ਨਵੀਂ ਦਿੱਲੀ -ਗੁਰਦੁਆਰਾ ਗੁਰੂ ਨਾਨਕ ਦਰਬਾਰ ਲਸਾਲ ਪਾਰਕ ਕੈਨੇਡਾ ਵੱਲੋਂ ਦਸਤਾਰ ਅਤੇ ਦੁਮਾਲਾ ਸਜਾਉਣ ਦੇ ਮੁਕਾਬਲੇ ਕਰਵਾਏ ਗਏ। ਇਹ ਪ੍ਰੋਗਰਾਮ ਵਿਸ਼ੇਸ਼ ਤੌਰ ਤੇ ਹੋਲਾ ਮਹੱਲਾ, ਵਿਸਾਖੀ ਪੁਰਬ ਦੇ ਨਾਲ ਸ਼ਹੀਦ ਸਿੰਘਾਂ ਅਤੇ ਭਾਈ ਹਰਦੀਪ ਸਿੰਘ ਨਿਝਰ ਦੀ ਯਾਦ ਨੂੰ ਸਮਰਪਿਤ ਸੀ। ਇਸ ਮੌਕੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਗੁਰਦੁਆਰਾ ਸਾਹਿਬ ਦੇ ਜਨਰਲ ਸਕੱਤਰ ਭਾਈ ਜਸਵਿੰਦਰ ਸਿੰਘ ਨੇ ਸਭ ਨੂੰ ਜੀ ਆਇਆ ਕਿਹਾ । ਇਸ ਪ੍ਰੋਗਰਾਮ ਬਾਰੇ ਦਸਦਿਆਂ ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਫ਼ਲਸਫ਼ੇ "ਵਿਦਿਆ ਵੀਚਾਰੀ ਤਾਂ ਪਰਉਪਕਾਰੀ" ਉਪਰ ਚਲਦਿਆਂ ਸਾਡਾ ਉਦੇਸ਼ ਸਿੱਖ ਰਵਾਇਤਾਂ ਅਤੇ ਗੁਰਬਾਣੀ ਵਿੱਦਿਆ ਦੀ ਲੋਅ ਨੂੰ ਹਰ ਘਰ, ਹਰ ਬੱਚੀ ਤਕ ਪਹੁੰਚਾਉਣਾ ਹੈ ਜਿਸ ਨਾਲ ਸਵੈ-ਪਹਿਚਾਣ ਦੀ ਚਿਣਗ ਬਾਲ ਕੇ ਲਗਨ ਅਤੇ ਸਿਰੜ ਨਾਲ ਜ਼ਿੰਦਗੀ ਦੇ ਉੱਚ ਨਿਸ਼ਾਨੇ ਦੀ ਪ੍ਰਾਪਤੀ ਲਈ ਆਪਣੀ ਇੱਛਾ ਸ਼ਕਤੀ ਜਗਾਉਣ ਅਤੇ ਆਤਮ-ਨਿਰਭਰ ਬਣਕੇ ਆਪਣੀ ਸਮਾਜਿਕ ਹੋਂਦ ਨੂੰ ਸਥਾਪਿਤ ਕਰਨ। ਉਨ੍ਹਾਂ ਦਸਿਆ ਕਿ ਧਾਰਮਿਕ ਪ੍ਰਚਾਰ ਦੀ ਕੜੀ ਅੰਦਰ ਗੁਰਦੁਆਰਾ ਸਾਹਿਬ ਵਿਖ਼ੇ ਸਿੱਖ ਬੱਚਿਆਂ ਨੂੰ ਸਿੱਖੀ ਪਹਿਰਾਵੇ ਨਾਲ ਜੋੜਨ ਲਈ ਅਸੀਂ ਸੰਗਤ ਅਤੇ ਸਹਿਯੋਗੀ ਵੀਰਾਂ ਦੇ ਉਪਰਾਲੇ ਨਾਲ ਗੁਰਦੁਆਰਾ ਸਾਹਿਬ ਵਿਖ਼ੇ ਦਸਤਾਰ ਅਤੇ ਦੁਮਾਲੇ ਸਜਾਉਣ ਲਈ ਹਰ ਸ਼ੁਕਰਵਾਰ ਅਤੇ ਸ਼ਨੀਵਾਰ ਨੂੰ ਵਿਸ਼ੇਸ਼ ਕੈਪ ਲਗਾਇਆ ਕਰਾਂਗੇ ਜਿਸ ਨਾਲ ਓਹ ਸਿੱਖੀ ਪਹਿਰਾਵਾ ਅਤੇ ਸਿੱਖਾਂ ਦੀ ਸ਼ਾਨ ਦਸਤਾਰ/ਦੁਮਾਲਾ ਸਜਾਉਣਾ ਸਿੱਖ ਸਕਣ । ਉਨ੍ਹਾਂ ਦਸਿਆ ਕਿ ਗੁਰਦੁਆਰਾ ਸਾਹਿਬ ਵਿਖ਼ੇ ਪੰਜਾਬੀ ਅਤੇ ਗੁਰਮਤਿ ਸਿਖਾਉਣ ਦੀਆਂ ਕਲਾਸਾਂ ਚਲ ਰਹੀਆਂ ਹਨ ਤੇ ਸੰਗਤਾਂ ਇਸ ਦਾ ਭਰਪੂਰ ਸਾਥ ਦੇ ਰਹੀਆਂ ਹਨ। ਉਨ੍ਹਾਂ ਦਸਿਆ ਕਿ ਗੁਰਦੁਆਰਾ ਸਾਹਿਬ ਵਿਖ਼ੇ ਸੰਗਤਾਂ ਨੂੰ ਸ਼ਸ਼ਤਰ ਵਿਦਿਆ ਨਾਲ ਜੋੜਨ ਲਈ ਗੱਤਕਾ ਕਲਾਸਾਂ ਵੀ ਚਲ ਰਹੀਆਂ ਹਨ ਤੇ ਵਡੀ ਗਿਣਤੀ ਅੰਦਰ ਸੰਗਤਾਂ ਗੱਤਕੇ ਦੀਆਂ ਸਿਖਲਾਈ ਲੈ ਰਹੀਆਂ ਹਨ । ਭਾਈ ਜਸਵਿੰਦਰ ਸਿੰਘ ਨੇ ਇੰਨ੍ਹਾ ਸਮੂਹ ਪ੍ਰੋਗਰਾਮਾਂ ਵਿਚ ਸਹਿਯੋਗ ਦੇਣ ਵਾਲੇ ਵੀਰਾਂ ਸੱਜਣਾ ਦਾ ਉਚੇਚੇ ਤੌਰ ਤੇ ਧੰਨਵਾਦ ਕਰਦਿਆਂ ਅੱਗੇ ਵੀ ਇਸੇ ਤਰ੍ਹਾਂ ਉਨ੍ਹਾਂ ਵਲੋਂ ਸਹਿਯੋਗ ਮਿਲਦੇ ਰਹਿਣ ਦਾ ਭਰੋਸਾ ਜਤਾਇਆ ਸੀ ।