ਅੰਮ੍ਰਿਤਸਰ- ਖ਼ਾਲਸਾ ਕਾਲਜ ਆਫ਼ ਐਜੂਕੇਸ਼ਨ, ਜੀ. ਟੀ. ਰੋਡ ਦੇ 68ਵੇਂ ਸਾਲਾਨਾ ਕਨਵੋਕੇਸ਼ਨ ਦੌਰਾਨ ਕਰੀਬ 700 ਵਿਦਿਆਰਥੀਆਂ ਨੂੰ ਡਿਗਰੀਆਂ ਪ੍ਰਦਾਨ ਕੀਤੀਆਂ ਗਈਆਂ।ਖਾਲਸਾ ਕਾਲਜ ਫਾਰ ਵੂਮੈਨ ਵਿਖੇ ਕਰਵਾਏ ਗਏ ਉਕਤ ਸਮਾਗਮ ਮੌਕੇ ਮੁੱਖ ਮਹਿਮਾਨ ਵਜੋਂ ਖਾਲਸਾ ਯੂਨੀਵਰਸਿਟੀ ਦੇ ਪ੍ਰੋ—ਚਾਂਸਲਰ ਅਤੇ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਸ: ਰਜਿੰਦਰ ਮੋਹਨ ਸਿੰਘ ਛੀਨਾ ਨੇ ਵਿਦਿਆਰਥੀਆਂ ਨੂੰ ਭਵਿੱਖ ਦੀਆਂ ਚੁਣੌਤੀਆਂ ਲਈ ਤਿਆਰੀ ਕਰਨ ਲਈ ਪ੍ਰੇਰਿਤ ਕਰਦਿਆਂ ਕਿਹਾ ਕਿ ਢੁੱਕਵੀਆਂ ਨੌਕਰੀਆਂ ਦੀ ਭਾਲ ਦਾ ਮੁਕਾਬਲਾ ਵਿਸ਼ਵਵਿਆਪੀ ਹੁੰਦਾ ਜਾ ਰਿਹਾ ਹੈ।
ਸ: ਛੀਨਾ ਨੇ ਕਿਹਾ ਕਿ ਸਿੱਖਿਆ ਦਾ ਮੁੱਖ ਉਦੇਸ਼ ਆਤਮਵਿਸ਼ਵਾਸ, ਅਨੁਸ਼ਾਸਨ ਅਤੇ ਜਾਗਰੂਕਤਾ ਪੈਦਾ ਕਰਨਾ ਹੈ।ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਨੂੰ ਜੀਵਨ ’ਚ ਉਦਾਰ ਕਦਰਾਂ—ਕੀਮਤਾਂ ਅਤੇ ਮਨੁੱਖਤਾ ਨੂੰ ਆਪਣਾ ਮੁੱਖ ਕੇਂਦਰ ਬਣਾਉਣਾ ਚਾਹੀਦਾ ਹੈ।ਉਨ੍ਹਾਂ ਇਸ ਗੱਲ ’ਤੇ ਜ਼ੋਰ ਦਿੰਦਿਆਂ ਕਿਹਾ ਕਿ ਜਿਨ੍ਹਾਂ ਨੇ ਡਿਗਰੀਆਂ ਪ੍ਰਾਪਤ ਕੀਤੀਆਂ ਹਨ, ਉਹ ਸਾਡੇ ਭਵਿੱਖ ਦੇ ਅਧਿਆਪਕ ਹਨ ਅਤੇ ਸਿਰਫ਼ ਇਹੋ ਰਾਸ਼ਟਰ ਨਿਰਮਾਤਾ ਹੀ ਆਪਣੇ ਕੀਮਤੀ ਯੋਗਦਾਨਾਂ ਰਾਹੀਂ ਸਾਡੇ ਸਮਾਜ ਅਤੇ ਭਾਈਚਾਰੇ ਨੂੰ ਸਸ਼ਕਤ ਬਣਾ ਸਕਦੇ ਹਨ।
ਉਨ੍ਹਾਂ ਕਦਰਾਂ—ਕੀਮਤਾਂ ’ਤੇ ਆਧਾਰਿਤ ਸਿੱਖਿਆ ਪ੍ਰਦਾਨ ਕਰਨ ਲਈ ਆਧੁਨਿਕ ਤਰੀਕਿਆਂ ਅਤੇ ਸਹਾਇਤਾ ਨੂੰ ਅਪਨਾਉਣ ਦੀ ਵਕਾਲਤ ਵੀ ਕੀਤੀ ਜੋ ਕਿ ਅਧਿਆਪਕਾਂ ਦਾ ਮੁੱਖ ਫਰਜ਼ ਹੈ।ਉਨ੍ਹਾਂ ਵਿਦਿਆਰਥੀਆਂ ਨੂੰ ਡਿਗਰੀਆਂ ਪ੍ਰਾਪਤ ਕਰਨ ’ਤੇ ਵਧਾਈ ਦਿੰਦਿਆਂ ਸਮਾਜ ਅਤੇ ਮਾਪਿਆਂ ਦੀਆਂ ਉਮੀਦਾਂ ’ਤੇ ਖਰਾ ਉਤਰਨ ਲਈ ਪ੍ਰੇਰਿਤ ਕੀਤਾ।
ਇਸ ਮੌਕੇ ਖਾਲਸਾ ਯੂਨੀਵਰਸਿਟੀ ਦੇ ਉਪ ਕੁਲਪਤੀ ਡਾ: ਮਹਿਲ ਸਿੰਘ, ਜੋ ਕਿ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰ ਸਨ, ਨੇ ਸਿੱਖਿਆ ਦੇ ਬਦਲਦੇ ਦ੍ਰਿਸ਼ ’ਤੇ ਜ਼ੋਰ ਦਿੰਦਿਆਂ ਕਿਹਾ ਕਿ ਕਿਵੇਂ ਨਵੀਂ ਸਿੱਖਿਆ ਨੀਤੀ ਪੜ੍ਹਾਈ ਦੇ ਉਦੇਸ਼ਾਂ ਨੂੰ ਹੋਰ ਅਧਿਆਪਕ ਅਤੇ ਵਿਦਿਆਰਥੀਆਂ ’ਤੇ ਕੇਂਦ੍ਰਿਤ ਬਣਾ ਰਹੀ ਹੈ। ਉਨ੍ਹਾ ਕਿਹਾ ਕਿ ਨਿਰਦੇਸ਼ਾਂ ਦੇ ਸਾਰੇ ਮਾਪਦੰਡ ਬਦਲ ਰਹੇ ਹਨ ਅਤੇ ਅਧਿਆਪਕ ਦੀ ਭੂਮਿਕਾ ਹੋਰ ਚੁਣੌਤੀਪੂਰਨ ਹੁੰਦੀ ਜਾ ਰਹੀ ਹੈ।
ਇਸ ਮੌਕੇ ਖਾਲਸਾ ਯੂਨੀਵਰਸਿਟੀ ਦੇ ਰਜਿਸਟਰਾਰ ਡਾ: ਖੁਸ਼ਵਿੰਦਰ ਕੁਮਾਰ ਨੇ ਕਾਲਜ ਦੀ ਪ੍ਰਗਤੀ ਰਿਪੋਰਟ ਪੜ੍ਹੀ ਜਿਸ ’ਚ ਅਕਾਦਮਿਕ, ਪਾਠਕ੍ਰਮ ਤੋਂ ਬਾਹਰ ਅਤੇ ਖੇਡਾਂ ਦੀਆਂ ਪ੍ਰਾਪਤੀਆਂ ਨੂੰ ਉਜਾਗਰ ਕੀਤਾ ਗਿਆ।ਇਸ ਮੌਕੇ ਸ: ਛੀਨਾ ਨੇ ਡਾਂ ਮਹਿਲ ਸਿੰਘ, ਡਾ. ਕੁਮਾਰ ਨਾਲ ਮਿਲ ਕੇ ਯੂਨੀਵਰਸਿਟੀ ਦੇ ਟਾਪਰ ਅਤੇ ਹੋਣਹਾਰ ਵਿਦਿਆਰਥੀਆਂ ਨੂੰ ਸਨਮਾਨ ਅਤੇ ਪ੍ਰਸ਼ੰਸਾ ਪੱਤਰ ਦਿੱਤੇ।ਉਪਰੰਤ ਡਾ. ਨਿਰਮਲਜੀਤ ਕੌਰ ਦੁਆਰਾ ਧੰਨਵਾਦ ਪੇਸ਼ ਕੀਤਾ ਗਿਆ। ਇਸ ਮੌਕੇ ਖ਼ਾਲਸਾ ਯੂਨੀਵਰਸਿਟੀ ਦੇ ਅਕਾਦਮਿਕ ਡੀਨ ਡਾ. ਸੁਰਿੰਦਰ ਕੌਰ, ਐਗਜਾਮੀਨੇਸ਼ਨ ਕੰਟਰੋਲਰ ਡਾ. ਕੰਵਲਜੀਤ ਸਿੰਘ, ਕੌਂਸਲ ਦੇ ਜੁਆਇੰਟ ਸਕੱਤਰ ਸ: ਰਾਜਬੀਰ ਸਿੰਘ, ਸ: ਪਰਮਜੀਤ ਸਿੰਘ ਬੱਲ, ਸ: ਸੰਤੋਖ ਸਿੰਘ ਸੇਠੀ, ਸ: ਲਖਵਿੰਦਰ ਸਿੰਘ ਢਿੱਲੋਂ, ਸ: ਗੁਰਪ੍ਰੀਤ ਸਿੰਘ ਗਿੱਲ, ਅੰਡਰ ਸੈਕਟਰੀ ਸ: ਡੀ. ਐਸ. ਰਟੌਲ ਸਮੇਤ ਹੋਰ ਸਟਾਫ ਤੇ ਵਿਦਿਆਰਥੀ ਹਾਜ਼ਰ ਸਨ।