ਅੰਮ੍ਰਿਤਸਰ- ਦੇਸ਼ ਰੱਖਯਕ, ਮਹਾਨ ਯੋਧੇ ਅਤੇ ਸਰਬੰਸਦਾਨੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵੱਲੋਂ ਸਿੱਖ ਪੰਥ ਦੀ ਚੜ੍ਹਦੀ ਕਲਾ ਦਾ ਪ੍ਰਤੀਕ ਹੋਲਾ-ਮਹੱਲਾ ਦਿਵਸ ਇਸ ਵਾਰ ਮਿਤੀ 15 ਮਾਰਚ 2025 ਨੂੰ ਸਮੁੱਚੇ ਸਿੱਖ ਪੰਥ ਅਤੇ ਦੇਸ਼ ਵਾਸੀਆਂ ਵੱਲੋਂ ਬੜੀ ਧੂਮਧਾਮ ਅਤੇ ਸ਼ਰਧਾ ਪੂਰਵਕ ਮਨਾਇਆ ਜਾ ਰਿਹਾ ਹੈ। ਹੋਲੇ ਮਹੱਲੇ ਦਾ ਤਿਉਹਾਰ ਗੁਰਦੁਆਰਾ ਮੱਲ ਅਖਾੜਾ ਸਾਹਿਬ ਪਾ: ਛੇਵੀਂ ਅਤੇ ਗੁ: ਬੁਰਜ ਅਕਾਲੀ ਬਾਬਾ ਫੂਲਾ ਸਿੰਘ ਵਿਖੇ ਪੂਰਨ ਖਾਲਸਾਈ ਜਾਹੋ ਜਲਾਲ ਨਾਲ ਮਨਾਉਣ ਲਈ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ।

ਬੁੱਢਾ ਦਲ ਦੇ ਸਕੱਤਰ ਬਾਬਾ ਦਿਲਜੀਤ ਸਿੰਘ ਬੇਦੀ ਨੇ ਦੱਸਿਆ ਕਿ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਤੋਂ ਮਨਾਇਆ ਜਾਂਦਾ ਹੋਲਾਮਹੱਲਾ ਇਸ ਵਾਰ ਵੀ ਪੂਰੀ ਸਿੱਖੀ ਸ਼ਾਨੋਸ਼ੋਕਤ ਨਾਲ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਵੱਲੋਂ ਗੁਰਮਤੇ ਅਨੁਸਾਰ ਮਨਾਇਆ ਜਾਵੇਗਾ। ਉਨ੍ਹਾਂ ਕਿਹਾ ਅੰਮ੍ਰਿਤਸਰ ਦੀਆਂ ਸਥਾਨਕ ਸੰਗਤਾਂ ਗੁਰਦੁਆਰਾ ਬੁਰਜ ਅਕਾਲੀ ਬਾਬਾ ਫੂਲਾ ਸਿੰਘ ਜੀ ਵਿਖੇ ਪੂਰੀ ਸ਼ਰਧਾ ਭਾਵਨਾ ਨਾਲ ਹੋਲਾ ਮਹੱਲਾ ਮਨਾਉਂਦੀਆਂ ਹਨ। ਉਨ੍ਹਾਂ ਕਿਹਾ ਅੰਮ੍ਰਿਤਸਰ ਸੁਖਮਨੀ ਸਾਹਿਬ ਦੀਆਂ ਸੇਵਾ ਸੁਸਾਇਟੀਆਂ ਦੇ ਸ਼ਬਦੀ ਜਥਿਆਂ ਤੋਂ ਇਲਾਵਾਂ, ਗੁਰਮਤਿ ਦੀਵਾਨ ਵਿੱਚ ਵਿਦਿਵਾਨ, ਕਥਾ ਵਿਖਿਆਨ ਅਤੇ ਗੁਰਬਾਣੀ ਕੀਰਤਨੀਏ ਜਥੇ, ਕਵੀਸ਼ਰ, ਢਾਡੀ ਜਥੇ ਗੁਰਇਤਿਹਾਸ ਅਤੇ ਗੁਰੂਸ਼ਬਦ ਨਾਲ ਸੰਗਤਾਂ ਨੂੰ ਜੋੜਨਗੇ। ਸ੍ਰੀ ਗੁਰੂ ਸਿੰਘ ਸਭਾ ਰਜਿਸਟਰਡ ਸ੍ਰੀ ਅੰਮ੍ਰਿਤਸਰ ਵੱਲੋਂ ਇਸ ਸਮੇਂ ਕੱਢੇ ਜਾਂਦੇ ਨਗਰ ਕੀਰਤਨ ਵੀ ਬੁਰਜ ਅਕਾਲੀ ਬਾਬਾ ਫੂਲਾ ਸਿੰਘ ਵਿਖੇ ਪੁਜੇਗਾ।