ਨਵੀਂ ਦਿੱਲੀ- ਬੀਤੇ ਦਿਨ ਪਹਿਲਗਾਮ (ਜੰਮੂ-ਕਸ਼ਮੀਰ, ਭਾਰਤ) ਵਿੱਚ ਹਥਿਆਰਬੰਦ ਲੋਕਾਂ ਵੱਲੋਂ ਆਮ ਨਿਰਦੋਸ਼ ਲੋਕਾਂ ਉੱਪਰ ਕੀਤੀ ਫਾਇਰਿੰਗ ਦੌਰਾਨ ਹੁਣ ਤੱਕ 26 ਮੌਤਾਂ ਦੀ ਪੁਸ਼ਟੀ ਹੋ ਚੁੱਕੀ ਹੈ, ਜਖ਼ਮੀਆਂ ਵਿਚੋਂ ਕੁੱਝ ਲੋਕਾਂ ਦੀ ਹਾਲਤ ਨਾਜ਼ੁਕ ਹੈ ਮੌਤਾਂ ਦੀ ਗਿਣਤੀ ਵੱਧਣ ਦੀ ਅਸ਼ੰਕਾ ਹੈ। ਹਮਲੇ ਤੋਂ ਬਾਅਦ ਭਾਰਤ ਦੇ ਗ੍ਰਹਿ ਮੰਤਰੀ ਜੰਮੂ-ਕਸ਼ਮੀਰ ਵਿੱਚ ਹਨ ਅਤੇ ਭਾਰਤ ਦੇ ਪ੍ਰਧਾਨ ਮੰਤਰੀ ਆਪਣਾ ਸਾਊਦੀ ਅਰਬ ਦਾ ਦੌਰਾ ਖਤਮ ਕਰਕੇ ਭਾਰਤ ਆ ਗਏ ਹਨ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਯੂਕੇ ਇਕਾਈ ਦੇ ਮੁੱਖ ਸੇਵਾਦਾਰ ਸਰਬਜੀਤ ਸਿੰਘ, ਸੀਨੀਅਰ ਮੀਤ ਪ੍ਰਧਾਨ ਮਨਜੀਤ ਸਿੰਘ ਸਮਰਾ, ਜਨਰਲ ਸਕੱਤਰ ਸਤਿੰਦਰਪਾਲ ਸਿੰਘ ਮੰਗੂਵਾਲ, ਆਰਗੇਨਾਈਜਰ ਪਰੀਤਕਮਲ ਸਿੰਘ ਸਮੇਤ ਸਮੂਹ ਅਹੁਦੇਦਾਰਾਂ ਅਤੇ ਮੈਂਬਰਾਂ ਨੇ ਮਾਨਵਤਾ ਦੇ ਇਸ ਦਰਦਨਾਕ ਘਟਨਾ ਤੇ ਗਹਿਰਾ ਦੁੱਖ ਅਤੇ ਸਮੂਹ ਪੀੜਤ ਪਰਿਵਾਰਾਂ ਨਾਲ ਹਮਦਰਦੀ ਦਾ ਪ੍ਰਗਟਾਵਾ ਕਰਦੇ ਹੋਏ ਕਿਹਾ ਕਿ ਇਸਦੀ ਨਿਰਪੱਖ ਜਾਂਚ ਕਰਕੇ ਇਸ ਲਈ ਜਿੰਮੇਵਾਰਾਂ ਉੱਪਰ ਸਖਤ ਕਾਰਵਾਈ ਹੋਣੀ ਚਾਹੀਦੀ ਹੈ। ਜਿਕਰਯੋਗ ਹੈ ਕਿ ਇਸ ਸਮੇਂ ਅਮਰੀਕਾ ਦੇ ਉਪ ਰਾਸ਼ਟਰਪਤੀ ਆਪਣੇ ਪਰਿਵਾਰ ਸਮੇਤ ਭਾਰਤ ਦੌਰੇ 'ਤੇ ਹਨ ਕੀ ਇਸਨੂੰ ਮਹਿਜ ਸੰਯੋਗ ਹੀ ਸਮਝਿਆ ਜਾਵੇ ਕਿ ਕੁੱਝ ਸਾਲ ਪਹਿਲਾਂ ਅਮਰੀਕਾ ਦੇ ਉਸ ਸਮੇਂ ਦੇ ਰਾਸ਼ਟਰਪਤੀ ਮਿ: ਬਿਲ ਕਲਿੰਟਨ ਦੇ ਭਾਰਤ ਦੌਰੇ ਸਮੇਂ ਚਿੱਠੀ ਸਿੰਘ ਪੁਰਾ (ਜੰਮੂ-ਕਸ਼ਮੀਰ) ਵਿੱਚ ਬੇਗੁਨਾਹਾਂ ਦਾ ਦਰਦਨਾਕ ਕਤਲੇਆਮ ਹੋਇਆ ਸੀ। ਮਿ: ਕਲਿੰਟਨ ਨੇ ਇਸ ਬਾਰੇ ਲਿਖਿਆ ਵੀ ਸੀ ਕਿ ਜੇ ਉਹ ਭਾਰਤ ਦੌਰੇ 'ਤੇ ਨਾਂ ਜਾਂਦੇ ਤਾਂ ਸ਼ਾਇਦ ਉਨ੍ਹਾਂ ਲੋਕਾਂ ਦੀ ਇੰਞ ਜਾਨ ਨਾਂ ਜਾਂਦੀ, ਪਰ ਅਫਸੋਸ ਕੇ ਇਸ ਇੰਕਸ਼ਾਫ ਨੂੰ ਵੀ ਗੰਭੀਰਤਾ ਨਾਲ ਨਹੀਂ ਲਿਆ ਗਿਆ, ਨਾਂ ਹੀ ਅਸਲ ਸੱਚ ਸਾਹਮਣੇ ਆਇਆ, ਨਾਂ ਸਹੀ ਅਰਥਾਂ ਵਿੱਚ ਇਨਸਾਫ ਮਿਲਿਆ। ਜੰਮੂ-ਕਸ਼ਮੀਰ ਵਿੱਚੋਂ ਧਾਰਾ 370 ਖਤਮ ਕਰਕੇ ਅਤੇ ਰਾਜ ਦਾ ਦਰਜਾ ਖਤਮ ਕਰਕੇ ਪਰਚਾਰਿਆ ਜਾ ਰਿਹਾ ਸੀ ਕੇ ਅੱਤਵਾਦ ਦਾ ਲੱਕ ਤੋੜ ਦਿੱਤਾ ਹੈ ਅਤੇ ਹਰ ਗੱਲ ਦਾ ਹੱਲ ਕਰ ਦਿੱਤਾ ਹੈ, ਪਰ ਜੋ ਉੱਥੇ ਹੋ ਰਿਹਾ ਹੈ ਉਸ ਨਾਲ ਸਰਕਾਰੀ ਦਾਅਵੇ ਖੋਖਲੇ ਜਾਪਦੇ ਹਨ। ਹੁਕਮਰਾਨ ਹਰ ਖਬਰ ਹੋਣ ਦੇ ਦਾਅਵੇ ਕਰਦੇ ਰਹਿੰਦੇ ਹਨ ਪਰ ਪੁਲਵਾਮਾ ਵਰਗੇ ਹਮਲੇ ਹੋ ਜਾਂਦੇ ਹਨ। ਹੁਕਮਰਾਨ ਤਾਂ ਲੋਕਾਂ ਦੇ ਟੈਕਸਾਂ ਦੇ ਪੈਸੇ ਨਾਲ ਉੱਚ ਦਰਜਾ ਸੁਰੱਖਿਆ ਵਿੱਚ ਅਤਿ ਅਰਾਮਦਾਇਕ ਸੁੱਖ ਸਹੂਲਤਾਂ ਮਾਣਦੇ ਹਨ ਪਰ ਦੇਸ਼ ਦੇ ਨਾਗਰਿਕ ਮੰਦਹਾਲੀ ਵਿੱਚ ਜੀਵਨ ਬਸਰ ਕਰਦੇ ਹੋਏ ਇੰਞ ਜਾਨਾਂ ਗਵਾ ਰਹੇ ਹਨ ਜਦਕਿ ਮੌਜੂਦਾ ਹੁਕਮਰਾਨਾਂ ਨੂੰ ਸਹੀ ਅਰਥਾਂ ਵਿੱਚ ਆਪਣਾ ਰਾਜ ਧਰਮ ਨਿਭਾਉਣ ਦੀ ਸਖ਼ਤ ਲੋੜ ਹੈ ।
07:39 PM