ਪੰਜਾਬ

ਬੰਦੀ ਸਿੰਘ ਸਜ਼ਾ ਭੁਗਤਣ ਦੇ ਬਾਵਜੂਦ ਵੀ ਜੇਲ੍ਹਾਂ ’ਚੋਂ ਰਿਹਾਅ ਨਹੀਂ ਕੀਤੇ ਜਾ ਰਹੇ-ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ

ਕੌਮੀ ਮਾਰਗ ਬਿਊਰੋ/ ਚਰਨਜੀਤ ਸਿੰਘ | March 20, 2025 08:38 PM

ਸ੍ਰੀ ਅੰਮ੍ਰਿਤਸਰ- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਅਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਦਫ਼ਤਰ ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਜਾਰੀ  ਬਿਆਨ ਵਿੱਚ ਕਿਹਾ ਹੈ ਕਿ ਉਹ ਅਕਸਰ ਇਹ ਸੋਚਦੇ ਹਨ ਕਿ ਅਦਾਲਤਾਂ ਵਿੱਚੋਂ ਸਮੇਂ ਸਿਰ ਇਨਸਾਫ਼ ਮਿਲਣਾ ਬਹੁਤ ਮਾਇਨੇ ਰੱਖਦਾ ਹੈ। ਅਜਿਹੇ ਕਈ ਕੇਸ ਹਨ ਜਿਨ੍ਹਾਂ ਵਿੱਚ ਅਦਾਲਤਾਂ ਨੇ ਫੌਰੀ ਨਿਪਟਾਰੇ ਕੀਤੇ ਹਨ। ਪਰ ਸਿੱਖਾਂ ਦੇ ਮਾਮਲੇ ਵਿੱਚ ਇਕ ਨਹੀਂ ਅਨੇਕਾਂ ਹੀ ਅਜਿਹੇ ਕੇਸ ਹਨ ਜਿਹੜੇ ਅਜੇ ਤੱਕ ਬੰਦ ਫਾਈਲਾਂ ਵਿੱਚ ਆਪਣੀ ਤਾਰੀਖ ਦੀ ਉਡੀਕ ਕਰ ਰਹੇ ਹਨ, ਇਹ ਕੌਮ ਲੇਖੇ ਆਪਣੀਆਂ ਜਵਾਨੀਆਂ ਲਗਾਉਣ ਵਾਲੇ ਬੰਦੀ ਸਿੰਘਾਂ ਦੇ ਕੇਸ ਹਨ। ਜਿਨ੍ਹਾਂ ਵਿੱਚੋਂ ਜ਼ਿਆਦਾਤਰ ਉਹ ਹਨ ਜੋ ਆਪਣੀ ਬਣਦੀ ਸਜ਼ਾ ਭੁਗਤਣ ਦੇ ਬਾਵਜੂਦ ਵੀ ਜੇਲ੍ਹਾਂ ’ਚੋਂ ਰਿਹਾਅ ਨਹੀਂ ਕੀਤੇ ਜਾ ਰਹੇ।

ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਤਾਜ਼ਾ ਉਦਾਹਰਣ ਕੌਮ ਵੱਲੋਂ ਜ਼ਿੰਦਾ ਸ਼ਹੀਦ ਦੇ ਖ਼ਿਤਾਬ ਨਾਲ ਨਿਵਾਜੇ ਗਏ ਭਾਈ ਬਲਵੰਤ ਸਿੰਘ ਰਾਜੋਆਣਾ ਹਨ। ਜਿੰਨ੍ਹਾਂ ਨੂੰ ਜੇਲ੍ਹ ਅੰਦਰ 30ਵਾਂ ਸਾਲ ਚੱਲ ਰਿਹਾ ਹੈ ਜੋ ਪਿਛਲੇ 18 ਸਾਲਾਂ ਤੋਂ ਫਾਂਸੀ ਚੱਕੀ ਵਿੱਚ ਨਜ਼ਰਬੰਦ ਹਨ ਤੇ ਉਨ੍ਹਾਂ ਦੇ ਮਾਮਲੇ ਵਿੱਚ ਹੋਣ ਵਾਲੇ ਫੈਸਲੇ ਦਾ ਇੰਤਜ਼ਾਰ ਕਰ ਰਹੇ ਹਨ। ਏਨਾ ਹੀ ਨਹੀਂ ਪਿਛਲੇ 13 ਸਾਲਾਂ ਤੋਂ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਸਜ਼ਾ ਮੁਆਫ਼ੀ ਸਬੰਧੀ ਪਟੀਸ਼ਨ ਕੇਂਦਰ ਸਰਕਾਰ ਕੋਲ ਵਿਚਾਰ ਅਧੀਨ ਹੈ। ਉਨ੍ਹਾਂ ਕਿਹਾ ਕਿ ਸੁਪਰੀਮ ਕੋਰਟ ਵੱਲੋਂ ਵਾਰ-ਵਾਰ ਕੇਂਦਰ ਸਰਕਾਰ ਨੂੰ ਫੈਸਲਾ ਕਰਨ ਦੇ ਆਦੇਸ਼ ਜਾਰੀ ਕੀਤੇ ਗਏ ਪਰ ਹਾਲੇ ਤੱਕ ਨਾ ਕੇਂਦਰ ਸਰਕਾਰ ਨੇ ਫੈਸਲਾ ਕੀਤਾ ਹੈ ਤੇ ਨਾ ਹੀ ਸੁਪਰੀਮ ਕੋਰਟ ਆਪਣੇ ਕੀਤੇ ਆਦੇਸ਼ ਲਾਗੂ ਕਰਵਾ ਸਕਿਆ ਹੈ।
ਉਨ੍ਹਾਂ ਕਿਹਾ ਕਿ ਭਾਈ ਬਲਵੰਤ ਸਿੰਘ ਰਾਜੋਆਣਾ ਦੇ ਮਾਮਲੇ ਨੂੰ ਸੁਪਰੀਮ ਕੋਰਟ ਵਿੱਚ ਵੀ ਪੰਜ ਸਾਲ ਹੋ ਗਏ ਹਨ। ਲੰਘੀ 20 ਜਨਵਰੀ ਨੂੰ ਸੁਪਰੀਮ ਕੋਰਟ ਨੇ ਇਹ ਆਖਿਆ ਸੀ ਕਿ ਕੇਂਦਰ ਸਰਕਾਰ 18 ਮਾਰਚ ਤੱਕ ਫੈਸਲਾ ਲਵੇ ਨਹੀਂ ਤਾਂ ਸੁਪਰੀਮ ਕੋਰਟ ਇਸ ਪਟੀਸ਼ਨ ’ਤੇ ਮੈਰਿਟ ਦੇ ਅਧਾਰ ’ਤੇ ਸੁਣਵਾਈ ਕਰੇਗੀ ਪਰ 18 ਮਾਰਚ ਨੂੰ ਸੁਪਰੀਮ ਕੋਰਟ ਨੇ ਭਾਈ ਸਾਹਿਬ ਦੇ ਕੇਸ ਨੂੰ ਸੁਣਵਾਈ ਲਈ ਲਿਸਟ ਹੀ ਨਹੀਂ ਕੀਤਾ।
ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਇਹ ਬਹੁਤ ਵੱਡਾ ਸਵਾਲ ਹੈ ਕਿ ਨਿਆਂ ਕਰਦੀਆਂ ਅਦਾਲਤਾਂ ਵਿੱਚ ਮਨੁੱਖੀ ਅਹਿਸਾਸ ਦੀ ਜ਼ਮੀਨ ਕਿੱਥੇ ਹੈ?
ਉਨ੍ਹਾਂ ਕਿਹਾ ਕਿ ਅਜਿਹੇ ਇੱਕ ਪਾਸੜ ਅਤੇ ਵਿਤਕਰੇ ਭਰੇ ਰਵੱਈਏ ਵਿੱਚ ਪੰਜਾਬੀ ਖਿੱਤੇ ਦੇ ਸੁਭਾਅ ਅਤੇ ਮਾਣ ਸਤਿਕਾਰ ਨੂੰ ਸਮਝਣਾ ਚਾਹੀਦਾ ਹੈ। ਜਿਵੇਂ ਤਾਜ਼ਾ ਘਟਨਾ ਸ਼ੰਭੂ ਅਤੇ ਖਨੌਰੀ ਬਾਰਡਰਾਂ ਉੱਤੇ ਸੰਘਰਸ਼ ਕਰ ਰਹੇ ਕਿਸਾਨਾਂ ਵਿਰੁੱਧ ਕੀਤੀਆਂ ਗਈਆਂ ਅਣਮਨੁੱਖੀ ਵਧੀਕੀਆਂ ਨੂੰ ਸਮਝੇ ਬਿਨਾਂ ਅਤੇ ਦੁਵੱਲੀ ਗੱਲਬਾਤ ਤੋਂ ਬਿਨਾਂ ਇਸ ਖਿੱਤੇ ਵਿੱਚ ਸ਼ਾਂਤੀ ਨਹੀਂ ਆ ਸਕਦੀ।
ਉਨ੍ਹਾਂ ਕਿਹਾ ਕਿ ਇਹਨਾਂ ਸਾਰੀਆਂ ਗੱਲਾਂ ਦਾ ਹੱਲ ਦੁਵੱਲੀ ਗੱਲਬਾਤ ਲਈ ਰਾਹ ਖੋਲ੍ਹਣਾ ਹੈ ਅਤੇ ਇਨਸਾਫ਼ ਨੂੰ ਸਹੀ ਜਜ਼ਬਾਤ ਦੇ ਹਿਸਾਬ ਨਾਲ ਵੇਲੇ ਸਿਰ ਕਰਨਾ ਹੈ। ਇਸ ਲਈ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਇਸ ਤਰ੍ਹਾਂ ਦਾ ਅੜੀਅਲ ਰਵੱਈਆ ਛੱਡ ਕੇ ਭਾਈ ਬਲਵੰਤ ਸਿੰਘ ਰਾਜੋਆਣਾ ਸਮੇਤ ਸਜ਼ਾਵਾਂ ਪੂਰੀਆਂ ਕਰ ਚੁੱਕੇ ਸਮੂਹ ਬੰਦੀ ਸਿੰਘਾਂ ਦੀ ਰਿਹਾਈ ਕਰੇ। ਇਹ ਮਨੁੱਖੀ ਅਧਿਕਾਰਾਂ ਦੇ ਪੱਧਰ ਅਤੇ ਜਿਸ ਸੰਵਿਧਾਨ ਅਧੀਨ ਭਾਰਤ ਅੰਦਰ ਸਰਕਾਰਾਂ ਤੇ ਸਮੁੱਚਾ ਤੰਤਰ ਚੱਲਦਾ ਹੈ ਉਸ ਪੱਧਰ ’ਤੇ ਵੀ ਸਰਾਸਰ ਬੇਇਨਸਾਫ਼ੀ ਹੈ। ਇਹ ਅਣਮਨੁੱਖੀ ਅਤੇ ਗੈਰ ਲੋਕਤਾਂਤਰਿਕ ਵਰਤਾਰਾ ਹੈ, ਜਿਸ ਦਾ ਹੱਲ ਕਰਨਾ ਸਰਕਾਰ ਦਾ ਮੁੱਢਲਾ ਫਰਜ਼ ਹੈ ।
ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਕੌਮ ਦਾ ਤਰਜ਼ਮਾਨ ਹੋਣ ਦੇ ਨਾਤੇ ਉਹ ਉਨ੍ਹਾਂ ਸਾਰੇ ਬੰਦੀ ਸਿੰਘਾਂ ਦੇ ਘਰਾਂ ਵਿੱਚ ਜਾਣਗੇ ਜੋ ਜੇਲ੍ਹਾਂ ਵਿੱਚ ਸਮਾਂ ਪੂਰਾ ਕਰਨ ਦੇ ਬਾਵਜੂਦ ਅੱਜ ਵੀ ਬੰਦੀ ਹਨ। ਉਨ੍ਹਾਂ ਸਮੁੱਚੀ ਸਿੱਖ ਕੌਮ ਨੂੰ ਵੀ ਅਪੀਲ ਕੀਤੀ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਅਗਵਾਈ ਵਿੱਚ ਸਮੁੱਚੀ ਕੌਮ ਆਪਣੇ ਬੰਦੀ ਸਿੰਘਾਂ ਦੀ ਰਿਹਾਈ ਲਈ ਇਕਮੁੱਠ ਹੋਣੀ ਚਾਹੀਦੀ ਹੈ ਕਿਉਂਕਿ ਇਹ ਸਿੰਘ ਸਾਡਾ ਕੌਮੀ ਸਰਮਾਇਆ ਹਨ।

Have something to say? Post your comment

 

ਪੰਜਾਬ

ਗੁਰੂ ਘਰ ਜਾਂਦੀ ਸੰਗਤਾਂ ਦਾ ਰਾਹ ਰੋਕ ਕੇ ਜਥੇਦਾਰਾਂ ਦੀ ਬਹਾਲੀ ਨੂੰ ਲੈ ਕੇ ਦਮਦਮੀ ਟਕਸਾਲ ਮਹਿਤਾ ਦੇ ਮੁਖੀ ਨੇ ਸਾਥੀਆਂ ਨਾਲ ਲਗਾਇਆ ਧਰਨਾ

ਦਮਦਮੀ ਟਕਸਾਲ ਤੇ ਪੰਥਕ ਜਥੇਬੰਦੀਆਂ ਨੇ ਕੀਤੀ ਮੰਗ 15 ਅਪ੍ਰੈਲ ਤੋਂ ਹਟਾਏ ਜਥੇਦਾਰਾਂ ਨੂੰ ਕਰੋ ਬਹਾਲ ਨਹੀਂ ਤਾਂ ਸੰਘਰਸ਼ ਦੀ ਉਲੀਕੀ ਜਾਵੇਗੀ ਰੂਪ ਰੇਖਾ

ਅਕਾਲੀ ਦਲ ਨੇ ਆਪਣੇ ਹੀ ਐਮਐਲਏ ਮਨਪ੍ਰੀਤ ਸਿੰਘ ਇਆਲੀ ਦੀ ਕੀਤੀ ਨਿਖੇਧੀ

ਪੰਜਾਬ ਰਾਜ ਬਿਜਲੀ ਰੈਗੂਲੇਟਰੀ ਕਮਿਸ਼ਨ ਵੱਲੋਂ ਵਿੱਤੀ ਸਾਲ 2025-26 ਲਈ ਬਿਜਲੀ ਦਰਾਂ ਜਾਰੀ

1386 ਕਰੋੜ ਦੇ ਪਾਸ ਹੋਏ ਬਜਟ ਵਿੱਚੋਂ ਸ਼੍ਰੋਮਣੀ ਕਮੇਟੀ ਖਰਚੂ 60 ਲੱਖ ਰੁਪਏ ਬੰਦੀ ਸਿੰਘਾਂ ਦੇ ਮਾਮਲਿਆਂ ਤੇ ਪੈਰਵਾਈ ਕਰਨ ਲਈ

ਕੌਮੀ ਤੇ ਕੌਮਾਂਤਰੀ ਖੇਡ ਮੁਕਾਬਲਿਆਂ ਦੀ ਮੇਜ਼ਬਾਨੀ ਕਰਨ ਲਈ ਪੰਜਾਬ ਤਿਆਰ-ਬਰ-ਤਿਆਰ: ਮੁੱਖ ਮੰਤਰੀ

ਮੀਡੀਆ 'ਚ ਸੁਰਖੀਆਂ ਬਟੋਰਨ ਲਈ ਢਕਵੰਜ ਕਰਨ 'ਤੇ ਕਾਂਗਰਸੀਆਂ ਦੀ ਕੀਤੀ ਆਲੋਚਨਾ ਮੁੱਖ ਮੰਤਰੀ ਨੇ

ਬਜਟ ਇਜਲਾਸ ਦੌਰਾਨ ਡਿਪਟੀ ਸਪੀਕਰ ਰੌੜੀ ਨੇ ਵਿਦਿਆਰਥੀਆਂ ਨਾਲ ਕੀਤੀ ਮੁਲਾਕਾਤ

ਨਹਿਰੀ ਪ੍ਰਦੂਸ਼ਣ ਵਿਰੁੱਧ ਫ਼ੈਸਲਾਕੁੰਨ ਕਾਰਵਾਈ ਕਰ ਰਿਹੈ ਪੰਜਾਬ: ਬਰਿੰਦਰ ਕੁਮਾਰ ਗੋਇਲ

ਖ਼ਾਲਸਾ ਕਾਲਜ ਵੈਟਰਨਰੀ ਵਿਖੇ ਪਲੇਸਮੈਂਟ ਡਰਾਈਵ ਕਰਵਾਈ ਗਈ