ਨਵੀਂ ਦਿੱਲੀ-ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਰਾਜੌਰੀ ਗਾਰਡਨ ਦੇ ਅਧੀਨ ਚਲ ਰਹੇ ਗੁਰੂ ਨਾਨਕ ਪਬਲਿਕ ਸਕੂਲ ਰਾਜੌਰੀ ਗਾਰਡਨ ਵਿੱਚ ਇਸ ਵਾਰੀ ਵੀ ਨਤੀਜੇ 100 ਪ੍ਰਤੀਸ਼ਤ ਰਹੇ ਅਤੇ ਕਲਾਸ 9 ਅਤੇ 11 ਦੇ ਬੱਚਿਆਂ ਵਿੱਚ 90 ਪ੍ਰਤੀਸ਼ਤ ਅੰਕ ਅਤੇ ਡਿਸਟਿੰਕਸ਼ਨ ਹਾਸਲ ਕਰਨ ਵਾਲੇ ਬੱਚਿਆਂ ਅਤੇ ਉਨ੍ਹਾਂ ਦੇ ਅਧਿਆਪਕਾਂ ਨੂੰ ਸਕੂਲ ਪ੍ਰਬੰਧਨ ਅਤੇ ਪ੍ਰਿੰਸੀਪਲ ਸਾਹਿਬਾ ਵੱਲੋਂ ਸਨਮਾਨਿਤ ਕੀਤਾ ਗਿਆ।
ਇਸ ਮੌਕੇ 'ਤੇ ਸਕੂਲ ਦੇ ਮੈਨੇਜਰ ਜਗਜੀਤ ਸਿੰਘ ਅਤੇ ਪ੍ਰਿੰਸੀਪਲ ਵੱਲੋਂ ਸਾਰੇ ਬੱਚਿਆਂ ਅਤੇ ਅਧਿਆਪਕਾਂ ਨੂੰ ਪ੍ਰੋਤਸਾਹਿਤ ਕਰਦੇ ਹੋਏ ਸਨਮਾਨਿਤ ਕੀਤਾ ਗਿਆ। ਸ: ਜਗਜੀਤ ਸਿੰਘ ਨੇ ਦੱਸਿਆ ਕਿ ਸਕੂਲ ਦੇ ਸਿਸਟਮ ਨੂੰ ਦੇਖਦੇ ਹੋਏ ਦਿੱਲੀ ਦੇ ਨਾਮੀ ਸਕੂਲਾਂ ਤੋਂ ਬੱਚੇ ਉਨ੍ਹਾਂ ਦੇ ਇੱਥੇ ਦਾਖਲਾ ਲੈਣ ਲਈ ਆ ਰਹੇ ਹਨ ਕਿਉਂਕਿ ਇੱਥੇ ਬੱਚਿਆਂ ਨੂੰ ਸਿੱਖਿਆ ਦੇ ਨਾਲ-ਨਾਲ ਖੇਡਾਂ ਵਿੱਚ ਵੀ ਦਿਲਚਸਪੀ ਪੈਦਾ ਕੀਤੀ ਜਾਂਦੀ ਹੈ। ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦੇ ਸਕੂਲ ਦੇ ਕਈ ਬੱਚੇ ਸਟੇਟ ਲੈਵਲ 'ਤੇ ਖੇਡ ਚੁਕੇ ਹਨ। ਉਨ੍ਹਾਂ ਨੇ ਦੱਸਿਆ ਕਿ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮਨਜੀਤ ਸਿੰਘ, ਸਕੱਤਰ ਮਨਜੀਤ ਸਿੰਘ ਖੰਨਾ ਅਤੇ ਸਕੂਲ ਦੇ ਚੇਅਰਮੈਨ ਬਲਦੀਪ ਸਿੰਘ ਰਾਜਾ ਦਾ ਸਮੇਂ ਸਮੇਂ 'ਤੇ ਮਾਰਗਦਰਸ਼ਨ ਮਿਲਦਾ ਰਹਿੰਦਾ ਹੈ ਜਿਸ ਕਰਕੇ ਸਕੂਲ ਉੱਚੀਆਂ ਉਡਾਣਾਂ 'ਤੇ ਪਹੁੰਚ ਰਿਹਾ ਹੈ।