ਨਵੀਂ ਦਿੱਲੀ-ਦਿੱਲੀ ਹਾਈ ਕੋਰਟ ਨੇ ਮੰਗਲਵਾਰ ਨੂੰ ਪਤੰਜਲੀ ਦੇ ਸੰਸਥਾਪਕ ਬਾਬਾ ਰਾਮਦੇਵ ਨੂੰ ਹਮਦਰਦ ਕੰਪਨੀ ਅਤੇ ਇਸਦੇ ਮਸ਼ਹੂਰ ਡਰਿੰਕ ਰੂਹ ਅਫਜ਼ਾ ਵਿਰੁੱਧ ਉਨ੍ਹਾਂ ਦੀਆਂ ਫਿਰਕੂ ਟਿੱਪਣੀਆਂ ਲਈ ਸਖ਼ਤ ਝਾੜ ਪਾਈ।
ਹਮਦਰਦ ਨੈਸ਼ਨਲ ਫਾਊਂਡੇਸ਼ਨ ਇੰਡੀਆ ਵੱਲੋਂ ਦਾਇਰ ਮੁਕੱਦਮੇ ਦੀ ਸ਼ੁਰੂਆਤੀ ਸੁਣਵਾਈ ਵਿੱਚ ਜਸਟਿਸ ਅਮਿਤ ਬਾਂਸਲ ਨੇ ਰਾਮਦੇਵ ਦੇ ਬਿਆਨਾਂ ਨੂੰ "ਨਾ-ਮਾਫ਼ਯੋਗ" ਕਰਾਰ ਦਿੱਤਾ ਅਤੇ ਕਿਹਾ ਕਿ ਇਹ ਅਦਾਲਤ ਦੀ ਜ਼ਮੀਰ ਨੂੰ ਝੰਜੋੜਦਾ ਹੈ। ਅਦਾਲਤ ਨੇ ਰਾਮਦੇਵ ਦੇ ਵਕੀਲ ਨੂੰ ਸਖ਼ਤ ਕਾਰਵਾਈ ਦੀ ਚੇਤਾਵਨੀ ਦਿੱਤੀ ਅਤੇ ਉਨ੍ਹਾਂ ਨੂੰ ਹਦਾਇਤਾਂ ਲੈਣ ਲਈ ਦੁਬਾਰਾ ਪੇਸ਼ ਹੋਣ ਲਈ ਕਿਹਾ।
ਅਦਾਲਤ ਨੇ ਰਾਮਦੇਵ ਨੂੰ ਇੱਕ ਹਲਫ਼ਨਾਮਾ ਦਾਇਰ ਕਰਨ ਦਾ ਹੁਕਮ ਦਿੱਤਾ ਜਿਸ ਵਿੱਚ ਉਹ ਇਹ ਵਾਅਦਾ ਕਰਨਗੇ ਕਿ ਉਹ ਭਵਿੱਖ ਵਿੱਚ ਹਮਦਰਦ ਵਿਰੁੱਧ ਕੋਈ ਇਤਰਾਜ਼ਯੋਗ ਬਿਆਨ, ਇਸ਼ਤਿਹਾਰ ਜਾਂ ਸੋਸ਼ਲ ਮੀਡੀਆ ਪੋਸਟ ਜਾਰੀ ਨਹੀਂ ਕਰਨਗੇ। ਅਦਾਲਤ ਨੇ ਇਸ ਲਈ ਇੱਕ ਹਫ਼ਤੇ ਦਾ ਸਮਾਂ ਦਿੱਤਾ ਅਤੇ ਮਾਮਲੇ ਦੀ ਅਗਲੀ ਸੁਣਵਾਈ 1 ਮਈ ਨੂੰ ਤੈਅ ਕੀਤੀ। ਰਾਮਦੇਵ ਵੱਲੋਂ ਪੇਸ਼ ਹੋਏ ਵਕੀਲ ਰਾਜੀਵ ਨਈਅਰ ਨੇ ਅਦਾਲਤ ਨੂੰ ਦੱਸਿਆ ਕਿ ਵਿਵਾਦਪੂਰਨ ਵੀਡੀਓ ਨੂੰ ਹਟਾਉਣ ਦੇ ਨਿਰਦੇਸ਼ ਜਾਰੀ ਕੀਤੇ ਗਏ ਹਨ ਅਤੇ ਉਨ੍ਹਾਂ ਦਾ ਮੰਨਣਾ ਹੈ ਕਿ ਮਾਮਲਾ ਇੱਥੇ ਹੀ ਖਤਮ ਹੋ ਜਾਂਦਾ ਹੈ। ਹਾਲਾਂਕਿ, ਅਦਾਲਤ ਨੇ ਕਿਹਾ ਕਿ ਵੀਡੀਓ ਦੇਖਣ ਤੋਂ ਬਾਅਦ, ਉਸਨੂੰ ਆਪਣੇ ਕੰਨਾਂ ਅਤੇ ਅੱਖਾਂ 'ਤੇ ਵਿਸ਼ਵਾਸ ਨਹੀਂ ਹੋ ਰਿਹਾ।
ਦਰਅਸਲ, 3 ਅਪ੍ਰੈਲ ਨੂੰ ਰਾਮਦੇਵ ਨੇ ਪਤੰਜਲੀ ਦੇ ਗੁਲਾਬ ਸ਼ਰਬਤ ਦਾ ਪ੍ਰਚਾਰ ਕਰਦੇ ਹੋਏ ਹਮਦਰਦ 'ਤੇ ਇੱਕ ਵਿਵਾਦਪੂਰਨ ਟਿੱਪਣੀ ਕੀਤੀ ਸੀ। ਇੱਕ ਵਾਇਰਲ ਵੀਡੀਓ ਵਿੱਚ, ਉਸਨੇ ਦਾਅਵਾ ਕੀਤਾ ਕਿ ਹਮਦਰਦ ਆਪਣੀ ਕਮਾਈ ਤੋਂ ਮਸਜਿਦਾਂ ਅਤੇ ਮਦਰੱਸੇ ਬਣਾਉਂਦਾ ਹੈ। ਰਾਮਦੇਵ ਨੇ 'ਸ਼ਰਬਤ ਜਿਹਾਦ' ਸ਼ਬਦ ਦੀ ਵਰਤੋਂ ਕਰਦੇ ਹੋਏ ਕਿਹਾ ਕਿ ਹਮਦਰਦ ਦਾ ਸ਼ਰਬਤ ਪੀਣ ਨਾਲ ਮਸਜਿਦਾਂ ਅਤੇ ਮਦਰੱਸਿਆਂ ਦੀ ਉਸਾਰੀ ਹੋਵੇਗੀ, ਜਦੋਂ ਕਿ ਪਤੰਜਲੀ ਦਾ ਸ਼ਰਬਤ ਗੁਰੂਕੁਲ, ਆਚਾਰੀਆਕੁਲਮ ਅਤੇ ਭਾਰਤੀ ਸਿੱਖਿਆ ਬੋਰਡ ਨੂੰ ਉਤਸ਼ਾਹਿਤ ਕਰੇਗਾ। ਉਸਨੇ ਹਮਦਰਦ ਦੇ ਸ਼ਰਬਤ ਨੂੰ 'ਲਵ ਜੇਹਾਦ' ਅਤੇ 'ਵੋਟ ਜੇਹਾਦ' ਨਾਲ ਜੋੜਿਆ। ਇਸ ਬਿਆਨ ਤੋਂ ਦੁਖੀ ਹੋ ਕੇ, ਹਮਦਰਦ ਨੇ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ। ਅਦਾਲਤ ਨੇ ਰਾਮਦੇਵ ਦੇ ਬਿਆਨਾਂ ਨੂੰ ਫਿਰਕੂ ਅਤੇ ਇਤਰਾਜ਼ਯੋਗ ਮੰਨਦੇ ਹੋਏ ਸਖ਼ਤ ਰੁਖ਼ ਅਪਣਾਇਆ।