ਨਵੀਂ ਦਿੱਲੀ -ਪੰਥ ਸੇਵਕ ਸਖਸ਼ੀਅਤਾਂ ਦੇ ਪੰਚ ਪ੍ਰਧਾਨੀ ਪੰਥਕ ਜਥੇ ਨੇ ਕਿਹਾ ਕਿ ਬੀਤੇ ਕੁਝ ਸਮੇਂ ਤੋਂ ਪੰਜਾਬ ਵਿਚ ਪੁਲਿਸ ਮੁਕਾਬਲਿਆਂ ’ਚ ਨੌਜਵਾਨਾਂ ਦੇ ਮਾਰੇ ਜਾਣ ਨੂੰ ਕਾਮਯਾਬੀ ਬਣਾ ਕੇ ਪੇਸ਼ ਕਰਨ ਦਾ ਜੋਰ ਫੜ੍ਹ ਰਿਹਾ ਰੁਝਾਨ ਪੰਜਾਬ ਵਿਚ ਮਨੁੱਖੀ ਹੱਕਾਂ ਦੀ ਸਥਿਤੀ ਬਾਰੇ ਖਤਰੇ ਦੀ ਘੰਟੀ ਹੈ। ਬਿਆਨ ਵਿਚ ਪੰਥ ਸੇਵਕ ਸਖਸ਼ੀਅਤਾਂ ਨੇ ਕਿਹਾ ਹੈ ਕਿ ਪੰਜਾਬ ਇਸ ਵੇਲੇ ਨਾਜੁਕ ਦੌਰ ਵਿਚੋਂ ਲੰਘ ਰਿਹਾ ਹੈ ਜਿੱਥੇ ਕੌਮਾਂਤਰੀ ਪੱਧਰ ਉੱਤੇ ਹੋ ਰਹੀ ਰਾਜਨੀਤਕ ਅਤੇ ਭੂ-ਰਣਨੀਤਕ ਉਥਲ-ਪੁਥਲ ਦਾ ਪੰਜਾਬ ਉੱਤੇ ਅਸਰ ਪੈ ਰਿਹਾ ਹੈ ਓਥੇ ਇੰਡੀਅਨ ਸਟੇਟ ਬਦਲ ਰਹੇ ਹਾਲਾਤ ਵਿਚ ਅਵਾਮ ਨੂੰ ਕਾਬੂ ਰੇਖ ਰੱਖਣ ਦੇ ਰਾਜਤੰਤਰੀ ਸੰਦਾਂ, ਜਿਵੇਂ ਕਿ ਪੁਲਿਸ ਫੋਰਸ ਦੀਆਂ ਤਾਕਤਾਂ ਤੇ ਸਾਧਨਾਂ ਵਿਚ ਵਾਧਾ ਕਰ ਰਹੀ ਹੈ। ਇਕ ਪਾਸੇ ਦਿੱਲੀ ਦਰਬਾਰ ਸਿੱਖ ਸੰਘਰਸ਼ ਨੂੰ ਬਦਨਾਮ ਕਰਨ ਲਈ ਇਸ ਨੂੰ ਨਸ਼ਿਆਂ ਤੇ ਦਹਿਸ਼ਤਗਰਦੀ ਨਾਲ ਜੋੜ ਰਿਹਾ ਹੈ ਓਥੇ ਦੂਜੇ ਪਾਸੇ ਕਿਸੇ ਵੀ ਘਟਨਾ ਲਈ ਕਸੂਰਵਾਰ ਦੱਸੇ ਜਾਂਦੇ ਨੌਜਵਾਨਾਂ ਨੂੰ ਗ੍ਰਿਫਤਾਰ ਕਰਕੇ ਉਹਨਾ ਉੱਤੇ ਮੁਕਦਮਾ ਚਲਾਉਣ ਦੀ ਥਾਂ ਉਹਨਾ ਦਾ ਪੁਲਿਸ ਮੁਕਾਬਲਾ ਬਣਾ ਕੇ ਮਾਰ ਦੇਣਾ ਜਾਂ ਬਰਾਮਦਗੀ ਵੇਲੇ ਹਮਲਾ ਕਰਨ ਜਾਂ ਭੱਜਣ ਦੀ ਕੋਸ਼ਿਸ਼ ਕਰਨ ਦੀ ਘੜੀ-ਘੜਾਈ ਕਹਾਣੀ ਦੱਸ ਕੇ ਨੌਜਵਾਨਾਂ ਨੂੰ ਮਾਰ ਦੇਣਾ ਜਾਂ ਉਹਨਾ ਨੂੰ ਅੰਗਹੀਣ ਕਰਨ ਵਾਸਤੇ ਲੱਤ ਜਾਂ ਗਿੱਟੇ ਵਿਚ ਗੋਲੀ ਮਾਰ ਕੇ ਜਖਮੀ ਕਰ ਦੇਣ ਦੀਆਂ ਘਟਨਾਵਾਂ ਮਨੁੱਖੀ ਹੱਕਾਂ ਦੇ ਘਾਣ ਤੇ ਤਾਕਤ ਦੀ ਦੁਰਵਰਤੋਂ ਦੀਆਂ ਸੂਚਕ ਹਨ। ਉਹਨਾ ਕਿਹਾ ਕਿ ਸਮਾਜ ਦੇ ਸੁਹਿਰਦ ਹਿੱਸਿਆਂ ਅਤੇ ਮਨੁੱਖੀ ਹੱਕਾਂ ਦੇ ਅਲਮਬਰਦਾਰਾਂ ਨੂੰ ਇਸ ਵਰਤਾਰੇ ਵੱਲ ਦਾ ਸਮਾਂ ਰਹਿੰਦਿਆਂ ਧਿਆਨ ਦੇਣਾ ਚਾਹੀਦਾ ਹੈ ਤੇ ਇਸ ਦਾ ਵਿਰੋਧ ਕਰਨਾ ਚਾਹੀਦਾ ਹੈ।