ਚੰਡੀਗੜ੍ਹ,
ਹਵਾ ਪ੍ਰਦੂਸ਼ਣ ਨੂੰ ਕੰਟਰੋਲ ਲਈ, ਤੰਦਰੁਸਤ ਪੰਜਾਬ ਮਿਸ਼ਨ ਤਹਿਤ ਯਤਨ ਆਰੰਭੇ ਗਏ ਹਨ ਜਿਸ ਤਹਿਤ ਪੰਜਾਬ ਦੇ 2200 ਸਰਗਰਮ ਇੱਟ ਭੱਠਿਆਂ ਵਿਚੋਂ ਜ਼ਿਆਦਾਤਰ ਇੱਟ ਭੱਠਿਆਂ ਵਿਚ ਹਾਈ ਡ੍ਰਾਫਟ ਜ਼ਿੱਗ ਜ਼ੈਗ ਟੈਕਨਾਲੋਜੀ ਦੇ ਪ੍ਰਵਾਨਿਤ ਡਿਜ਼ਾਈਨ ਦੀ ਵਰਤੋਂ ਕੀਤੀ ਜਾ ਰਹੀ ਹੈ ਜਿਸ ਵਿਚ ਰਵਾਇਤੀ ਇੱਟ ਦੀ ਫਾਇਰਿੰਗ ਪ੍ਰਣਾਲੀ ਦੇ ਮੁਕਾਬਲੇ ਘੱਟ ਕੋਲੇ ਦੀ ਵਰਤੋਂ ਹੁੰਦੀ ਹੈ। ਇਹ ਜਾਣਕਾਰੀ ਤੰਦਰੁਸਤ ਪੰਜਾਬ ਮਿਸ਼ਨ ਦੇ ਡਾਇਰੈਕਟਰ ਸ. ਕਾਹਨ ਸਿੰਘ ਪਨੂੰ ਨੇ ਦਿੱਤੀ।
ਉਹਨਾਂ ਕਿਹਾ ਕਿ ਕੰਬਸ਼ਨ ਪ੍ਰਣਾਲੀਆਂ ਵਿਚ ਤਕਨੀਕੀ ਵਿਕਾਸ ਨੇ ਹੁਣ ਕੋਲਾ ਅਧਾਰਤ ਇੱਟ ਭੱਠਿਆਂ ਨੂੰ ਸੀ ਐਨ ਜੀ ਅਧਾਰਤ ਇੱਟ ਭੱਠਿਆਂ ਵਿਚ ਤਬਦੀਲ ਕਰਨਾ ਸੰਭਵ ਕਰ ਦਿੱਤਾ ਹੈ। ਉਹਨਾਂ ਕਿਹਾ ਕਿ ਇਸ ਲਈ, ਤੰਦਰੁਸਤ ਪੰਜਾਬ ਮਿਸ਼ਨ ਤਹਿਤ ਅਸੀਂ ਇੱਟਾਂ ਦੇ ਭੱਠਿਆਂ ਨੂੰ ਕੋਇਲੇ ਤੋਂ ਸੀ.ਐਨ.ਜੀ. ਵਿਚ ਤਬਦੀਲ ਕਰਨ ਦੀਆਂ ਸੰਭਾਵਨਾਵਾਂ ਦੀ ਪੜਚੋਲ ਕਰ ਰਹੇ ਹਾਂ।
ਸ. ਪਨੂੰ ਨੇ ਦੱਸਿਆ ਕਿ ਪੰਜਾਬ ਸੂਬੇ ਵਿੱਚ ਇੱਟਾਂ ਦੇ ਭੱਠੇ ਲਗਪਗ 1100 ਕਰੋੜ ਇੱਟਾਂ ਬਣਾਉਣ ਲਈ 16 ਲੱਖ ਟਨ ਕੋਲੇ ਦੀ ਵਰਤੋਂ ਕਰਦੇ ਹਨ। ਹਾਲਾਂਕਿ, ਇੱਟ ਭੱਠਿਆਂ ਵਿੱਚ ਸੋਧੀ ਹੋਈ ਜ਼ਿੱਗ ਜ਼ੈਗ ਤਕਨਾਲੋਜੀ ਨੂੰ ਘੱਟ ਕੋਲੇ ਦੀ ਜ਼ਰੂਰਤ ਹੁੰਦੀ ਹੈ ਪਰ ਅਜੇ ਵੀ ਬਹੁਤ ਸਾਰੇ ਇੱਟ ਭੱਠੇ ਵਿਚ ਕੋਲੇ ਦੀ ਵਰਤੋਂ ਕੀਤੀ ਜਾਂਦੀ ਹੈ, ਜੋ ਪ੍ਰਦੂਸ਼ਣ ਦਾ ਕਾਰਨ ਬਣਦਾ ਹੈ। ਇਸੇ ਸੰਦਰਭ ਵਿੱਚ ਪੰਜਾਬ ਸਟੇਟ ਕੌਂਸਲ ਆਫ਼ ਸਾਇੰਸ ਅਤੇ ਤਕਨਾਲੋਜੀ ਨੂੰ ਬੇਨਤੀ ਕੀਤੀ ਗਈ ਹੈ ਕਿ ਉਹ ਇੱਕ ਟੈਕਨਾਲੋਜੀ ਲੈ ਕੇ ਆਉਣ ਜਿਸ ਨਾਲ ਇੱਟ ਭੱਠਿਆਂ ਵਿਚ ਕੋਇਲੇ ਦੀ ਥਾਂ ਕੰਪ੍ਰੈਸਡ ਕੁਦਰਤੀ ਗੈਸ ਦੀ ਵਰਤੋਂ ਕੀਤੀ ਜਾ ਸਕੇ। ਇਸ ਪ੍ਰਕਿਰਿਆ ਵਿਚ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਲੋੜੀਂਦੀ ਸਹਾਇਤਾ ਵੀ ਦੇ ਸਕਦਾ ਹੈ।
ਸ. ਪਨੂੰ ਨੇ ਕਿਹਾ ਕਿ ਪੰਜਾਬ ਵਿੱਚ ਹੁਣ ਸੀ ਐਨ ਜੀ ਆਸਾਨੀ ਨਾਲ ਉਪਲਬਧ ਹੋ ਜਾਂਦੀ ਹੈ ਅਤੇ ਵੱਡੀ ਗਿਣਤੀ ਵਿੱਚ ਕੋਲਾ ਅਧਾਰਤ ਉਦਯੋਗਿਕ ਇਕਾਈਆਂ ਗੈਸ ਅਧਾਰਤ ਯੂਨਿਟਾਂ ਵਿੱਚ ਤਬਦੀਲ ਹੋ ਰਹੀਆਂ ਹਨ। ਸ. ਪੰਨੂੰ ਨੇ ਦੱਸਿਆ ਕਿ ਇੱਟਾਂ ਦੇ ਭੱਠਿਆਂ ਦਾ ਸੀ.ਐਨ.ਜੀ. ਵਿਚ ਤਬਦੀਲ ਹੋਣਾ ਨਾ ਸਿਰਫ ਇੱਟਾਂ ਦੇ ਉਤਪਾਦਨ ਦੀ ਲਾਗਤ ਨੂੰ ਘਟਾਉਣ ਵਿਚ ਸਹਾਇਤਾ ਕਰੇਗਾ ਬਲਕਿ ਭੱਠਿਆਂ ਵਿਚ ਕੋਲੇ ਨਾਲ ਹੋਣ ਵਾਲੇ ਹਵਾ ਪ੍ਰਦੂਸ਼ਣ ਨੂੰ ਵੀ ਕਾਫ਼ੀ ਹੱਦ ਤਕ ਘਟਾਉਣ ਵਿਚ ਸਹਾਇਤਾ ਕਰੇਗਾ।