ਨਵੀਂ ਦਿੱਲੀ- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਦਿੱਲੀ ਫਤਿਹ ਦਿਵਸ ਦੇ ਦੂਜੇ ਤੇ ਅੰਤਿਮ ਦਿਨ ਜਰਨੈਲੀ ਮਾਰਚ ਸਜਾਇਆ ਜਿਸ ਵਿਚ ਖਾਲਸਾ ਪੰਥ ਦੀਆਂ ਜਥੇਬੰਦੀਆਂ ਨੇ ਦਲ ਬਲ ਨਾਲ ਸ਼ਮੂਲੀਅਤ ਕੀਤੀ। ਇਹ ਜਰਨੈਲੀ ਮਾਰਚ ਛੱਤਾ ਪੁੱਲ ਤੋਂ ਸ਼ੁਰੂ ਹੋ ਕੇ ਲਾਲ ਕਿਲ੍ਹੇ ’ਤੇ ਸਮਾਪਤ ਹੋਇਆ।
ਇਸ ਮੌਕੇ ਸੰਬੋਧਨ ਕਰਦਿਆਂ ਕਮੇਟੀ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ, ਜਨਰਲ ਸਕੱਤਰ ਸਰਦਾਰ ਜਗਦੀਪ ਸਿੰਘ ਕਾਹਲੋਂ ਤੇ ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਸਰਦਾਰ ਜਸਪ੍ਰੀਤ ਸਿੰਘ ਕਰਮਸਰ ਨੇ ਦੱਸਿਆ ਕਿ ਪਹਿਲਾਂ ਲੋਕਾਂ ਨੂੰ ਪਤਾ ਨਹੀਂ ਸੀ ਕਿ ਦਿੱਲੀ ’ਤੇ ਖਾਲਸਾ ਨੇ ਫਤਿਹ ਦਰਜ ਕੀਤੀ ਹੈ। ਲੋਕਾਂ ਨੂੰ ਪਤਾ ਨਹੀਂ ਸੀ ਕਿ ਤੀਸ ਹਜ਼ਾਰੀ ਦਾ ਕੀ ਇਤਿਹਾਸ ਹੈ, ਮੋਰੀ ਗੇਟ ਦਾ ਕੀ ਇਤਿਹਾਸ ਹੈ ? ਉਹਨਾਂ ਕਿਹਾ ਕਿ ਜਦੋਂ ਮੁਗਲੀਆ ਹਕੂਮਤ ਨੇ ਸਾਰੇ ਦਰਵਾਜ਼ੇ ਬੰਦ ਕਰ ਲਏ ਤਾਂ ਖਾਲਸਾ ਫੌਜ ਨੇ ਮੋਰੀ ਕੱਢ ਕੇ ਲਾਲ ਕਿਲ੍ਹੇ ਵਿਚ ਦਾਖਲਾ ਕੀਤਾ ਤੇ ਫਤਿਹ ਦਰਜ ਕੀਤੀ। ਅੱਜ ਇਤਿਹਾਸ ਸਿੱਖ ਬੱਚਿਆਂ ਨੂੰ ਦੱਸਣਾ ਸਾਡੀ ਜ਼ਿੰਮੇਵਾਰੀ ਹੈ। ਇਸ ਲਾਲ ਕਿਲ੍ਹੇ ’ਤੇ ਹੀ ਇਤਿਹਾਸ ਲਿਖਿਆ ਗਿਆ। ਉਹਨਾਂ ਦੱਸਿਆ ਕਿ ਇਸ ਜਰਨੈਲੀ ਮਾਰਚ ਵਿਚ 96 ਕਰੋੜੀ ਬੁੱਢਾ ਦਲ ਦੇ ਮੁਖੀ ਬਾਬਾ ਬਲਬੀਰ ਸਿੰਘ, ਸੰਤ ਸਮਾਜ ਸੰਪਰਦਾਵਾਂ ਦੇ ਮੁਖੀ ਤੇ ਹੋਰ ਸੰਗਤਾਂ ਨੇ ਸ਼ਮੂਲੀਅਤ ਕੀਤੀ ਹੈ। ਉਹਨਾਂ ਦੱਸਿਆ ਕਿ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਦੇ ਬੱਚਿਆਂ ਨੇ ਵੀ ਇਸ ਮਾਰਚ ਵਿਚ ਹਿੱਸਾ ਲਿਆ ਹੈ। ਉਹਨਾਂ ਦੱਸਿਆ ਕਿ ਕੁਝ ਲੋਕ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲਾਂ ਨੂੰ ਬਦਨਾਮ ਕਰਨ ਵਿਚ ਲੱਗੇ ਹਨ ਜਦੋਂ ਕਿ ਇਹ ਕੌਮ ਦੀਆਂ ਇਤਿਹਾਸਕ ਸੰਸਥਾਵਾਂ ਹਨ ਜਿਹਨਾਂ ਦੇ ਬੱਚਿਆਂ ਨੂੰ ਵਿਸ਼ੇਸ਼ ਸਿੱਖਲਾਈ ਦਿੱਤੀ ਜਾਂਦੀ ਹੈ। ਉਹਨਾਂ ਨੇ ਇਹਨਾਂ ਸਕੂਲਾਂ ਨੂੰ ਚਲਾਉਣ ਵਿਚ ਸਹਿਯੋਗ ਦੇਣ ਵਾਸਤੇ ਸਟਾਫ ਦਾ ਉੱਚੇਚੇ ਤੌਰ ’ਤੇ ਧੰਨਵਾਦ ਕੀਤਾ। ਉਹਨਾਂ ਨੇ ਦੋ ਰੋਜ਼ਾ ਦਿੱਲੀ ਫਤਿਹ ਦਿਵਸ ਮਨਾਉਣ ਵਿਚ ਸਹਿਯੋਗ ਦੇਣ ਵਾਲੇ ਦਿੱਲੀ ਗੁਰਦੁਆਰਾ ਕਮੇਟੀ ਦੇ ਸਮੁੱਚੇ ਸਟਾਫ ਦਾ ਧੰਨਵਾਦ ਕੀਤਾ ਜਿਹਨਾਂ ਨੇ ਮਾੜੇ ਮੌਸਮ ਦੇ ਬਾਵਜੂਦ ਵੱਧ ਚੜ੍ਹ ਕੇ ਮਿਹਨਤ ਕਰ ਕੇ ਇਹ ਪ੍ਰੋਗਰਾਮ ਸਿਰੇ ਚੜ੍ਹਾਉਣ ਵਾਸਤੇ ਸਹਿਯੋਗ ਦਿੱਤਾ। ਉਹਨਾਂ ਕਿਹਾ ਕਿ ਦਿੱਲੀ ਫਤਿਹ ਦਿਵਸ ਦੀ ਆਪਣੀ ਵਿਸ਼ੇਸ਼ ਮਹੱਤਤਾ ਹੈ ਤੇ ਆਉਂਦੇ ਸਮੇਂ ਵਿਚ ਇਹ ਦਿਵਸ ਹੋਰ ਵੀ ਵੱਧ ਉਤਸ਼ਾਹ ਨਾਲ ਮਨਾਇਆ ਜਾਇਆ ਕਰੇਗਾ। ਉਹਨਾਂ ਨੇ ਇਹ ਦਿਵਸ ਮਨਾਉਣ ਵਾਸਤੇ ਲੰਗਰ ਸੇਵਾ ਕਰਨ ਵਾਲੇ ਮਹਾਂਪੁਰਖਾਂ ਦਾ ਉਚੇਚੇ ਤੌਰ ’ਤੇ ਧੰਨਵਾਦ ਕੀਤਾ।