ਅੰਮ੍ਰਿਤਸਰ-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਸ੍ਰੀ ਗੁਰੂ ਰਾਮਦਾਸ ਨਿਵਾਸ ਵਿਖੇ ਇੱਕ ਵਿਅਕਤੀ ਵੱਲੋਂ ਸੰਗਤ ਅਤੇ ਸੇਵਾਦਾਰਾਂ ਉੱਤੇ ਲੋਹੇ ਦੇ ਸਰੀਏ ਨਾਲ ਹਮਲਾ ਕਰਨ ਦੀ ਘਟਨਾ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕਰਦਿਆਂ ਇਸ ਮਾਮਲੇ ਵਿੱਚ ਪੁਲਿਸ ਪ੍ਰਸ਼ਾਸਨ ਤੋਂ ਦੋਸ਼ੀਆਂ ਖਿਲਾਫ ਕਰੜੀ ਕਾਰਵਾਈ ਕਰਨ ਦੀ ਮੰਗ ਕੀਤੀ ਹੈ।
ਸ਼੍ਰੋਮਣੀ ਕਮੇਟੀ ਦੇ ਸਕੱਤਰ ਸ. ਪ੍ਰਤਾਪ ਸਿੰਘ ਨੇ ਕਿਹਾ ਕਿ ਇਹ ਘਟਨਾ ਕਿਸੇ ਗਹਿਰੀ ਸਾਜ਼ਸ਼ ਦਾ ਹਿੱਸਾ ਜਾਪਦੀ ਹੈ, ਲਿਹਾਜ਼ਾ ਪੁਲਿਸ ਇਸ ਦੀ ਤੈਅ ਤੱਕ ਜਾਣ ਲਈ ਸੰਜੀਦਾ ਜਾਂਚ ਕਰਕੇ ਦੋਸ਼ੀਆਂ ਦੀ ਪਛਾਣ ਨਸ਼ਰ ਕਰੇ। ਉਨ੍ਹਾਂ ਘਟਨਾ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੱਜ ਜਦੋਂ ਸੰਸਾਰ ਭਰ ਤੋਂ ਸਿੱਖ ਸੰਗਤਾਂ ਨਵੇਂ ਨਾਨਕਸ਼ਾਹੀ ਵਰ੍ਹੇ ਨੂੰ ਮਨਾਉਣ ਲਈ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਣ ਆਈਆਂ ਹੋਈਆਂ ਹਨ ਤਾਂ ਦੁਪਹਿਰ ਕਰੀਬ 12 ਵਜੇ ਇੱਕ ਹਮਲਾਵਰ ਵੱਲੋਂ ਸ੍ਰੀ ਗੁਰੂ ਰਾਮਦਾਸ ਨਿਵਾਸ ਵਿੱਚ ਦਾਖਲ ਹੋ ਕੇ ਅਚਾਨਕ ਲੋਹੇ ਦੇ ਇੱਕ ਸਰੀਏ ਨਾਲ ਸਿੱਖ ਸੰਗਤਾਂ ਅਤੇ ਸ੍ਰੀ ਦਰਬਾਰ ਸਾਹਿਬ ਦੇ ਸੇਵਾਦਾਰਾਂ ਉੱਤੇ ਹਮਲਾ ਕਰ ਦਿੱਤਾ। ਇਸ ਹਮਲੇ ਵਿੱਚ ਮੁਹਾਲੀ, ਬਠਿੰਡਾ ਅਤੇ ਪਟਿਆਲਾ ਦੇ ਤਿੰਨ ਸ਼ਰਧਾਲੂ ਅਤੇ ਸ੍ਰੀ ਦਰਬਾਰ ਸਾਹਿਬ ਦੇ ਦੋ ਸੇਵਾਦਾਰ ਜਖਮੀ ਹੋਏ ਹਨ, ਜਿਨ੍ਹਾਂ ਵਿੱਚੋਂ ਇੱਕ ਸੇਵਾਦਾਰ ਅਤੇ ਬਠਿੰਡਾ ਵਾਸੀ ਇੱਕ ਸ਼ਰਧਾਲੂ ਜਿਨ੍ਹਾਂ ਦੇ ਸਿਰ ਵਿੱਚ ਗਹਿਰੀ ਸੱਟ ਹੈ ਉਨ੍ਹਾਂ ਦੀ ਹਾਲਤ ਨਾਜ਼ੁਕ ਹੈ। ਜਖਮੀਆਂ ਨੂੰ ਤੁਰੰਤ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਵਾਲੇ ਸ੍ਰੀ ਗੁਰੂ ਰਾਮਦਾਸ ਹਸਪਤਾਲ ਵੱਲ੍ਹਾ ਵਿਖੇ ਦਾਖਲ ਕਰਵਾਇਆ ਗਿਆ ਹੈ ਅਤੇ ਉਨ੍ਹਾਂ ਦੇ ਇਲਾਜ ਦਾ ਸਮੁੱਚਾ ਪ੍ਰਬੰਧ ਸੰਸਥਾ ਵੱਲੋਂ ਕੀਤਾ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਸ੍ਰੀ ਦਰਬਾਰ ਸਾਹਿਬ ਸਮੂਹ ਵਿਖੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਰਿਕਾਡਿੰਗ ਦੇ ਅਧਾਰ ’ਤੇ ਹਮਲਾਵਰ ਤੇ ਉਸਦਾ ਇੱਕ ਹੋਰ ਸਾਥੀ ਪੁਲਿਸ ਦੇ ਹਵਾਲੇ ਕਰ ਦਿੱਤੇ ਗਏ ਹਨ ਅਤੇ ਹੁਣ ਪੁਲਿਸ ਪ੍ਰਸ਼ਾਸਨ ਦੀ ਜਿੰਮੇਵਾਰੀ ਬਣਦੀ ਹੈ ਕਿ ਉਹ ਇਸ ਦੀ ਪੜਤਾਲ ਕਰਕੇ ਦੋਸ਼ੀਆਂ ਦੀ ਪਛਾਣ ਅਤੇ ਇਸ ਪਿੱਛੇ ਕੰਮ ਕਰਦੀਆਂ ਤਾਕਤਾਂ ਵੀ ਨਸ਼ਰ ਕਰੇ। ਉਨ੍ਹਾਂ ਕਿਹਾ ਕਿ ਇਹ ਬਹੁਤ ਹੀ ਮੰਦਭਾਗੀ ਗੱਲ ਹੈ ਕਿ ਮਾਨਵਤਾ ਦੇ ਸਾਂਝੇ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਗਹਿਰੀ ਸਾਜ਼ਸ਼ ਤਹਿਤ ਅਜਿਹੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਜਾਪਦਾ ਹੈ ਕਿ ਅਜਿਹੀਆਂ ਘਟਨਾਵਾਂ ਰਾਹੀਂ ਵਿਸ਼ਵ ਦੇ ਸ਼ਰਧਾਲੂਆਂ ਅੰਦਰ ਸਿੱਖਾਂ ਦੇ ਇਸ ਪਾਵਨ ਅਸਥਾਨ ਪ੍ਰਤੀ ਡਰ ਦਾ ਮਾਹੌਲ ਪੈਦਾ ਕੀਤਾ ਜਾ ਰਿਹਾ ਹੋਵੇ। ਉਨ੍ਹਾਂ ਇੱਕ ਵਾਰ ਫਿਰ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਫੜੇ ਗਏ ਵਿਅਕਤੀਆਂ ਵਿਰੁੱਧ ਕਾਰਵਾਈ ਵਿੱਚ ਕਿਸੇ ਕਿਸਮ ਦੀ ਢਿੱਲ ਨਾ ਵਰਤੀ ਜਾਵੇ।