ਨਵੀਂ ਦਿੱਲੀ -ਗੁਰੂ ਨਾਨਕ ਸਿੱਖ ਗੁਰਦੁਆਰਾ ਸਾਹਿਬ ਦੇ ਸਾਬਕਾ ਮੁੱਖ-ਸੇਵਾਦਾਰ ਅਤੇ ਕੌਮ ਦੇ ਸ਼ਹੀਦ ਭਾਈ ਹਰਦੀਪ ਸਿੰਘ ਨਿਝਰ ਨੂੰ ਸਮਰਪਿਤ ਮਹੀਨਾਵਾਰੀ ਸ਼ਹੀਦੀ ਸਮਾਗਮ ਰੱਖੇ ਗਏ ਜਿੰਨਾਂ ਦੇ ਵਿਚ ਸ੍ਰੀ ਸਹਿਜ ਪਾਠ ਸਾਹਿਬ ਦੇ ਭੋਗ ਅਤੇ ਸ੍ਰੀ ਚੌਪਈ ਸਾਹਿਬ ਜੀ ਦੇ ਪਾਠ ਉਪਰੰਤ ਅਰਦਾਸ ਸ਼ਹੀਦ ਹਰਦੀਪ ਸਿੰਘ ਨਿਝਰ ਗੁਰਮਤਿ ਵਿਦਿਆਲਿਆ ਦੇ ਬੱਚਿਆਂ ਵੱਲੋਂ ਕੀਤੀ ਗਈ । ਸਮਾਗਮ ਦੌਰਾਨ ਭਾਈ ਨਿੱਝਰ ਦੇ ਸਪੁੱਤਰ ਭਾਈ ਬਲਰਾਜ ਸਿੰਘ ਨੂੰ ਗਿਆਨੀ ਪ੍ਰਤਾਪ ਸਿੰਘ (ਹੈਡ-ਗ੍ਰੰਥੀ ਸੱਚਖੰਡ ਸ੍ਰੀ ਹਜੂਰ ਸਾਹਿਬ ਜੀ) ਵੱਲੋਂ ਵਿਸ਼ੇਸ਼ ਤੌਰ ਤੇ ਸਨਮਾਨਿਤ ਕਰਦਿਆਂ ਦਸਤਾਰ ਭੇਟਾ ਕੀਤੀ ਗਈ । ਗਿਆਨੀ ਪ੍ਰਤਾਪ ਸਿੰਘ ਨੇ ਸੰਗਤ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸ਼ਹੀਦਾਂ ਦਾ ਡੁੱਲ੍ਹਿਆ ਖੂਨ ਅਜਾਈ ਨਹੀਂ ਜਾਂਦਾ ਸ਼ਹੀਦ ਹਮੇਸ਼ਾ ਅੰਗ-ਸੰਗ ਹੁੰਦੇ ਹਨ । ਉਹਨਾਂ ਕਿਹਾ ਕਿ ਜੋ ਪੂਰਨੇ ਸ਼ਹੀਦ ਪਾਕੇ ਗਏ ਹਨ ਉਹਨਾਂ ਤੇ ਸਾਨੂੰ ਸਭ ਨੂੰ ਚਲਦਿਆਂ ਰਹਿਣਾ ਚਾਹੀਦਾ ਹੈ ਤਾਂ ਜੋ ਉਹਨਾਂ ਦਾ ਸੁਪਨਾ ਕੌਮ ਦੀ ਅਜ਼ਾਦੀ ਪੂਰਨ ਤੋਰ ਤੇ ਸਾਕਾਰ ਹੋ ਸਕੇ। ਇਸ ਦੌਰਾਨ ਗੁਰੂ ਘਰ ਦੇ ਪ੍ਰਬੰਧਕ ਸਾਹਿਬਾਨ ਭਾਈ ਗੁਰਮੀਤ ਸਿੰਘ ਤੂਰ, ਭਾਈ ਨਰਿੰਦਰ ਸਿੰਘ ਖਾਲਸਾ, ਭਾਈ ਅਵਤਾਰ ਸਿੰਘ ਖਹਿਰਾ, ਭਾਈ ਦਲਜੀਤ ਸਿੰਘ, ਮਨਜਿੰਦਰ ਸਿੰਘ ਖਾਲਸਾ ਅਤੇ ਗੁਰੂ ਘਰ ਦੇ ਵਜ਼ੀਰ ਬਾਬਾ ਲਖਵੀਰ ਸਿੰਘ ਅਤੇ ਭਾਈ ਗੁਰਪ੍ਰੀਤ ਸਿੰਘ ਜੀ ਵੀ ਮੌਜੂਦ ਸਨ ।