ਬਰਨਾਲਾ- ਅੱਜ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਸਮੁੱਚੇ ਪੰਜਾਬ ਦੇ ਜ਼ਿਲਾ, ਤਹਿਸੀਲ ਅਤੇ ਬਲਾਕ ਪੱਧਰਾਂ ਤੇ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਅਤੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪੁਤਲੇ ਫੂਕੇ ਗਏ। ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਸੂਬਾ ਪ੍ਰਧਾਨ ਮਨਜੀਤ ਸਿੰਘ ਧਨੇਰ ਨੇ ਕਿਹਾ ਕਿ ਅਮਰੀਕਾ ਦੇ ਸਹਾਇਕ ਵਪਾਰ ਪ੍ਰਤੀਨਿਧ ਬ੍ਰੈਂਡਨ ਲਿੰਚ ਦੀ ਪ੍ਰਧਾਨਗੀ ਵਾਲਾ ਵਫਦ ਪਿਛਲੇ ਦਿਨੀ ਭਾਰਤ ਦਾ ਚਾਰ ਰੋਜ਼ਾ ਦੌਰਾ ਕਰਕੇ 29 ਮਾਰਚ ਨੂੰ ਵਾਪਸ ਗਿਆ ਹੈ।
ਇਸ ਤੋਂ ਪਹਿਲਾਂ ਵੀ ਅਮਰੀਕੀ ਉਪ ਵਿਦੇਸ਼ ਮੰਤਰੀ ਕ੍ਰਿਸ਼ਟੋਫਰ ਲੈਂਡੋ ਨੇ ਭਾਰਤੀ ਵਿਦੇਸ਼ ਸਚਿਵ ਵਿਕਰਮ ਮਿਸਰੀ ਨਾਲ ਗੱਲਬਾਤ ਕੀਤੀ ਸੀ ਅਤੇ ਪਿਛਲੇ ਮਹੀਨੇ ਪ੍ਰਧਾਨ ਮੰਤਰੀ ਮੋਦੀ ਨੇ ਵੀ ਅਮਰੀਕਾ ਦਾ ਦੌਰਾ ਕਰਕੇ ਇਸ ਸਮਝੌਤੇ ਬਾਰੇ ਗੱਲਬਾਤ ਕੀਤੀ ਹੈ। ਭਾਰਤ ਦਾ ਵਪਾਰ ਮੰਤਰੀ ਪਿਓਸ਼ ਗੋਇਲ ਵੀ ਵਾਸ਼ਿੰਗਟਨ ਵਿੱਚ ਅਮਰੀਕੀ ਵਪਾਰ ਪ੍ਰਤੀਨਿਧ ਜੈਮੀਸਨ ਗਰੀਨ ਅਤੇ ਵਣਜ ਸਚਿਵ ਹਾਵਰਡ ਲੁਟਨਿਕ ਨਾਲ ਮੀਟਿੰਗਾਂ ਕਰ ਚੁੱਕਿਆ ਹੈ।
ਭਾਰਤ ਦੇ ਵਣਜ ਮੰਤਰਾਲੇ ਨੇ 29 ਮਾਰਚ ਨੂੰ ਪ੍ਰੈਸ ਬਿਆਨ ਜਾਰੀ ਕਰਕੇ ਦੱਸਿਆ ਹੈ ਕਿ ਆਉਣ ਵਾਲੇ ਹਫਤਿਆਂ ਵਿੱਚ ਹੋਰ ਵੀ ਗੱਲਬਾਤ ਹੋਵੇਗੀ ਅਤੇ ਸਤੰਬਰ ਅਕਤੂਬਰ 2025 ਤੱਕ ਸਮਝੌਤੇ ਦੀ ਪਹਿਲੀ ਕਿਸ਼ਤ ਤੇ ਦਸਤਖਤ ਕਰ ਦਿੱਤੇ ਜਾਣਗੇ। 2030 ਤੱਕ ਆਪਸੀ ਵਪਾਰ ਨੂੰ ਮੌਜੂਦਾ 190 ਬਿਲੀਅਨ ਡਾਲਰ ਤੋਂ ਵਧਾ ਕੇ 500 ਬਿਲੀਅਨ ਡਾਲਰ ਕਰਨ ਦਾ ਨਿਸ਼ਾਨਾ ਹੈ।
ਗੱਲਬਾਤ ਵਿੱਚ ਅਮਰੀਕਾ ਦੀ ਮੁੱਖ ਧੁੱਸ ਖੇਤੀ ਅਤੇ ਡੇਅਰੀ ਵਸਤਾਂ ਤੇ ਟੈਕਸ ਘੱਟ ਕਰਨਾ ਅਤੇ ਭਾਰਤੀ ਬਾਜ਼ਾਰ ਵਿੱਚ ਇਹਨਾਂ ਦੇ ਦਾਖਲੇ ਲਈ ਰਾਹ ਮੋਕਲਾ ਕਰਨਾ ਹੈ।
ਜਥੇਬੰਦੀ ਦੇ ਜਨਰਲ ਸਕੱਤਰ ਹਰਨੇਕ ਸਿੰਘ ਮਹਿਮਾ ਨੇ ਕਿਹਾ ਕਿ ਅਮਰੀਕਾ ਆਪਣੇ ਇੱਕ ਕਿਸਾਨ ਪਰਿਵਾਰ ਨੂੰ ਔਸਤ 26 ਲੱਖ 80 ਹਜ਼ਾਰ ਰੁਪਏ ਸਲਾਨਾ ਸਬਸਿਡੀ ਦਿੰਦਾ ਹੈ ਜਦੋਂ ਕਿ ਭਾਰਤ ਵਿੱਚ ਪ੍ਰਤੀ ਕਿਸਾਨ ਪਰਿਵਾਰ ਸਿਰਫ਼ 53, 700/- ਰੁਪਏ ਸਲਾਨਾ ਸਬਸਿਡੀ ਬਣਦੀ ਹੈ। ਇੰਨੀ ਜ਼ਿਆਦਾ ਸਬਸਿਡੀ ਮਿਲਣ ਕਾਰਨ ਅਮਰੀਕਾ ਦੀਆਂ ਖੇਤੀ ਅਤੇ ਡਾਇਰੀ ਵਸਤਾਂ ਸਸਤੀਆਂ ਪੈਂਦੀਆਂ ਹਨ। ਇਹਨਾਂ ਦੇ ਭਾਰਤੀ ਬਾਜ਼ਾਰ ਵਿੱਚ ਖੁੱਲ੍ਹੇ ਦਾਖਲੇ ਨੇ ਭਾਰਤ ਦੇ ਖੇਤੀ ਖੇਤਰ ਨੂੰ ਤਬਾਹ ਕਰ ਦੇਣਾ ਹੈ। ਅਮਰੀਕਾ ਵੱਲੋਂ ਕਣਕ, ਮੱਕੀ, ਸੋਇਆਬੀਨ, ਜੌਂ, ਓਟਸ, ਚੌਲ, ਮਟਰ, ਨਰਮਾ ਅਤੇ ਤੇਲ ਬੀਜ ਥੋਕ ਵਿੱਚ ਭਾਰਤੀ ਮੰਡੀ ਵਿੱਚ ਭੇਜੇ ਜਾਣਗੇ। ਇੱਕ ਵਾਰ ਖੇਤੀ ਖੇਤਰ ਨੂੰ ਤਬਾਹ ਕਰਨ ਤੋਂ ਬਾਅਦ ਸਾਮਰਾਜੀ ਇਹਨਾਂ ਖੇਤੀ ਉਪਜਾਂ ਦਾ ਮੂੰਹ ਮੰਗਿਆ ਭਾਅ ਮੰਗਣਗੇ। ਇਸ ਤਰਾਂ ਜਨਤਕ ਵੰਡ ਪ੍ਰਣਾਲੀ ਦਾ ਵੀ ਭੋਗ ਪੈ ਜਾਵੇਗਾ। ਇਸ ਤੋਂ ਇਲਾਵਾ ਪ੍ਰਚੂਨ ਵਪਾਰ ਤੇ ਵੀ ਬਹੁਤ ਮਾਰੂ ਪ੍ਰਭਾਵ ਪਵੇਗਾ।
ਜਥੇਬੰਦੀ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਗੁਰਦੀਪ ਸਿੰਘ ਰਾਮਪੁਰਾ ਨੇ ਕਿਹਾ ਕਿ ਸਾਮਰਾਜੀ ਕੰਪਨੀਆਂ ਦੇ ਹੱਲੇ ਤੋਂ ਦੇਸ਼ ਦੇ ਲੋਕਾਂ ਨੂੰ ਬਚਾਉਣ ਲਈ ਉਹਨਾਂ ਕੋਲ ਆਪਣੇ ਜਥੇਬੰਦਕ ਸੰਘਰਸ਼ਾਂ ਤੋਂ ਬਿਨਾਂ ਹੋਰ ਕੋਈ ਚਾਰਾ ਨਹੀਂ ਹੈ। ਭਾਰਤ ਦੀ ਹਾਕਮ ਜਮਾਤ ਅਮਰੀਕੀ ਕੰਪਨੀਆਂ ਨਾਲ ਸਾਂਝ ਪਿਆਲੀ ਪਾ ਕੇ ਲੋਕਾਂ ਨੂੰ ਉਹਨਾਂ ਦੇ ਰਹਿਮੋ ਕਰਮ ਤੇ ਸੁੱਟ ਦੇਵੇਗੀ। ਇਸ ਦੇ ਮੱਦੇਨਜ਼ਰ ਅੱਜ ਸੰਯੁਕਤ ਕਿਸਾਨ ਮੋਰਚੇ ਵੱਲੋਂ ਸਾਰੇ ਪੰਜਾਬ ਵਿੱਚ ਡੋਨਲਡ ਟਰੰਪ ਅਤੇ ਮੋਦੀ ਦੇ ਪੁਤਲੇ ਫੂਕੇ ਗਏ ਹਨ।
ਜਥੇਬੰਦੀ ਦੇ ਪ੍ਰੈਸ ਸਕੱਤਰ ਅੰਗਰੇਜ਼ ਸਿੰਘ ਭਦੌੜ ਨੇ ਦੱਸਿਆ ਕਿ ਉਹਨਾਂ ਦੀ ਜਥੇਬੰਦੀ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਨੇ ਪੰਜਾਬ ਦੇ 14 ਜ਼ਿਲਿਆਂ ਫਾਜ਼ਿਲਕਾ, ਫਿਰੋਜ਼ਪੁਰ, ਮੁਕਤਸਰ ਸਾਹਿਬ, ਫਰੀਦਕੋਟ, ਮੋਗਾ, ਬਠਿੰਡਾ, ਮਾਨਸਾ, ਬਰਨਾਲਾ, ਸੰਗਰੂਰ, ਲੁਧਿਆਣਾ, ਮਲੇਰਕੋਟਲਾ, ਜਲੰਧਰ, ਕਪੂਰਥਲਾ ਅਤੇ ਮੋਹਾਲੀ ਵਿਖੇ ਇਹਨਾਂ ਅਰਥੀ ਫੂਕ ਪ੍ਰੋਗਰਾਮਾਂ ਵਿੱਚ ਹਿੱਸਾ ਲਿਆ। ਸੰਯੁਕਤ ਕਿਸਾਨ ਮੋਰਚਾ ਆਉਣ ਵਾਲੇ ਸਮੇਂ ਵਿੱਚ ਲੋਕਾਂ ਨੂੰ ਜਾਗਰੂਕ ਕਰਕੇ ਇਸ ਲੜਾਈ ਨੂੰ ਹੋਰ ਤੇਜ਼ ਕਰੇਗਾ।