ਨਵੀਂ ਦਿੱਲੀ -ਲੈਸਟਰ ਵਾਸੀ ਉੱਘੇ ਚਿਤਰਕਾਰ ਸ: ਸਰੂਪ ਸਿੰਘ ਬੀਤੇ ਦਿਨੀਂ ਸਦੀਵੀ ਵਿਛੋੜਾ ਦੇ ਗਏ ਹਨ। ਸ: ਸਰੂਪ ਸਿੰਘ ਪਿਛਲੇ ਕੁੱਝ ਸਮੇਂ ਤੋਂ ਬਿਮਾਰ ਚੱਲ ਰਹੇ ਸਨ । ਉਹਨਾਂ ਨੇ ਆਪਣੇ ਜੀਵਨ ਵਿੱਚ ਗੁਰ ਇਤਿਹਾਸ ਅਤੇ ਸਿੱਖ ਇਤਿਹਾਸ ਨਾਲ ਸੰਬੰਧਿਤ ਬਹੁਤ ਸਾਰੀ ਚਿੱਤਰਕਾਰੀ ਕੀਤੀ। 1940 ਵਿੱਚ ਪੰਜਾਬ ਵਿੱਚ ਜਨਮੇ ਸ: ਸਰੂਪ ਸਿੰਘ ਸਮੁੰਦਰੀ ਰਸਤੇ ਰਾਹੀਂ 19 ਸਾਲ ਦੀ ਉਮਰ ਵਿੱਚ ਇੰਗਲੈਂਡ ਆਏ ਸਨ ਤੇ ਆਪਣੀ ਜ਼ਿੰਦਗੀ ਦਾ ਲੰਮਾ ਸਮਾਂ ਉਹ ਇਥੇ ਰਹੇ ਤੇ ਸਾਰੀ ਜ਼ਿੰਦਗੀ ਚਿੱਤਰਕਾਰੀ ‘ਤੇ ਲਾ ਦਿੱਤੀ। ਉਹਨਾਂ ਨੇ ਕੁੱਝ ਸਾਲ ਪਹਿਲਾਂ ਆਪਣੀ ਜ਼ਿੰਦਗੀ ਭਰ ਦੀ ਇਹ ਕਮਾਈ ਵੱਡ ਅਕਾਰੀ ਚਿੱਤਰ ਜਿਹਨਾਂ ਵਿੱਚ ਗੁਰੂ ਸਾਹਿਬਾਨ ਅਤੇ ਸਿੱਖ ਇਤਿਹਾਸ ਦੀਆਂ ਅਹਿਮ ਸ਼ਖਸੀਅਤਾਂ ਦੇ ਚਿੱਤਰ ਸਿੱਖ ਅਜਾਇਬਘਰ ਡਰਬੀ ਨੂੰ ਕਾਨੂੰਨੀ ਕਾਰਵਾਈ ਕਰਕੇ ਸਿਰਫ਼ 1 ਪੌਂਡ ਵਿੱਚ ਭੇਂਟ ਕਰ ਦਿੱਤੇ ਸਨ, ਜੋ ਅਜਾਇਬਘਰ ਦੀ ਆਰਟ ਗੈਲਰੀ ਵਿੱਚ ਸੁਸ਼ੋਭਿਤ ਹਨ । ਤਸਵੀਰਾਂ ਰਾਹੀਂ ਇਤਿਹਾਸ ਦਾ ਚਿੱਤਰਣ ਬਹੁਤ ਹੀ ਵਧੀਆ ਤੇ ਆਹਲਾ ਦਰਜੇ ਦਾ ਕੀਤਾ ਗਿਆ ਹੈ। ਇਸ ਅਜਾਇਬਘਰ ਵਿੱਚ ਸ: ਸਰੂਪ ਸਿੰਘ ਉਹਨਾਂ ਦੀ ਧਰਮ ਪਤਨੀ ਦੀ ਤਸਵੀਰ ਵੀ ਲਗਾਈ ਗਈ ਹੈ। ਪੰਜਾਬੀ ਸਾਹਿਤ ਕਲਾ ਕੇਂਦਰ ਯੂ ਕੇ ਦੀ ਪ੍ਰਧਾਨ ਬੀਬੀ ਕੁਲਵੰਤ ਕੌਰ ਨੇ ਬੜੇ ਭਰੇ ਮਨ ਨਾਲ ਦੱਸਿਆ ਕਿ ਸ: ਸਰੂਪ ਸਿੰਘ ਨੇ ਜਿੱਥੇ ਗੁਰੂ ਸਾਹਿਬਾਨ ਦੇ ਚਿੱਤਰ ਬਣਾਏ ਉਥੇ ਉਹਨਾਂ ਨੇ ਵਿਸ਼ਵ ਦੀਆਂ ਪ੍ਰਮੁੱਖ ਸ਼ਖਸੀਅਤਾਂ ਦੇ ਚਿੱਤਰ ਵੀ ਬਣਾਏ ਸਨ। ਯੂ ਕੇ ਦੇ ਲੇਖਕ ਸੰਤੋਖ ਸਿੰਘ ਭੁੱਲਰ ਨੇ ‘ਰੰਗਾਂ ਦਾ ਯਾਦੂਗਰ’ ਕਿਤਾਬ ਲਿਖ ਕੇ ਸ: ਸਰੂਪ ਸਿੰਘ ਦੀ ਇਸ ਕਲਾ ਅਤੇ ਉਹਨਾਂ ਦੇ ਜ਼ਿੰਦਗੀ ਭਰ ਦੇ ਕੰਮ ਨੂੰ ਸੰਭਾਲਣ ਦਾ ਯਤਨ ਕੀਤਾ ਸੀ। ਯਾਦ ਰਹੇ ਉਹਨਾਂ ਦੇ ਕਲਾਕਾਰੀ ਦੇ ਕੰਮ ਨੂੰ ਵੇਖਦਿਆਂ ਇੰਗਲੈਂਡ ਦੀ ਮਹਾਰਾਣੀ ਐਲਿਜ਼ਾਬੈਥ ਨੇ ਉਹਨਾਂ ਨੂੰ ਐਮ ਬੀ ਈ ਦਾ ਖਿਤਾਬ ਦੇ ਕੇ ਨਿਵਾਜਿਆ ਸੀ। ਗੁਰਦੁਆਰਾ ਸਿੰਘ ਸਭਾ ਡਰਬੀ ਦੇ ਪ੍ਰਧਾਨ ਸ: ਰਘਬੀਰ ਸਿੰਘ, ਸਿੱਖ ਅਜਾਇਬਘਰ ਡਰਬੀ ਦੇ ਚੇਅਰਮੈਨ ਸ: ਰਾਜਿੰਦਰ ਸਿੰਘ ਪੁਰੇਵਾਲ ਅਤੇ ਅਜਾਇਬਘਰ ਦੀ ਸਾਰੀ ਟੀਮ ਵੱਲੋਂ ਸ: ਸਰੂਪ ਸਿੰਘ ਦੀ ਅਕਾਲ ਚਲਾਣੇ ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਅਤੇ ਪਰਿਵਾਰ ਨਾਲ ਹਮਦਰਦੀ ਜ਼ਾਹਿਰ ਕੀਤੀ ਹੈ। ਸ: ਰਾਜਿੰਦਰ ਸਿੰਘ ਪੁਰੇਵਾਲ ਨੇ ਦੱਸਿਆ ਕਿ ਉਹਨਾਂ ਦੀ ਯਾਦ ਵਿੱਚ ਸ੍ਰੀ ਗੁਰੂ ਸਿੰਘ ਸਭਾ ਡਰਬੀ ਵਿਖੇ ਸ਼ਰਧਾਂਜ਼ਲੀ ਸਮਾਗਮ ਆਉਂਦੇ ਦਿਨਾਂ ਵਿੱਚ ਆਯੋਜਿਤ ਕੀਤਾ ਜਾਵੇਗਾ, ਜਿਸ ਦੌਰਾਨ ਉਹਨਾਂ ਦੀਆਂ ਪੰਥ ਪ੍ਰਤੀ ਸੇਵਾਵਾਂ ਵਾਸਤੇ ਸ਼ਰਧਾ ਦੇ ਫੁੱਲ ਭੇਂਟ ਕੀਤੇ ਜਾਣਗੇ।