ਵੈਟੀਕਨ ਸਿਟੀ: ਸਿੱਖ ਪੱਖ ਦੀ ਨੁਮਾਇੰਦਗੀ ਕਰਦਿਆਂ ਈਕੋਸਿੱਖ ਨੇ ਵੈਟੀਕਨ ਵਿਖੇ 40 ਤੋਂ ਵੱਧ ਧਾਰਮਿਕ ਸ਼ਖਸੀਅਤਾਂ ਨਾਲ ਵਾਤਾਵਰਣ ਦੇ ਸੰਬੰਧ ਵਿੱਚ ਰੱਖੀ ਗਈ ਇਕੱਤਰਤਾ ਵਿੱਚ ਸ਼ਮੂਲੀਅਤ ਕੀਤੀ। ਵੱਖ-ਵੱਖ ਧਰਮਾਂ ਨਾਲ ਸੰਬੰਧਤ ਨੁਮਾਇੰਦਿਆਂ ਨੇ ਆਉਣ ਵਾਲੇ ਯੂਐਨ ਕਲਾਈਮੈਟ ਕਾਨਫਰੰਸ ਲਈ ਵਾਤਾਵਰਣ ਸੰਭਾਲ ਲਈ ਵੱਡੇ ਫੈਸਲਿਆਂ ਦੀ ਹਿਮਾਇਤ ਕੀਤੀ। ਇਹ ਇਕੱਤਰਤਾ 'ਧਰਮ ਅਤੇ ਵਿਗਿਆਨ: ਕਲਾਈਮੈਟ ਕਾਨਫਰੰਸ ਲਈ ਅਪੀਲ" ਪੋਪ ਫਰਾਂਸਿਸ ਵਲੋਂ ਬੁਲਾਈ ਗਈ ਸੀ।
ਇਸਲਾਮ, ਯਹੂਦੀ, ਹਿੰਦੂ, ਬੁੱਧ, ਤਾੳ, ਜੈਨ ਸਿੱਖ ਧਰਮ ਦੇ ਆਗੂਆਂ ਨੇ ਗਲਾਸਗੋਅ, ਸਕਾਟਲੈਂਡ 'ਚ 31 ਅਕਤੂਬਰ ਤੋਂ 12 ਨਵੰਬਰ ਨੂੰ ਹੋਣ ਜਾ ਰਹੇ ਕਲਾਈਮੈਟ ਕਾਨਫਰੰਸ ਤੋਂ ਪਹਿਲਾਂ ਸਰਗਰਮੀ ਦਿਖਾਉਣ ਲਈ ਹਿੱਸਾ ਲਿਆ।
ਮਾਹਿਰਾਂ ਮੁਤਾਬਕ ਇਹ ਯੂ.ਐਨ ਕਲਾਈਮੈਨਟ ਕਾਨਫਰੰਸ ਧਰਤੀ ਦੇ ਵਿਗੜਦੇ ਵਾਤਾਵਰਨ ਦੇ ਚਲਦਿਆਂ ਉਮੀਦ ਦੀ ਆਖਰੀ ਕਿਰਨ ਹੈ।ਸਾਰੇ ਸੰਸਾਰ ਦੇ ਵੱਖ-ਵੱਖ ਹਿੱਸਿਆਂ ਚੋਂ ਆਏ ਧਾਰਮਿਕ ਆਗੂਆਂ ਨੇ ਇਹ ਅਪੀਲ ਕੀਤੀ ਕਿ ਇਸ ਮੌਕੇ ਵਾਤਾਵਰਨ ਸੁਧਾਰ ਲਈ ਫੈਸਲਾਕੁੰਨ ਕਦਮ ਚੁੱਕੇ ਜਾਣ।
ਇਹ ਮੌਕੇ ਈਕੋਸਿੱਖ ਦੇ ਪ੍ਰਧਾਨ ਡਾ ਰਾਜਵੰਤ ਸਿੰਘ ਨੇ ਸਿੱਖਾਂ ਦੀ ਨੁਮਇੰਦਗੀ ਕੀਤੀ। ਇਸ ਮੌਕੇ 'ਤੇ ਬੋਲਦਿਆਂ ਉਹਨਾਂ ਕਿਹਾ ਕਿ "ਵਾਤਾਵਰਣ 'ਚ ਵਿਗਾੜ ਮਨੁੱਖਤਾ ਦੀ ਸਾਂਝੀ ਚਿੰਤਾ ਹੈ, ਇਹਦੇ ਪ੍ਰਭਾਵ ਸਾਰਿਆਂ ਲਈ ਇੱਕੋ ਜਿਹੇ ਹੋਣਗੇ, ਇਹ ਸਾਰਿਆਂ ਮੁਲਕਾਂ ਲਈ ਵੀ ਬਰਾਬਰ ਦੀ ਚੁਣੌਤੀ ਹੈ"।
ਉਹਨਾਂ ਇਹ ਮੌਕੇ ਗੁਰੂ ਨਾਨਕ ਪਾਤਸ਼ਾਹ ਦਾ ਸ਼ਬਦ ਪਵਣੁ ਗੁਰੂ ਪਾਣੀ ਪਿਤਾ.......... ਵੀ ਪੜ੍ਹਿਆ।
ਇਸ ਮੌਕੇ ਪਹੁੰਚੇ ਹੋਰ ਆਗੂਆਂ ਨੇ ਈਕੋਸਿੱਖ ਵਲੋਂ ਜਮੀਨੀ ਪੱਧਰ 'ਤੇ ਲਿਆਂਦੇ ਜਾ ਰਹੇ ਬਦਲਾਅ ਦੀ ਪ੍ਰਸੰਸਾ ਕੀਤੀ ਗਈ।ਈਕੋਸਿੱਖ ਵਲੋਂ ਹੁਣ ਤੱਕ ਕੁਲ 365 ਗੁਰੂ ਨਾਨਕ ਪਵਿੱਤਰ ਜੰਗਲ ਲਗਾਏ ਜਾ ਚੁੱਕੇ ਹਨ।
ਇਸ ਮੌਕੇ ਆਏ ਹਾਜਰੀਨਾਂ ਨੂੰ ਸੰਬੋਧਿਤ ਹੁੰਦਿਆਂ ਪੋਪ ਫਰਾਂਸਿਸ ਨੇ ਕਿਹਾ ਕਿ " ਧਰਤੀ 'ਤੇ ਵਾਤਾਵਰਣ 'ਚ ਦਿਨੋ-ਦਿਨ ਆ ਰਹੇ ਵੱਡੇ ਬਦਲਾਵਾਂ ਦੇ ਚਲਦਿਆਂ ਗਲਾਸਗੋਅ ਦੀ ਕਾਨਫਰੰਸ ਬਹੁਤ ਮਹੱਤਵਪੂਰਨ ਹੈ, ਸਾਨੂੰ ਇਸ ਮੌਕੇ ਅਗਲੀ ਪੀੜ੍ਹੀਆਂ ਲਈ ਵੱਡੇ ਕਦਮ ਚੁੱਕਣੇ ਪੈਣਗੇ।
ਈਕੋਸਿੱਖ ਸੰਸਥਾ ਪਿਛਲੇ ਇੱਕ ਦਹਾਕੇ ਤੋਂ ਵੱਧ ਸਮੇਂ ਤੋਂ ਪੰਜਾਬ, ਭਾਰਤ ਅਤੇ ਉੱਤਰੀ ਅਮਰੀਕਾ ਵਿੱਚ ਵਾਤਾਵਰਨ ਸੰਭਾਲ ਲਈ ਕਾਰਜ ਕਰ ਰਹੀ ਹੈ ਅਤੇ ਵਾਈਟ ਹਾਊਸ, ਯੂਨਾਈਟਿਡ ਨੇਸ਼ਨਜ਼ ਅਤੇ ਵਰਲਡ ਇਕਨਾਮਿਕ ਫੋਰਮ ਵਰਗੇ ਅਦਾਰਿਆਂ ਨਾਲ ਧਰਤੀ ਦੇ ਵਧ ਰਹੇ ਤਾਪਮਾਨ ਦੇ ਮੁੱਦੇ ਤੇ ਯਤਨਸ਼ੀਲ ਹੈ। ਜਿਕਰਯੋਗ ਹੈ ਕਿ ਈਕੋਸਿੱਖ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਗੁਰਪੁਰਬ ਉੱਤੇ 10 ਲੱਖ ਰੁੱਖ ਲਾਉਣ ਦਾ ਅਹਿਦ ਪੂਰਾ ਕਰਨ ਲਈ ਪੰਜਾਬ ਅਤੇ ਹੋਰ ਰਾਜਾਂ 'ਚ ਗੁਰੂ ਨਾਨਕ ਪਵਿੱਤਰ ਜੰਗਲ ਲਗਾਏ ਜਾ ਰਹੇ ਹਨ। 40 ਤੋਂ ਵੱਧ ਪ੍ਰਜਾਤੀਆਂ ਦੇ 550 ਰੁੱਖਾਂ ਵਾਲੇ ਇਹ ਜੰਗਲ 200 ਗਜ ਥਾਂ 'ਚ ਲਗਾਏ ਜਾਂਦੇ ਹਨ।ਈਕੋਸਿੱਖ ਵਲੋਂ ਸੰਗਤ ਦੇ ਸਹਿਯੋਗ ਨਾਲ ਹੁਣ ਤੱਕ 350 ਤੋਂ ਵੱਧ ਗੁਰੂ ਨਾਨਕ ਜੰਗਲ ਲਗਾਏ ਜਾ ਚੁੱਕੇ ਹਨ।