ਨਵੀਂ ਦਿੱਲੀ- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਦੇ ਸਤਿਕਾਰਯੋਗ ਪਿਤਾ ਸਰਦਾਰ ਦਲਜੀਤ ਸਿੰਘ ਕਾਲੜਾ ਨਮਿਤ ਅੰਤਿਮ ਅਰਦਾਸ ਤੇ ਸ਼ਰਧਾਂਜਲੀ ਸਮਾਗਮ ਭਾਈ ਲੱਖੀ ਸ਼ਾਹ ਵਣਜਾਰਾ ਹਾਲ ਗੁਰਦੁਆਰਾ ਰਕਾਬਗੰਜ ਸਾਹਿਬ ਕੰਪਲੈਕਸ ਨਵੀਂ ਦਿੱਲੀ ਵਿਖੇ ਆਯੋਜਿਤ ਕੀਤਾ ਗਿਆ ਜਿਸ ਵਿਚ ਦਿੱਲੀ ਦੇ ਮੁੱਖ ਮੰਤਰੀ ਰੇਖਾ ਗੁਪਤਾ, ਮੰਤਰੀ ਮਨਜਿੰਦਰ ਸਿੰਘ ਸਿਰਸਾ, ਐਮ ਪੀ ਬੰਸੁਰੀ ਸਵਰਾਜ, ਕਮਲਜੀਤ ਸਹਿਰਾਵਤ ਤੇ ਸੰਤਾਂ ਮਹਾਂਪੁਰਖਾਂ ਸਮੇਤ ਹਜ਼ਾਰਾਂ ਦੀ ਗਿਣਤੀ ਵਿਚ ਸ਼ਖਸੀਅਤਾਂ ਨੇ ਪਹੁੰਚ ਕੇ ਸ਼ਰਧਾ ਦੇ ਫੁੱਲ ਭੇਂਟ ਕੀਤੇ। ਸਰਦਾਰ ਦਲਜੀਤ ਸਿੰਘ ਕਾਲੜਾ ਨੂੰ ਸ਼ਰਧਾਂਜਲੀ ਭੇਂਟ ਕਰਦਿਆਂ ਮੁੱਖ ਮੰਤਰੀ ਸ੍ਰੀਮਤੀ ਰੇਖਾ ਗੁਪਤਾ ਨੇ ਕਿਹਾ ਕਿ ਉਹਨਾਂ ਨੇ ਹਮੇਸ਼ਾ ਹੀ ਸਰਦਾਰ ਹਰਮੀਤ ਸਿੰਘ ਕਾਲਕਾ ਜੀ ਨੂੰ ਸਮਾਜ ਵਾਸਤੇ ਕੰਮ ਕਰਦਿਆਂ ਵੇਖਿਆ ਹੈ। ਕਦੇ ਵੀ ਕਿਸੇ ਦੇ ਸੁੱਖ ਦੁੱਖ ਦਾ ਮੌਕਾ ਹੋਵੇ ਜਾਂ ਸਮਾਜ ’ਤੇ ਕੋਈ ਮੁਸ਼ਕਿਲ ਆਈ ਹੋਵੇ, ਉਹਨਾਂ ਕਦੇ ਪਿੱਛੇ ਮੁੜ ਕੇ ਨਹੀਂ ਵੇਖਿਆ। ਉਹਨਾਂ ਨੇ ਹਮੇਸ਼ਾ ਭਰਾਵਾਂ ਦਾ ਸਾਥ ਦਿੱਤਾ। ਉਹਨਾਂ ਕਿਹਾ ਕਿ ਇਹ ਪਿਤਾ ਦਾ ਹੀ ਮਾਰਗ ਦਰਸ਼ਨ ਹੈ ਕਿ ਉਹਨਾਂ ਨੇ ਸਮਾਜ ਵਿਚ ਇੰਨਾ ਨਾਮ ਕਮਾਇਆ ਹੈ ਕਿ ਉਹਨਾਂ ਦੇ ਭੋਗ ’ਤੇ ਪ੍ਰਧਾਨ ਮੰਤਰੀ ਸਮੇਤ ਸਮਾਜ ਦੇ ਵੱਖ-ਵੱਖ ਵਰਗਾਂ ਦੇ ਲੋਕਾਂ ਨੇ ਪਹੁੰਚ ਕੇ ਦੁੱਖ ਸਾਂਝਾ ਕੀਤਾ ਹੈ।
ਉਹਨਾਂ ਕਿਹਾ ਕਿ ਉਹ ਗੁਰੂ ਸਾਹਿਬ ਅੱਗੇ ਅਰਦਾਸ ਕਰਦੇ ਹਨ ਕਿ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿਚ ਨਿਵਾਸ ਬਖਸ਼ਿਸ਼ ਕਰਨ ਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਿਸ਼ ਕਰਨ।
ਸਮਾਗਮ ਵਿਚ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਅਤੇ ਭਾਜਪਾ ਦੇ ਕੌਮੀ ਪ੍ਰਧਾਨ ਸ੍ਰੀ ਜੇ ਪੀ ਨੱਢਾ ਨੇ ਵੀ ਸ਼ੋਕ ਸੰਦੇਸ਼ ਭੇਜੇ ਜਿਸਨੂੰ ਮੰਤਰੀ ਸਰਦਾਰ ਮਨਜਿੰਦਰ ਸਿੰਘ ਸਿਰਸਾ ਨੇ ਪੜ੍ਹ ਕੇ ਸੁਣਾਇਆ। ਉਹਨਾਂ ਕਿਹਾ ਕਿ ਸਰਦਾਰ ਹਰਮੀਤ ਸਿੰਘ ਕਾਲਕਾ ਵੱਲੋਂ ਆਪਣੇ ਪਿਤਾ ਸਰਦਾਰ ਦਲਜੀਤ ਸਿੰਘ ਕਾਲੜਾ ਦੇ ਵਿਖਾਏ ਮਾਰਗ ’ਤੇ ਚਲਦਿਆਂ ਸਮਾਜ ਦੀ ਕੀਤੀ ਜਾ ਰਹੀ ਸੇਵਾ ਦਾ ਹੀ ਪ੍ਰਤਾਪ ਹੈ ਕਿ ਅੱਜ ਦੇਸ਼ ਦੇ ਪ੍ਰਧਾਨ ਮੰਤਰੀ ਸਮੇਤ ਦਿੱਲੀ ਦੇ ਮੁੱਖ ਮੰਤਰੀ ਤੇ ਸਮਾਜ ਦੀਆਂ ਵੱਖ-ਵੱਖ ਸ਼ਖਸੀਅਤਾਂ ਹਜ਼ਾਰਾਂ ਦੀ ਗਿਣਤੀ ਵਿਚ ਸਰਦਾਰ ਕਾਲੜਾ ਦੇ ਸ਼ਰਧਾਂਜਲੀ ਸਮਾਗਮ ਵਿਚ ਸ਼ਾਮਲ ਹੋਈਆਂ ਹਨ। ਉਹਨਾਂ ਦੱਸਿਆ ਕਿ ਸਰਦਾਰ ਦਲਜੀਤ ਸਿੰਘ ਕਾਲੜਾ ਦੇ ਪਿਤਾ ਸਰਦਾਰ ਜਸਵੰਤ ਸਿੰਘ ਕਾਲਕਾ ਦੇ ਸਮੇਂ ਤੋਂ 1982 ਤੋਂ ਪਰਿਵਾਰ ਦਿੱਲੀ ਗੁਰਦੁਆਰਾ ਕਮੇਟੀ ਰਾਹੀਂ ਸੰਗਤਾਂ ਅਤੇ ਕੌਮ ਦੀ ਸੇਵਾ ਕਰਦਾ ਆ ਰਿਹਾ ਹੈ ਤੇ ਇਹ ਸੇਵਾ 2025 ਵਿਚ ਵੀ ਜਾਰੀ ਹੈ।। ਉਹਨਾਂ ਕਿਹਾ ਕਿ ਜਿੰਨੇ ਵੀ ਪੰਥਕ ਮੋਰਚੇ ਲੱਗੇ, ਉਹਨਾਂ ਸਭ ਵਿਚ ਪਰਿਵਾਰ ਨੇ ਅੱਗੇ ਹੋ ਕੇ ਕੌਮ ਦੀ ਸੇਵਾ ਨਿਭਾਈ। ਉਹਨਾਂ ਕਿਹਾ ਕਿ ਇਸੇ ਤਰੀਕੇ ਸਰਦਾਰ ਹਰਮੀਤ ਸਿੰਘ ਕਾਲਕਾ ਆਪਣੇ ਪਿਤਾ ਤੇ ਦਾਦਾ ਦੇ ਪੂਰਨਿਆਂ ’ਤੇ ਚਲਦਿਆਂ ਕੌਮ ਦੀ ਸੇਵਾ ਕਰ ਰਹੇ ਹਨ। ਉਹਨਾਂ ਕਿਹਾ ਕਿ ਸਰਦਾਰ ਹਰਮੀਤ ਸਿੰਘ ਕਾਲਕਾ ਤੇ ਉਹਨਾਂ ਦੇ ਸਮੁੱਚੇ ਪਰਿਵਾਰ ਦੀ ਸਮਾਜ ਨੂੰ ਬਹੁਤ ਵੱਡੀ ਦੇਣ ਹੈ ਜਿਸਨੂੰ ਸ਼ਬਦਾਂ ਵਿਚ ਬਿਆਨ ਨਹੀਂ ਕੀਤਾ ਜਾ ਸਕਦਾ। ਇਸ ਮੌਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਸ਼ੋਕ ਸੰਦੇਸ਼ ਭੇਜਿਆ। ਸਮਾਗਮ ਵਿਚ ਰਾਧਾ ਸੁਆਮੀ ਸਤਿਸੰਗ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ, ਦਿੱਲੀ ਦੇ ਸਾਬਕਾ ਮੁੱਖ ਮੰਤਰੀ ਆਤਿਸ਼ੀ, ਐਮ ਪੀ ਜੋਗਿੰਦਰ ਚੰਦੋਲੀਆ, ਕੇਂਦਰੀ ਮੰਤਰੀ ਹਰਦੀਪ ਪੁਰੀ, ਚੜ੍ਹਦੀਕਲਾ ਟਾਈਮ ਟੀ ਵੀ ਤੋਂ ਜਗਜੀਤ ਸਿੰਘ ਦਰਦੀ, ਤਰਵਿੰਦਰ ਸਿੰਘ ਮਰਵਾਹ, ਹਰਮਿੰਦਰ ਸਿੰਘ ਗਿੱਲ, ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ, ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ, ਸਤਨਾਮ ਸਿੰਘ ਸੰਧੂ ਐਮ ਪੀ ਰਾਜ ਸਭਾ, ਰਾਮਵੀਰ ਸਿੰਘ ਬਿਧੂਰੀ ਐਮ ਪੀ, ਰਘਬੀਰ ਸਿੰਘ ਜੋੜਾ, ਰਬਿੰਦਰ ਨਰਾਇਣ ਪੀ ਟੀ ਸੀ, ਇੰਦਰਜੀਤ ਸਿੰਘ, ਜਰਨੈਲ ਸਿੰਘ ਐਮ ਐਲ ਏ, ਜਸਪ੍ਰੀਤ ਸਿੰਘ ਕਰਮਸਰ ਚੇਅਰਮੈਨ, ਐਮ ਪੀ ਐਸ ਚੱਢਾ, ਤਰਲੋਚਨ ਸਿੰਘ ਸਾਬਕਾ ਚੇਅਰਮੈਨ, ਬਾਬਾ ਮੋਹਨ ਸਿੰਘ, ਜਗਮੀਤ ਸਿੰਘ ਬਰਾੜ ਸਾਬਕਾ ਐਮ ਪੀ ਸਮੇਤ ਦਿੱਲੀ ਗੁਰਦੁਆਰਾ ਕਮੇਟੀ ਦੇ ਸਮੂਹ ਅਹੁਦੇਦਾਰਾਂ ਤੇ ਮੈਂਬਰਾਂ ਨੇ ਵੀ ਸ਼ਰਧਾ ਦੇ ਫੁੱਲ ਭੇਂਟ ਕੀਤੇ।
ਸਮਾਗਮ ਵਿਚ ਬਾਬਾ ਬਚਨ ਸਿੰਘ ਤੇ ਬਾਬਾ ਸਤਨਾਮ ਸਿੰਘ, ਸਿੰਘ ਸਾਹਿਬ ਗਿਆਨੀ ਰਣਜੀਤ ਸਿੰਘ ਹੈਡ ਗ੍ਰੰਥੀ, ਕਮੇਟੀ ਵੱਲੋਂ ਮੈਂਬਰ ਸਾਹਿਬਾਨ ਤੇ ਹੋਰ ਰਾਗੀ, ਢਾਡੀ ਤੇ ਪੰਥਕ ਜਥੇਬੰਦੀਆਂ ਨੇ ਸਰਦਾਰ ਮਨਦੀਪ ਸਿੰਘ ਕਾਲੜਾ, ਸਰਦਾਰ ਚਰਨਦੀਪ ਸਿੰਘ ਕਾਲੜਾ ਤੇ ਸਰਦਾਰ ਹਰਮੀਤ ਸਿੰਘ ਕਾਲਕਾ ਨੂੰ ਦਸਤਾਰਾਂ ਭੇਂਟ ਕੀਤੀਆਂ। ਮੰਚ ਦਾ ਸੰਚਾਲਨ ਕਮੇਟੀ ਦੇ ਜਨਰਲ ਸਕੱਤਰ ਸਰਦਾਰ ਜਗਦੀਪ ਸਿੰਘ ਕਾਹਲੋਂ ਨੇ ਕੀਤਾ।