ਸਰੀ-ਨਾਮਧਾਰੀ ਸੰਪਰਦਾਇ ਦੇ ਮੁਖੀ ਠਾਕੁਰ ਦਲੀਪ ਸਿੰਘ ਨੇ ਵਿਆਹ ਦੇ ਪਵਿੱਤਰ ਰਿਸ਼ਤੇ ਨੂੰ ਨਿਭਾਉਂਦਿਆਂ ਸੁਖੀ ਜੀਵਨ ਮਾਣਨ ਦੀ ਸਿੱਖਿਆ ਦਿੱਤੀ ਹੈ। ਆਪਣੇ ਵੀਡੀਓ ਸੁਨੇਹੇ ਵਿਚ ਉਨ੍ਹਾਂ ਕਿਹਾ ਹੈ ਕਿ ਵਿਆਹ ਤਾਂ ਹੀ ਕਰਵਾਉਣਾ ਚਾਹੀਦਾ ਹੈ ਜੇਕਰ ਵਿਆਹ ਨਿਭਾਉਣ ਦੀ ਜਾਚ ਹੋਵੇ। ਪਤੀ-ਪਤਨੀ ਨੂੰ ਇਹ ਸਮਝਣਾ ਬੇਹੱਦ ਜ਼ਰੂਰੀ ਹੈ ਕਿ ਇਕ ਦੂਜੇ ਦੀਆਂ ਭਾਵਨਾਵਾਂ ਦੀ ਕਦਰ ਕਿਵੇਂ ਕਰਨੀ ਹੈ, ਇਕ ਦੂਜੇ ਨੂੰ ਖੁਸ਼ ਕਿਵੇਂ ਰੱਖਣਾ ਹੈ? ਉਨ੍ਹਾਂ ਇਸ ਸਬੰਧ ਵਿਚ ਮਾਪਿਆਂ ਨੂੰ ਉਨ੍ਹਾਂ ਦੀ ਜ਼ਿੰਮੇਵਾਰੀ ਦਾ ਅਹਿਸਾਸ ਕਰਵਾਉਂਦਿਆਂ ਕਿਹਾ ਹੈ ਕਿ ਬੱਚਿਆਂ ਨਾਲ ਖੁੱਲ੍ਹ ਕੇ ਪਿਆਰ ਕੀਤਾ ਜਾਵੇ, ਉਨ੍ਹਾਂ ਨਾਲ ਵਿਆਹ ਬਾਰੇ ਹਰ ਗੱਲਬਾਤ ਸਾਂਝੀ ਕੀਤੀ ਜਾਵੇ ਅਤੇ ਵਿਆਹ ਬਾਰੇ ਸਿੱਖਿਆ ਦਿੱਤੀ ਜਾਵੇ ਕਿ ਪਤੀ ਜਾਂ ਪਤਨੀ ਦੀ ਚੋਣ ਵੇਲੇ ਸਿਰਫ ਸ਼ਕਲ ਸੂਰਤ ਹੀ ਨਹੀਂ ਸਗੋਂ ਇਕ ਦੂਜੇ ਦੇ ਸੁਭਾਅ, ਗੁਣਾਂ, ਆਦਤਾਂ ਬਾਰੇ ਪੂਰੀ ਤਰ੍ਹਾਂ ਜਾਣਨਾ ਚਾਹੀਦਾ ਹੈ। ਬੱਚਿਆਂ ਨੂੰ ਵਿਆਹ ਤੋਂ ਬਾਅਦ : ਵਿਆਹੁਕ ਜੀਵਨ ਵਿੱਚ ਆਉਂਦੀਆਂ ਸਮੱਸਿਆਵਾਂ ਬਾਰੇ ਵੀ ਦੱਸਣਾ ਚਾਹੀਦਾ ਹੈ ਅਤੇ ਸਭ ਤੋਂ ਅਹਿਮ ਗੱਲ ਕਿ ਵਿਆਹ ਕਦੇ ਵੀ ਬੱਚਿਆਂ ਦੀ ਸਹਿਮਤੀ ਤੋਂ ਬਗ਼ੈਰ ਨਹੀਂ ਕਰਨਾ ਚਾਹੀਦਾ ਭਾਵੇਂ ਉਹ ਸਮਾਜਿਕ ਵਿਆਹ ਹੋਵੇ ਜਾਂ ਪ੍ਰੇਮ ਵਿਆਹ ਹੋਵੇ ਅਤੇ ਬੱਚਿਆਂ ਨੂੰ ਵੀ ਚਾਹੀਦਾ ਹੈ ਕਿ ਉਹ ਵੀ ਵਿਆਹ ਸਬੰਧੀ ਕੋਈ ਫੈਸਲਾ ਲੈਣ ਵੇਲੇ ਮਾਪਿਆਂ ਦੀ ਰਜ਼ਾਮੰਦੀ ਜ਼ਰੂਰ ਹਾਸਲ ਕਰਨ।
ਠਾਕੁਰ ਦਲੀਪ ਸਿੰਘ ਨੇ ਪ੍ਰੇਮ ਵਿਆਹ ਸਬੰਧੀ ਵਿਸ਼ੇਸ਼ ਤੌਰ ਤੇ ਕਿਹਾ ਹੈ ਕਿ ਪ੍ਰੇਮ ਵਿਆਹ ਗਲਤ ਨਹੀਂ। ਸਾਡੇ ਇਤਿਹਾਸ ਵਿਚ ਅਜਿਹੀਆਂ ਦੀਆਂ ਅਨੇਕਾਂ ਮਿਸਾਲਾਂ ਮੌਜੂਦ ਹਨ ਜਿੱਥੇ ਸਾਡੀਆਂ ਮਾਣਯੋਗ ਹਸਤੀਆਂ ਨੇ ਸਮਾਜਿਕ ਬੰਧਨ ਤੋਂ ਬਿਨਾ ਆਪਣੇ ਜੀਵਨ ਸਾਥੀ ਦੀ ਚੋਣ ਕਰ ਕੇ ਸਫਲ ਜੀਵਨ ਬਤੀਤ ਕੀਤਾ ਹੈ। ਉਨ੍ਹਾਂ ਇਸ ਸਬੰਧ ਵਿਚ ਭਗਵਾਨ ਕ੍ਰਿਸ਼ਨ ਅਤੇ ਰਾਜਾ ਭਰਤ ਦੇ ਮਾਤਾ ਪਿਤਾ ਦੀ ਉਦਾਹਰਣ ਦਿੰਦਿਆਂ ਕਿਹਾ ਕਿ ਉਨ੍ਹਾਂ ਵੀ ਪ੍ਰੇਮ ਵਿਆਹ ਕੀਤੇ ਸਨ। ਉਨ੍ਹਾਂ ਕਿਹਾ ਕਿ ਅਸਲ ਵਿਚ ਪ੍ਰੇਮ ਵਿਆਹ ਕੋਈ ਮਾੜੀ ਗੱਲ ਨਹੀਂ ਪਰ ਅਸੀਂ ਉਸ ਨੂੰ ਗਲਤ ਬਣਾ ਲਿਆ ਹੈ। ਪ੍ਰੇਮ ਵਿਆਹ ਨੂੰ ਗਲਤ ਦਰਸਾਉਣ ਲਈ ਸਮਾਜ ਨੇ ਬੜਾ ਵੱਡਾ ਰੋਲ ਅਦਾ ਕੀਤਾ ਹੈ ਅਤੇ ਸਮਾਜ ਨੇ ਪ੍ਰੇਮ ਵਿਆਹ ਸਬੰਧੀ ਭੰਡੀ ਪ੍ਰਚਾਰ ਕਰ ਕੇ ਸਾਡੇ ਮਨਾਂ ਵਿਚ ਗਲਤ ਧਾਰਨਾ ਬਣਾ ਦਿੱਤੀ ਹੈ।