ਪੰਜਾਬ

ਸਿੱਖ ਬੀਬੀ ਦੇ ਕਾਤਲ ਤੁਰੰਤ ਗ੍ਰਿਫ਼ਤਾਰ ਕਰੇ ਪੰਜਾਬ ਸਰਕਾਰ- ਜਥੇਦਾਰ ਕੁਲਦੀਪ ਸਿੰਘ ਗੜਗੱਜ

ਕੌਮੀ ਮਾਰਗ ਬਿਊਰੋ/ ਚਰਨਜੀਤ ਸਿੰਘ | April 11, 2025 09:59 PM

ਅੰਮ੍ਰਿਤਸਰ- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਅੱਜ ਤਰਨ ਤਾਰਨ ਜ਼ਿਲ੍ਹੇ ਦੇ ਕੰਗ ਪਿੰਡ ਵਿਖੇ ਉਸ ਪੀੜਤ ਸਿੱਖ ਪਰਿਵਾਰ ਦੇ ਘਰ ਪੁੱਜੇ ਜਿੱਥੇ ਬੀਤੇ ਦਿਨੀਂ ਨੌਜਵਾਨ ਸਿੱਖ ਬੀਬੀ ਗੁਰਪ੍ਰੀਤ ਕੌਰ ਦਾ ਗੁਰਬਾਣੀ ਦਾ ਪਾਠ ਕਰਦੇ ਹੋਏ ਦਿਨ ਦਿਹਾੜੇ ਬੜੀ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਸੀ। ਜਥੇਦਾਰ ਗੜਗੱਜ ਨੇ ਸਿੱਖ ਬੀਬੀ ਦੇ ਪਰਿਵਾਰਕ ਮੈਂਬਰਾਂ ਅਤੇ ਬੱਚਿਆਂ ਨਾਲ ਮੁਲਾਕਾਤ ਕਰਕੇ ਉਨ੍ਹਾਂ ਦਾ ਦੁੱਖ ਸਾਂਝਾ ਕੀਤਾ। ਇਸ ਮੌਕੇ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਪਰਿਵਾਰ ਨਾਲ ਬੈਠ ਕੇ ਗੁਰਬਾਣੀ ਦਾ ਜਾਪ ਕਰਕੇ ਕਰਤਾ ਪੁਰਖ ਅੱਗੇ ਖੁਦ ਅਰਦਾਸ ਕੀਤੀ ਕਿ ਉਹ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ, ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਅਤੇ ਪਰਿਵਾਰ ਨੂੰ ਚੜ੍ਹਦੀ ਕਲਾ ਬਖ਼ਸ਼ਣ। ਉਨ੍ਹਾਂ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਤਰਫ਼ੋਂ ਪਰਿਵਾਰ ਨੂੰ ਇਨਸਾਫ਼ ਦਿਵਾਉਣ ਵਿੱਚ ਹਰ ਪੱਧਰ ਉੱਤੇ ਸਹਿਯੋਗ ਦਾ ਭਰੋਸਾ ਦਿੱਤਾ।
ਇਸ ਮੌਕੇ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਪੰਜਾਬ ਸੂਬੇ ਅੰਦਰ ਵਿਗੜੀ ਅਮਨ ਕਾਨੂੰਨ ਦੀ ਸਥਿਤੀ ਉੱਤੇ ਵੀ ਸਵਾਲ ਚੁੱਕਦਿਆਂ ਕਿਹਾ ਕਿ ਸਰਕਾਰ ਲੋਕਾਂ ਦੀ ਰਾਖੀ ਕਰਨ ਵਿੱਚ ਪੂਰੀ ਤਰ੍ਹਾਂ ਫੇਲ੍ਹ ਹੈ। ਉਨ੍ਹਾਂ ਕਿਹਾ ਕਿ ਇਹ ਸਰਕਾਰਾਂ ਦੀ ਜਿੰਮੇਵਾਰੀ ਹੈ ਕਿ ਉਹ ਆਪਣੇ ਨਾਗਰਿਕਾਂ ਦੀ ਜਾਨ ਮਾਲ ਦੀ ਰਾਖੀ ਕਰੇ ਅਤੇ ਇਸ ਪਰਿਵਾਰ ਦਾ ਦੁੱਖ ਬਹੁਤ ਵੱਡਾ ਹੈ। ਉਨ੍ਹਾਂ ਸਮੂਹ ਅਮਨ ਪਸੰਦ ਲੋਕਾਂ ਨੂੰ ਇਸ ਪਰਿਵਾਰ ਦਾ ਨਿਆਂ ਦਿਵਾਉਣ ਵਿੱਚ ਸਾਥ ਦੇਣ ਲਈ ਵੀ ਆਖਿਆ। ਉਨ੍ਹਾਂ ਸਮੁੱਚੇ ਪੰਜਾਬ ਦੇ ਪਿੰਡ ਵਾਸੀਆਂ ਅਤੇ ਸਮਾਜ ਨੂੰ ਆਪਣੇ ਆਲੇ-ਦੁਆਲੇ ਦਾ ਧਿਆਨ ਰੱਖਣ ਅਤੇ ਸ਼ਰਾਰਤੀ ਤੇ ਅਪਰਾਧੀ ਅਨਸਰਾਂ ਵਿਰੁੱਧ ਇੱਕਜੁੱਟਤਾ ਨਾਲ ਨਜਿੱਠਣ ਲਈ ਕਿਹਾ।
ਪੀੜਤ ਪਰਿਵਾਰ ਨੇ ਜਥੇਦਾਰ ਨੂੰ ਦੱਸਿਆ ਕਿ ਤਿੰਨ ਦਿਨ ਬੀਤ ਜਾਣ ਦੇ ਬਾਵਜੂਦ ਵੀ ਹੁਣ ਤੱਕ ਪੁਲਿਸ ਵੱਲੋਂ ਹੱਤਿਆ ਕਰਨ ਵਾਲੇ ਦੋਸ਼ੀ ਗ੍ਰਿਫ਼ਤਾਰ ਨਹੀਂ ਕੀਤੇ ਗਏ ਹਨ। ਜਥੇਦਾਰ ਗੜਗੱਜ ਨੇ ਪੰਜਾਬ ਸਰਕਾਰ ਨੂੰ ਸਖ਼ਤੀ ਨਾਲ ਕਿਹਾ ਕਿ ਇਸ ਘਟਨਾ ਦੇ ਦੋਸ਼ੀਆਂ ਨੂੰ ਤੁਰੰਤ ਗ੍ਰਿਫ਼ਤਾਰ ਕਰਕੇ ਸਾਹਮਣੇ ਲਿਆਂਦਾ ਜਾਵੇ ਅਤੇ ਕਾਨੂੰਨ ਮੁਤਾਬਕ ਸਖ਼ਤ ਤੋਂ ਸਖ਼ਤ ਸਜ਼ਾ ਦਿਵਾ ਕੇ ਪਰਿਵਾਰ ਨੂੰ ਇਨਸਾਫ਼ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਸਮੁੱਚਾ ਖ਼ਾਲਸਾ ਪੰਥ ਇਸ ਪਰਿਵਾਰ ਦੇ ਨਾਲ ਖੜ੍ਹਾ ਹੈ ਅਤੇ ਸਰਕਾਰ ਸਮਾਜ ਵਿੱਚ ਖੁੱਲ੍ਹੇ ਤੌਰ ’ਤੇ ਵਿਚਰ ਰਹੇ ਅਪਰਾਧੀ ਅਨਸਰਾਂ ਨੂੰ ਤੁਰੰਤ ਨੱਥ ਪਾਵੇ।
ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਪੰਜਾਬ ਨੇ ਮਾੜੇ ਤੋਂ ਮਾੜੇ ਹਾਲਾਤ ਵਿੱਚ ਵੀ ਬੱਚਿਆਂ ਅਤੇ ਬੀਬੀਆਂ ਦੀ ਰੱਖਿਆ ਕੀਤੀ ਹੈ ਪਰ ਅਜਿਹਾ ਬਦਲਾਅ ਸੂਬੇ ਅੰਦਰ ਪਹਿਲਾਂ ਕਦੇ ਨਹੀਂ ਆਇਆ ਕਿ ਗੁਰਬਾਣੀ ਦਾ ਪਾਠ ਕਰਦੀ ਸਾਡੀ ਧੀ ਦਾ ਕਤਲ ਕਰ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਇਹ ਘਟਨਾ ਬਹੁਤ ਮੰਦਭਾਗੀ ਹੈ ਅਤੇ ਇਸ ਨੇ ਉਨ੍ਹਾਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ।
ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਸ. ਅਲਵਿੰਦਰਪਾਲ ਸਿੰਘ ਪੱਖੋਕੇ, ਸ. ਗੁਰਬਚਨ ਸਿੰਘ ਕਰਮੂਵਾਲਾ, ਅਕਾਲੀ ਆਗੂ ਸ. ਰਵਿੰਦਰ ਸਿੰਘ ਬ੍ਰਹਮਪੁਰਾ, ਸ. ਧਰਮਿੰਦਰ ਸਿੰਘ ਮਾਨੋਚਾਹਲ ਮੈਨੇਜਰ ਸ੍ਰੀ ਦਰਬਾਰ ਸਾਹਿਬ ਤਰਨ ਤਾਰਨ ਸਾਹਿਬ, ਸ. ਗੁਰਸੇਵਕ ਸਿੰਘ ਸ਼ੇਖ ਨੇ ਵੀ ਜਥੇਦਾਰ ਗੜਗੱਜ ਦੇ ਨਾਲ ਕੰਗ ਪਿੰਡ ਪੁੱਜ ਕੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ।

Have something to say? Post your comment

 

ਪੰਜਾਬ

ਭਾਜਪਾ ਨੂੰ ਅੰਬੇਡਕਰ, ਸੰਵਿਧਾਨ ਪ੍ਰਤੀ ਬਹੁਤ ਨਫ਼ਰਤ ਹੈ-ਸੰਵਿਧਾਨ ਬਚਾਓ ਰੈਲੀ

ਫਿਲਮਾਂ ਰਾਹੀਂ ਸਿੱਖੀ ਸਵਾਂਗ ਦੇ ਸਿਧਾਂਤਕ ਕੁਰਾਹੇ ਨੂੰ ਰੋਕਣ ਲਈ ਪੰਥ ਕਰੇ ਸਾਂਝਾ ਫੈਸਲਾ- 50 ਤੋਂ ਵੱਧ ਸਿੱਖ ਜੱਥੇਬੰਦੀਆਂ

ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਬਾਬਾ ਸਾਹਿਬ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਮੁੱਖ ਮੰਤਰੀ ਦੀ ਕੀਤੀ ਸ਼ਲਾਘਾ

ਸੂਬੇ ਭਰ ਦੇ ‘ਆਪ; ਆਗੂਆਂ ਅਤੇ ਵਲੰਟੀਅਰਾਂ ਨੇ ਉਤਸ਼ਾਹ ਨਾਲ ਮਨਾਈ ਡਾ. ਬੀ. ਆਰ. ਅੰਬੇਡਕਰ ਜਯੰਤੀ

ਪਟਿਆਲਾ ਵਿਖੇ ਸੂਬਾ ਪੱਧਰੀ ਸਮਾਗਮ ਦੌਰਾਨ ਬਾਬਾ ਸਾਹਿਬ ਨੂੰ ਸ਼ਰਧਾਂਜਲੀ ਕੀਤੀ ਭੇਟ: ਮੁੱਖ ਮੰਤਰੀ ਮਾਨ

ਬਾਜਵਾ ਨੂੰ ਸਿਰਫ਼ ਮੀਡੀਆ ਵਿੱਚ ਬਣੇ ਰਹਿਣ ਦੀ ਚਿੰਤਾ ਹੈ, ਉਨ੍ਹਾਂ ਨੂੰ ਪੰਜਾਬ ਦੀ ਸੁਰੱਖਿਆ ਦੀ ਕੋਈ ਚਿੰਤਾ ਨਹੀਂ

ਠੇਕੇਦਾਰ ਤੋਂ 10 ਫ਼ੀਸਦ ਕਮਿਸ਼ਨ ਮੰਗਣ ਦੇ ਦੋਸ਼ ਵਿੱਚ ਵਿਜੀਲੈਂਸ ਬਿਊਰੋ ਵੱਲੋਂ ਸੁਪਰਡੈਂਟ ਇੰਜੀਨੀਅਰ ਗ੍ਰਿਫ਼ਤਾਰ

16 ਅਪ੍ਰੈਲ ਨੂੰ ਹੋਵੇਗੀ ਸ਼੍ਰੋਮਣੀ ਕਮੇਟੀ ਦੀ ਅੰਤ੍ਰਿੰਗ ਕਮੇਟੀ ਦੀ ਇਕੱਤਰਤਾ

326ਵਾਂ ਖਾਲਸਾ ਸਾਜਨਾ ਦਿਵਸ ਸ਼ਰਧਾ ਪੂਰਵਕ ਮਨਾਇਆ ਗਿਆ ਗੁਰਦੁਆਰਾ ਸਿੰਘ ਸ਼ਹੀਦਾਂ ਵਿਖੇ

 ਬਾਬਾ ਬਲਬੀਰ ਸਿੰਘ ਦੀ ਅਗਵਾਈ ਵਿਚ ਨਿਹੰਗ ਸਿੰਘਾਂ ਵਲੋਂ ਖ਼ਾਲਸਾਈ ਜਾਹੋ ਜਲਾਲ ਨਾਲ ਮਹੱਲਾ ਕੱਢਣ ਦੇ ਨਾਲ ਹੀ ਵਿਸਾਖੀ ਮੇਲਾ ਸਮਾਪਤ