ਜ਼ੀਰਕਪੁਰ -ਸਥਾਨਕ ਮਹਿੰਦਰਾ ਚੌਧਰੀ ਛੱਤਬੀੜ ਚਿੜੀਆਘਰ ਵਿੱਖੇ 2 ਤੋਂ 8 ਅਕਤੂਬਰ ਤੱਕ ਜੰਗਲੀ ਜੀਵ ਸੁਰੱਖਿਆ ਹਫ਼ਤੇ ਦੇ ਆਗਾਜ਼ ਮੌਕੇ ਅੱਜ ਪਹਿਲੇ ਦਿਨ 6 ਵਜੇ ਤੋਂ 8 ਵਜੇ ਤਕ ਸਾਇਕਲੋਥੋਨ ‘‘ਰਾਈਡ ਫਾਰ ਵਾਇਲਡ‘‘ ਦੇ ਤਹਿਤ ਮੁਹਾਲੀ ਸੋਹਾਣਾ ਪੁਆਇੰਟ ਤੋਂ ਛੱਤਬੀੜ ਚਿੜੀਆਘਰ ਤੱਕ 15 ਕਿਲੋਮੀਟਰ ਸਾਈਕਲ ਰੈਲੀ ਕਰਵਾਈ ਗਈ। ਇਸ ਵਿੱਚ ਸਾਇਕਲਿੰਗ ਨੂੰ ਪ੍ਰੋਤਸਾਹਿਤ ਕਰਨ ਵਾਲੀ ਸੰਸਥਾ ਸਾਈਕਲਗਿਰੀ ਦਾ ਵਿਸ਼ੇਸ਼ ਯੋਗਦਾਨ ਰਿਹਾ। ਗਰੁੱਪ ਦੇ ਕਨਵੀਨਰ ਡਾਕਟਰ ਸੂਨੈਨਾ ਬੰਸਲ ਅਤੇ ਅਕਸ਼ਿਤ ਪੱਸੀ ਦੀ ਅਗੂਵਾਈ ਵਿਚ ਰੈਲੀ ਮੋਹਾਲੀ ਤੋਂ ਛੱਤਬੀੜ ਚਿੜੀਆਘਰ ਪਹੁੰਚੀ ਜਿਥੇ ਚਿੜੀਆਘਰ ਪ੍ਰਬੰਧਕਾਂ ਨੇ ਸਾਰਿਆਂ ਦਾ ਸਵਾਗਤ ਕੀਤਾ। ਰੈਲੀ ਵਿਚ ਲਗਭਗ 200 ਸਾਇਕਲਿੰਗ ਦੇ ਸ਼ੌਕੀਨਾਂ ਨੇ ਭਾਗ ਲਿਆ। ਇਸ ਮੌਕੇ ਤੇ ਛੱਤਬੀੜ ਚਿੜੀਆਘਰ ਦੇ ਐਜੂਕੇਸ਼ਨ ਅਫਸਰ ਹਰਪਾਲ ਸਿੰਘ ਨੇ ਸਾਰੀਆਂ ਨੂੰ ਜੰਗਲੀ ਜੀਵ ਸੁਰੱਖਿਆ ਹਫ਼ਤੇ ਦੇ ਮਹੱਤਵ ਬਾਰੇ ਜਾਣੂ ਕਰਵਾਇਆ । ਉਨ੍ਹਾਂ ਦੱਸਿਆ ਕਿ ਸਾਇਕਲਿੰਗ ਦੇ ਸ਼ੌਕੀਨ ਰੁਟੀਨ ਦੇ ਦਿਨਾਂ ਵਿੱਚ 10 ਰੁਪਏ ਦੀ ਟਿਕਟ ਰਾਹੀਂ ਸਾਈਕਲ ਤੇ 500 ਏਕੜ ਵਿੱਚ ਫੈਲੇ ਚਿੜੀਆਘਰ ਦੇ ਚਾਰ ਕਿਲੋਮੀਟਰ ਰਸਤੇ ਤੇ ਘੁੰਮ ਸਕਦੇ ਹਨ। ਇਸ ਮੌਕੇ ਨਿਸ਼ਾ ਵਧਵਾ ਅਤੇ ਅਮਿਤ ਸ਼ਰਮਾ ਵੱਲੋਂ ਨਿਰਦੇਸ਼ਿਤ ਜੰਗਲੀ ਜੀਵਨ ਤੇ ਅਧਾਰਤ ਸਕਿਟ ਦਾ ਮੰਚਨ ਕੀਤਾ ਗਿਆ। ਸਮਾਰੋਹ ਦੋਰਾਨ ਆਨ ਦੀ ਸਪਾਟ ਕਵਿਜ ਵੀ ਆਯੋਜਤ ਕੀਤਾ ਗਿਆ। ਇੰਸ ਮੌਕੇ ਪ੍ਰਤੀਯੋਗਿਤਾ ਦੇ ਜੇਤੂਆ ਨੂੰ ਹਰਪਾਲ ਸਿੰਘ ਵੱਲੋਂ ਇਨਾਮ ਵੰਡੇ ਗਏ।