੇਡਾਂ ’ਚ ਹਿੱਸਾ ਲੈ ਕੇ ਮਾਹੌਲ ਨੂੰ ਹੋਰ ਵੀ ਚਾਰ-ਚੰਨ ਲਗਾ ਦਿੱਤਾ।
ਇਸ ਦੌਰਾਨ ਪਤੰਗ ਉਡਾਉਣ ਦਾ ਮੁਕਾਬਲਾ ਵਿਸ਼ੇਸ਼ ਖਿੱਚ ਦਾ ਕੇਂਦਰ ਰਿਹਾ, ਜਿਸ ’ਚ ਬੀ. ਐੱਸ. ਸੀ. (ਫੈਸ਼ਨ ਡਿਜ਼ਾਈਨਿੰਗ)-ਦੂਜਾ ਦੀ ਨਵਪ੍ਰੀਤ ਕੌਰ ਨੇ ਪਹਿਲਾ, ਬੀ. ਕਾਮ (ਵਿੱਤੀ ਸੇਵਾਵਾਂ)-ਚੌਥਾ ਦੀ ਬ੍ਰਹਮਜੀਤ ਕੌਰ ਨੇ ਦੂਜਾ, ਬੀ. ਕਾਮ (ਆਨਰਜ਼)-ਚੌਥਾ ਦੀ ਮੁਸਕਾਨ ਭੱਲਾ ਅਤੇ ਬੀ. ਵੋਕ.- ਦੂਜਾ ਦੀ ਜੈਸਮੀਨ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਜਦਕਿ ਪਤੰਗ ਬਣਾਉਣ ਦੇ ਮੁਕਾਬਲੇ ’ਚ ਰਚਨਾਤਮਕਤਾ ਵਧੀ ਕਿਉਂਕਿ ਬੀਏ-ਦੂਜਾ ਦੀ ਗੁਰਲੀਨ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ ਬੀ. ਏ.- ਚੌਥਾ ਦੀ ਹਰਮਨ ਅਤੇ ਬੀ. ਏ.-ਛੇਵਾਂ ਦੀ ਰਮਨ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਬੀ. ਏ.-ਛੇਵਾਂ ਦੀ ਆਰਤੀ ਅਤੇ ਬੀ. ਸੀ. ਏ.-ਦੂਜਾ ਦੀ ਨੰਦਨੀ ਭੱਲਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ।