ਮਾਜਰੀ, ਕੁਰਾਲੀ -ਗੁਰਸਿੱਖ ਜੋੜੇ ਵੱਲੋਂ ਸਾਦੀਆਂ ਰਸਮਾਂ ਅਤੇ ਬਿਨ੍ਹਾਂ ਦਹੇਜ ਤੋਂ ਕਰਵਾਏ ਵਿਆਹ ਨਾਲ ਅੱਜ ਦੀ ਪੀੜ੍ਹੀ ਨੂੰ ਵਾਧੂ ਖਰਚਿਆਂ ਤੋਂ ਬਚਣ ਦੀ ਪ੍ਰੇਰਨਾ ਦਿੱਤੀ ਹੈ। ਇਸ ਸਬੰਧੀ ਨਿਹੰਗ ਸਿੰਘ ਭਾਈ ਹਰਪ੍ਰੀਤ ਸਿੰਘ ਡੱਡੂ ਮਾਜਰਾ ਦੇ ਭਰਾ ਗੁਰਮੁੱਖ ਸਿੰਘ ਜਿਨ੍ਹਾਂ ਦਾ ਵਿਆਹ ਅਮਨਜੋਤ ਕੌਰ ਪੁੱਤਰੀ ਰਣਜੀਤ ਸਿੰਘ ਪਿੰਡ ਲੁਹਾਰ ਮਾਜਰਾ ਜਿਲਾ ਫ਼ਤਹਿਗੜ੍ਹ ਸਾਹਿਬ ਨਾਲ ਹੋਇਆ। ਜਿਸ ਦੌਰਾਨ ਗੁਰਮੁੱਖ ਸਿੰਘ ਕੁਝ ਚੋਣਵੇਂ ਸਾਥੀਆਂ ਤੇ ਕੁਝ ਕੁ ਹੀ ਨੇੜਲੇ ਰਿਸ਼ਤੇਦਾਰਾਂ ਨਾਲ ਜਿਨ੍ਹਾਂ ਦੀ ਕੁਲ ਗਿਣਤੀ 20-25 ਦੇ ਕਰੀਬ ਹੀ ਸੀ ਸਮੇਤ ਸਾਦੇ ਕੁੜਤੇ ਪਜਾਮੇ ਨਾਲ ਬਿਨ੍ਹਾਂ ਕਲਗੀ ਅਤੇ ਬਿਨ੍ਹਾਂ ਵਾਜੇ ਤੋਂ ਪਿੰਡ ਰਾਣਵਾਂ ਦੇ ਇਤਿਹਾਸਿਕ ਗੁਰੂ ਘਰ ਵਿਖੇ ਪੁੱਜੇ। ਜਿਥੇ ਬਾਬਾ ਸਰਬਜੀਤ ਸਿੰਘ ਸੰਧੂਆਂ ਤੇ ਬਾਬਾ ਹਰਵਿੰਦਰ ਸਿੰਘ ਵੱਲੋਂ ਇੱਕ ਘੰਟਾ ਕੀਰਤਨ ਕੀਤਾ ਗਿਆ ਅਤੇ ਚਾਰ ਲਾਵਾਂ ਦਾ ਪਾਠ ਕਰਕੇ ਗੁਰ ਮਰਿਆਦਾ ਅਨੁਸਾਰ ਆਨੰਦ ਕਾਰਜ ਕਰਵਾਏ ਗਏ। ਇਸ ਉਪਰੰਤ ਪੁੱਜੀ ਸੰਗਤ ਨੂੰ ਲੰਗਰ ਛਕਾਏ ਗਏ ਅਤੇ ਸੋਨਾ ਤੇ ਕਪੜੇ ਆਦਿ ਦੇ ਵੀ ਕੋਈ ਵਿਹਾਰ ਨਹੀਂ ਕੀਤੇ ਗਏ। ਇਸ ਮੌਕੇ ਪੁੱਜੇ ਨਿਹੰਗ ਆਗੂ ਗੁਰਨਾਮ ਸਿੰਘ ਚਮਕੌਰ ਸਾਹਿਬ, ਸਮਾਜਸੇਵੀ ਰਵਿੰਦਰ ਸਿੰਘ ਵਜੀਦਪੁਰ, ਸਿੱਖ ਆਗੂ ਬਲਜੀਤ ਸਿੰਘ ਭਾਊ ਤੇ ਪ੍ਰਚਾਰਕ ਰਜਿੰਦਰ ਸਿੰਘ ਪੜੋਲ ਨੇ ਇਸ ਜੋੜੇ ਨੂੰ ਵਿਆਹ ਦੀ ਵਧਾਈ ਦਿੰਦਿਆਂ ਉਨ੍ਹਾਂ ਦੀ ਇਸ ਅਗਾਹ ਵਧੂ ਸੋਚ ਦੀ ਸਲਾਘਾਂ ਕਰਦਿਆਂ ਕਿਹਾ ਕਿ ਅੱਜ ਦੇ ਮਹਿੰਗਾਈ ਵਾਲੇ ਦੌਰ 'ਚ ਨੌਜਵਾਨ ਪੀੜ੍ਹੀ ਨੂੰ ਅਜਿਹੇ ਮੌਕਿਆਂ ਤੇ ਇਸੇ ਤਰ੍ਹਾਂ ਫਜ਼ੂਲ ਰਸਮਾਂ ਤੇ ਹੋਣ ਵਾਲੇ ਵਾਧੂ ਖਰਚੇ ਨੂੰ ਘਟਾਉਣ ਲਈ ਸਾਦਗੀ ਨੂੰ ਅਪਣਾਉਣਾ ਚਾਹੀਦਾ ਹੈ। ਜਿਸ ਨਾਲ ਪਰਿਵਾਰਾਂ ਦੀ ਖੁਸ਼ਹਾਲੀ ਹੁੰਦੀ ਹੈ। ਭਾਈ ਹਰਪ੍ਰੀਤ ਸਿੰਘ ਨੇ ਇਸ ਸਹਿਯੋਗ ਲਈ ਲੜਕੀ ਦੇ ਪਰਿਵਾਰ ਅਤੇ ਪੁੱਜੀਆਂ ਸਖਸੀਅਤਾਂ ਦਾ ਵਿਸ਼ੇਸ ਧੰਨਵਾਦ ਕੀਤਾ।