ਅੰਮ੍ਰਿਤਸਰ- ਖਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਜ਼ ਦੇ ਬੀ. ਵੀ. ਐੱਸ. ਸੀ. ਅਤੇ ਏ. ਐੱਚ. ਦੇ ਵਿਦਿਆਰਥੀਆਂ ਤੇ ਫੈਕਲਟੀ ਨੇ ਪੀ. ਏ. ਯੂ., ਲੁਧਿਆਣਾ ਵੱਲੋਂ ਕੇ. ਵੀ. ਕੇ., ਨਾਗ ਕਲਾਂ-ਜਹਾਂਗੀਰ ਵਿਖੇ ਆਯੋਜਿਤ ਕਿਸਾਨ ਮੇਲੇ ਦਾ ਦੌਰਾ ਕੀਤਾ ਗਿਆ। ਮੇਲੇ ’ਚ ਖੇਤੀਬਾੜੀ, ਪਸ਼ੂਧਨ, ਫੀਡ, ਚਾਰਾ, ਪੇਂਡੂ ਜੀਵਨ ਅਤੇ ਟਿਕਾਊ ਖੇਤੀ ਅਭਿਆਸਾਂ ਦੇ ਵੱਖ-ਵੱਖ ਪਹਿਲੂਆਂ ਬਾਰੇ ਜਾਣਕਾਰੀ ਦਿੱਤੀ ਗਈ।
ਇਸ ਮੌਕੇ ਸਬੰਧੀ ਕਾਲਜ ਪ੍ਰਿੰਸੀਪਲ ਡਾ. ਹਰੀਸ਼ ਕੁਮਾਰ ਵਰਮਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਿਦਿਆਰਥੀਆਂ ਨੂੰ ਵੈਟਰਨਰੀ ਐਕਸਟੈਂਸ਼ਨ ਵਿਭਾਗ ਦੇ ਫੈਕਲਟੀ ਮੈਂਬਰਾਂ ਦੁਆਰਾ ਕਿਸਾਨ ਮੇਲੇ ਦੀ ਧਾਰਨਾ, ਪਸ਼ੂਧਨ ਨਵੀਨਤਾਵਾਂ, ਤਕਨਾਲੋਜੀਆਂ ਅਤੇ ਅਭਿਆਸਾਂ ਨੂੰ ਉਤਸ਼ਾਹਿਤ ਕਰਨ ’ਚ ਇਸਦੀ ਮਹੱਤਤਾ ਸਬੰਧੀ ਭਾਸ਼ਣ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਇਸ ਦੌਰਾਨ ਵਿਦਿਆਰਥੀਆਂ ਨੇ ਖੇਤੀਬਾੜੀ ਅਤੇ ਪਸ਼ੂਧਨ ਮਸ਼ੀਨਰੀ, ਉਪਕਰਣ, ਬੀਜ, ਖਾਦ, ਕੀਟਨਾਸ਼ਕ, ਜੈਵਿਕ ਖੇਤੀ ਤਕਨੀਕਾਂ, ਖਣਿਜ ਮਿਸ਼ਰਣ, ਬਾਈ ਪਾਸ ਫੈਟ ਅਤੇ ਵੱਖ-ਵੱਖ ਵਿਸਥਾਰ ਸਾਹਿਤ ਪ੍ਰਦਰਸ਼ਿਤ ਕਰਨ ਵਾਲੇ ਵੱਖ-ਵੱਖ ਸਟਾਲਾਂ ਅਤੇ ਪ੍ਰਦਰਸ਼ਨੀਆਂ ਦੀ ਪੜਚੋਲ ਕੀਤੀ।
ਡਾ. ਵਰਮਾ ਨੇ ਕਿਹਾ ਕਿ ਇਸ ਦੌਰਾਨ ਕਾਲਜ ਦੁਆਰਾ ਤਿਆਰ ਕੀਤੀਆਂ ਗਈਆਂ ਵੱਖ-ਵੱਖ ਸਹੂਲਤਾਂ ਅਤੇ ਵਿਸਥਾਰ ਸਾਹਿਤ ਸਮੇਤ ਖੇਤਰ ਵਿਸ਼ੇਸ਼ ਖਣਿਜ ਮਿਸ਼ਰਣ ਸਬੰਧੀ ਪ੍ਰਦਰਸ਼ਨੀ ’ਚ ਸਟਾਲ ਵੀ ਲਗਾਇਆ ਗਿਆ। ਜਿਸ ’ਚ ਕਿਸਾਨਾਂ ਨੂੰ ਚੰਗੀ ਮਾਤਰਾ ’ਚ ਖਣਿਜ ਮਿਸ਼ਰਣ ਉਪਲਬਧ ਕਰਵਾਇਆ ਗਿਆ। ਉਨ੍ਹਾਂ ਕਿਹਾ ਕਿ ਇਸ ਦੌਰਾਨ ਕਿਸਾਨਾਂ ਨੂੰ ਬਦਲਦੇ ਮੌਸਮ ’ਚ ਬਿਮਾਰੀਆਂ ਦੀਆਂ ਸਥਿਤੀਆਂ ਨੂੰ ਰੋਕਣ ਬਾਰੇ ਸਲਾਹ ਵੀ ਦਿੱਤੀ ਗਈ। ਇਸ ਮੌਕੇ ਐਕਸਟੈਂਸ਼ਨ ਵਿਭਾਗ ਦੇ ਮੁੱਖੀ ਡਾ. ਐਸ. ਕੇ. ਕਾਂਸਲ, ਫਾਰਮਾਕੋਲੋਜੀ ਵਿਭਾਗ ਮੱੁਖੀ ਡਾ. ਸਤਿਆਵਾਨ ਰਾਮਪਾਲ, ਪਸ਼ੂਧਨ ਉਤਪਾਦ ਤਕਨਾਲੋਜੀ ਵਿਭਾਗ ਮੁਖੀ ਡਾ. ਵੀ. ਵੀ. ਕੁਲਕਰਨੀ ਅਤੇ ਡਾ. ਸਨੋਬਰ ਰਸੂਲ, ਡਾ. ਮਨਿੰਦਰ ਸਿੰਘ, ਡਾ. ਸਿਮਰਨਜੀਤ ਉੱਤਮ, ਡਾ. ਪ੍ਰਿੰਸ ਚੌਹਾਨ ਵੱਖ-ਵੱਖ ਵਿਭਾਗਾਂ ਦੇ ਸਹਾਇਕ ਪ੍ਰੋਫੈਸਰਾਂ ਨੇ ਵੀ ਹਿੱਸਾ ਲਿਆ।
ਇਸ ਦੌਰਾਨ ਡਾ. ਵਰਮਾ ਨੇ ਕਿਸਾਨ ਮੇਲੇ ’ਚ ਫੈਕਲਟੀ ਅਤੇ ਵਿਦਿਆਰਥੀਆਂ ਦੀ ਫੇਰੀ ਦੀ ਸ਼ਲਾਘਾ ਕਰਦਿਆਂ ਕਿਸਾਨਾਂ ਨੂੰ ਗਿਆਨ ਦੇ ਪ੍ਰਸਾਰ ਲਈ ਅਜਿਹੇ ਮੇਲਿਆਂ ਦੀ ਮਹੱਤਤਾ ’ਤੇ ਚਾਨਣਾ ਪਾਇਆ। ਉਨ੍ਹਾਂ ਕਿਹਾ ਕਿ ਫੇਰੀ ਉਪਰੰਤ ਵਿਦਿਆਰਥੀਆਂ ਨੇ ਟਿਕਾਊ ਵਿਕਾਸ, ਭੋਜਨ ਸੁਰੱਖਿਆ ਅਤੇ ਪੇਂਡੂ ਜੀਵਨ ਲਈ ਪ੍ਰਭਾਵਾਂ ’ਤੇ ਜੋ ਸਿੱਖਿਆ ਉਸ ’ਤੇ ਆਪਣੇ ਤਜ਼ਰਬਿਆਂ ’ਤੇ ਵਿਚਾਰ-ਚਰਚਾ ਕੀਤੀ। ਉਨ੍ਹਾਂ ਕਿਹਾ ਕਿ ਉਕਤ ਫੇਰੀ ਨੇ ਵਿਦਿਆਰਥੀਆਂ ਨੂੰ ਖੇਤੀਬਾੜੀ, ਪਸ਼ੂਧਨ, ਪੇਂਡੂ ਜੀਵਨ ਅਤੇ ਖੇਤੀ ਖੇਤਰ ’ਚ ਚੁਣੌਤੀਆਂ ਅਤੇ ਮੌਕਿਆਂ ਦੀ ਸੰਪੂਰਨ ਸਮਝ ਪ੍ਰਦਾਨ ਕਰਦਿਆਂ ਦੁਨੀਆ ਦੀ ਆਬਾਦੀ ਨੂੰ ਭੋਜਨ ਦੇਣ ’ਚ ਖੇਤੀਬਾੜੀ ਅਤੇ ਸਹਾਇਕ ਖੇਤਰ ਦੀ ਮਹੱਤਤਾ ਦੀ ਕਦਰ ਕਰਨ ਲਈ ਪ੍ਰੇਰਿਤ ਕੀਤਾ।