ਅੰਮ੍ਰਿਤਸਰ: ਖ਼ਾਲਸਾ ਕਾਲਜ ਦੇ ਟ੍ਰੇਨਿੰਗ ਅਤੇ ਪਲੇਸਮੈਂਟ ਸੈੱਲ ਵਲੋਂ ਕੈਂਪਸ ਪਲੇਸਮੈਂਟ ਡਰਾਈਵ ਦਾ ਆਯੋਜਨ ਕੀਤਾ ਗਿਆ। ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਦੇ ਨਿਰਦੇਸ਼ਾਂ ’ਤੇ ਕਰਵਾਈ ਗਈ ਪਲੇਸਮੈਂਟ ਡਰਾਈਵ ਮੌਕੇ ਐਸ. ਬੀ. ਆਈ. ਬੈਂਕ ਦੇ ਅਧਿਕਾਰੀ ਸਾਲ 2021 ’ਚ ਪਾਸ ਹੋਣ ਵਾਲੇ ਵੱਖ-ਵੱਖ ਖੇਤਰਾਂ ’ਚ ਗ੍ਰੈਜੂਏਟਾਂ ਦੀ ਭਰਤੀ ਲਈ ਪੁੱਜੇ।
ਇਸ ਮੌਕੇ ਐਸ. ਬੀ. ਆਈ. ਬੈਂਕ ਦੇ ਵਫ਼ਦ ਨੇ ਸਭ ਤੋਂ ਪਹਿਲਾਂ ਪ੍ਰੀ-ਪਲੇਸਮੈਂਟ ਟਾਕ ਕੀਤੀ ਉਪਰੰਤ ਐਚ. ਆਰ. ਇੰਟਰਵਿਯੂ ਕੀਤੀ। ਉਨ੍ਹਾਂ ਨੇ ਇਸ ਮੌਕੇ ਉਤਕਰਸ਼ ਸਕੀਮ ਅਧੀਨ ਚੁਣੇ ਗਏ ਵਿਦਿਆਰਥੀਆਂ ਲਈ ਐਸ. ਬੀ. ਆਈ. ਬੈਂਕ ’ਚ 2 ਰੋਜ਼ਾ ਸਿਖਲਾਈ ਪ੍ਰੋਗਰਾਮ ਦਾ ਆਯੋਜਨ ਕੀਤਾ। ਜਿਸ ’ਚ ਬੈਂਕ ਦੁਆਰਾ ਲਈ ਲਿਖਤੀ ਪ੍ਰੀਖਿਆ ’ਚ ਕਾਲਜ ਦੇ 14 ਵਿਦਿਆਰਥੀਆਂ ਨੇ ਟੈਸਟ ਨੂੰ ਸਫਲਤਾਪੂਰਵਕ ਪਾਸ ਕੀਤਾ।
ਇਸ ਮੌਕੇ ਪਿ੍ਰੰ: ਡਾ. ਮਹਿਲ ਸਿੰਘ ਨੇ ਚੁਣੇ ਗਏ ਵਿਦਿਆਰਥੀਆਂ ਅਤੇ ਪਲੇਸਮੈਂਟ ਟੀਮ ਨੂੰ ਵਧਾਈ ਦਿੰਦਿਆਂ ਕਿਹਾ ਕਿ ਕਾਲਜ ਦੇ ਵਿਦਿਆਰਥੀਆਂ ਲਈ ਐਸ. ਬੀ. ਆਈ ’ਚ ਚੁਣੇ ਜਾਣਾ ਬਹੁਤ ਵੱਡੀ ਪ੍ਰਾਪਤੀ ਹੈ। ਇਸ ਮੌਕੇ ਟੇ੍ਰਨਿੰਗ ਅਤੇ ਪਲੇਸਮੈਂਟ ਸੈੱਲ ਦੇ ਡਾਇਰੈਕਟਰ ਪ੍ਰੋ: ਹਰਭਜਨ ਸਿੰਘ ਨੇ ਐਸ. ਬੀ. ਆਈ. ਦੇ ਅਧਿਕਾਰੀਆਂ ਦਾ ਕਾਲਜ ਦੇ ਵਿਹੜੇ ’ਚ ਪਲੇਸਮੈਂਟ ਮੁਹਿੰਮ ਚਲਾਉਣ ਲਈ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਨੇੜਲੇ ਭਵਿੱਖ ’ਚ ਹੋਰ ਕੌਮੀ ਅਤੇ ਅੰਤਰਰਾਸ਼ਟਰੀ ਕੰਪਨੀਆਂ ਨੂੰ ਕਾਲਜ ’ਚ ਪਲੇਸਮੈਂਟ ਡਰਾਈਵ ਲਈ ਬੁਲਾਇਆ ਜਾਵੇਗਾ। ਇਸ ਮੌਕੇ ਡਾ. ਅਨੁਰੀਤ ਕੌਰ, ਸਹਾਇਕ ਪਲੇਸਮੈਂਟ ਡਾਇਰੈਕਟਰ, ਪਲੇਸਮੈਂਟ ਕੋਆਰਡੀਨੇਟਰ ਪ੍ਰੋ.ਰਵੀ ਪਟਨੀ ਅਤੇ ਪ੍ਰੋ.ਗੁਨੀਤ ਕੌਰ ਨੇ ਸਮਾਗਮ ਦੇ ਤਾਲਮੇਲ ਲਈ ਅਹਿਮ ਭੂਮਿਕਾ ਨਿਭਾਈ।