ਚੰਡੀਗੜ੍ਹ- ਚੰਡੀਗੜ੍ਹ ਨਗਰ ਨਿਗਮ ਦੀ ਪਹਿਲੀ ਵਾਰ ਚੋਣ ਲੜ ਕੇ ਸਭ ਤੋਂ ਵੱਡੀ ਪਾਰਟੀ ਬਣ ਕੇ ਉਭਰੀ ਆਮ ਆਦਮੀ ਪਾਰਟੀ (ਆਪ) ਦੇ ਕੌਮੀ ਆਗੂ ਅਤੇ ਦਿੱਲੀ ਦੇ ਉਪ ਮੁੱਖ ਮੰਤਰੀ ਮੁਨੀਸ਼ ਸਿਸੋਦੀਆ ਨੇ ਕਿਹਾ, ‘‘ਚੰਡੀਗੜ੍ਹ ਦੇ ਨਤੀਜਿਆਂ ਨੇ ਸਾਫ਼ ਕਰ ਦਿੱਤਾ ਹੈ ਕਿ ਲੋਕਾਂ ਨੇ ਅਰਵਿੰਦ ਕੇਜਰੀਵਾਲ ਦੇ ਵਿਕਾਸ ਮਾਡਲ ਨੂੰ ਮੌਕਾ ਦੇਣ ਦਾ ਪੂਰਾ ਮਨ ਬਣਾ ਲਿਆ ਹੈ ਅਤੇ ਨਫ਼ਰਤ ਦੀ ਰਾਜਨੀਤੀ ਦਾ ਗਰੂਰ ਤੋੜ ਦਿੱਤਾ ਹੈ।’’ ਮੁਨੀਸ਼ ਸਿਸੋਦੀਆ ਚੋਣ ਨਤੀਜਿਆਂ ਉਪਰੰਤ ਇੱਥੇ ਪਾਰਟੀ ਮੁੱਖ ਦਫ਼ਤਰ ਵਿਖੇ ਪਾਰਟੀ ਦੇ ਪੰਜਾਬ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨਾਲ ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕਰ ਰਹੇ ਸਨ।
ਮੁਨੀਸ਼ ਸਿਸੋਦੀਆ ਨੇ ਚੰਡੀਗੜ੍ਹ ਦੇ ਲੋਕਾਂ, ਜੇਤੂ ਉਮੀਦਵਾਰਾਂ, ਚੰਡੀਗੜ੍ਹ ਦੇ ਕਨਵੀਨਰ ਪ੍ਰੇਮ ਗਰਗ, ਸੀਨੀਅਰ ਆਗੂ ਪ੍ਰਦੀਪ ਛਾਬੜਾ ਅਤੇ ਚੰਦਰਮੁਖੀ ਸ਼ਰਮਾ ਅਤੇ ਸਮੂਹ ਆਗੂਆਂ, ਵਰਕਰਾਂ ਤੇ ਸਮਰਥਕਾਂ ਨੂੰ ਮੁਬਾਰਕਬਾਦ ਅਤੇ ਤਹਿ ਦਿਲੋਂ ਧੰਨਵਾਦ ਕਰਦਿਆਂ ਭਰੋਸਾ ਦਿੱਤਾ ਕਿ ਆਮ ਆਦਮੀ ਪਾਰਟੀ ਚੰਡੀਗੜ੍ਹ ਦੇ ਲੋਕਾਂ ਵੱਲੋਂ ਜਤਾਏ ਭਰੋਸੇ ਉੱਤੇ ਦਿੱਲੀ ਵਾਂਗ ਖਰੀ ਉੱਤਰੇਗੀ। ਮੁਨੀਸ਼ ਸਿਸੋਦੀਆ ਨੇ ਕਿਹਾ ਕਿ ‘ਆਪ’ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਅਗਵਾਈ ਹੇਠ ਦਿੱਲੀ ਸਰਕਾਰ ਨੇ ਦੇਸ਼ ਦੀ ਰਾਜਨੀਤੀ ਵਿੱਚ ‘ਕੰਮ ਦੀ ਰਾਜਨੀਤੀ’ ਦਾ ਇੱਕ ਨਵਾਂ ਯੁੱਗ ਸ਼ੁਰੂ ਕੀਤਾ ਸੀ। ਕੇਜਰੀਵਾਲ ਦਾ ਇਹ ਵਿਕਾਸ ਮਾਡਲ ਅੱਜ ਪੂਰੇ ਦੇਸ਼ ’ਚ ਫੈਲਣ ਲੱਗਾ ਹੈ। ਚੰਡੀਗੜ੍ਹ ਦੇ ਨਤੀਜੇ ਇਸ ਦਾ ਪ੍ਰਤੱਖ ਪ੍ਰਮਾਣ ਹਨ, ਕਿਉਂਕਿ ਚੋਣ ਪ੍ਰਚਾਰ ਦੌਰਾਨ ਆਮ ਆਦਮੀ ਪਾਰਟੀ ਨੇ ਚੰਡੀਗੜ੍ਹ ਦੇ ਲੋਕਾਂ ਨੂੰ ‘ਇੱਕ ਮੌਕਾ ਕੇਜਰੀਵਾਲ ਨੂੰ’ ਦੇਣ ਦੀ ਅਪੀਲ ਕੀਤੀ ਸੀ ਅਤੇ ਚੰਡੀਗੜ੍ਹ ਦੀ ਜਨਤਾ ਨੇ ਭਾਜਪਾ ਅਤੇ ਕਾਂਗਰਸ ਨੂੰ ਨਕਾਰਦੇ ਹੋਏ ਅਰਵਿੰਦ ਕੇਜਰੀਵਾਲ ਅਤੇ ਆਮ ਆਦਮੀ ਪਾਰਟੀ ‘ਤੇ ਭਰੋਸਾ ਪ੍ਰਗਟ ਕੀਤਾ ਹੈ।
ਸਿਸੋਦੀਆ ਨੇ ਨਾਲ ਹੀ ਕਿਹਾ ਕਿ ਪੰਜਾਬ ਦੀ ਜਨਤਾ ਨੇ ਇਸ ਵਾਰ ਇੱਕ ਮੌਕਾ ਕੇਜਰੀਵਾਲ ਨੂੰ ਦੇਣ ਦਾ ਮਨ ਬਣਾ ਰੱਖਿਆ ਹੈ। ਪੰਜਾਬ ਅਤੇ ਦਿੱਲੀ ਦੀ ਜਨਤਾ ਦੇ ‘ਆਪ’ ਪ੍ਰਤੀ ਝੁਕਾਅ ਦਾ ਚੰਡੀਗੜ੍ਹ ਦੀ ਜਨਤਾ ‘ਤੇ ਵੀ ਅਸਰ ਹੋਇਆ ਹੈ।
ਮੁਨੀਸ਼ ਸਿਸੋਦੀਆ ਨੇ ਕਿਹਾ ਕਿ ਦਿੱਲੀ ਤੋਂ ਬਾਅਦ ਚੰਡੀਗੜ੍ਹ ‘ਚ ਮਿਲੇ ਫ਼ਤਵੇ ਨੇ ਪੰਜਾਬ ਦੇ ਸਾਰੇ ਵਿਰੋਧੀ ਦਲਾਂ ਦੇ ਕੂੜ-ਪ੍ਰਚਾਰ ਦੀ ਫ਼ੂਕ ਕੱਢ ਦਿੱਤੀ ਹੈ ਕਿ ਆਮ ਆਦਮੀ ਪਾਰਟੀ ਸਿਰਫ਼ ਪੇਂਡੂ ਖੇਤਰ ਅਤੇ ਇੱਕ ਖ਼ਾਸ ਵਰਗ ਦੀ ਪਾਰਟੀ ਹੈ।
ਮੀਡੀਆ ਦੇ ਸਵਾਲ ਦਾ ਜਵਾਬ ਦਿੰਦਿਆਂ ਮੁਨੀਸ਼ ਸਿਸੋਦੀਆ ਨੇ ਕਿਹਾ ਕਿ ਚੰਡੀਗੜ੍ਹ ਦੇ ਫ਼ਤਵੇ ਨੇ ਦੱਸ ਦਿੱਤਾ ਕਿ ਲੋਕ ਵਿਕਾਸ ਦੀ ਰਾਜਨੀਤੀ ਚਾਹੁੰਦੇ ਹਨ, ਇਸ ਲਈ ਦੂਸਰੀਆਂ ਪਾਰਟੀਆਂ ਦੇ ਜੋ ਅੱਛੇ ਲੋਕ ਚੰਡੀਗੜ੍ਹ ਦਾ ਵਿਕਾਸ ਚਾਹੁੰਦੇ ਹਨ, ਉਨ੍ਹਾਂ ਦਾ ਆਮ ਆਦਮੀ ਪਾਰਟੀ ‘ਚ ਨਿੱਘਾ ਸਵਾਗਤ ਹੈ।
ਇਸ ਮੌਕੇ ਭਗਵੰਤ ਮਾਨ ਨੇ ਕਿਹਾ ਕਿ ਸਭ ਤੋਂ ਵੱਧ ਪੜੇ ਲਿਖੇ ਅਤੇ ਸਮਰੱਥ ਲੋਕਾਂ ਦੇ ਸ਼ਹਿਰ ਚੰਡੀਗੜ੍ਹ ਨੇ ਭਾਜਪਾ ਦੇ ਮੌਜੂਦਾ ਮੇਅਰ, 2 ਸਾਬਕਾ ਮੇਅਰਾਂ, ਭਾਜਪਾ ਯੁਵਾ ਮੋਰਚਾ ਦੇ ਪ੍ਰਧਾਨ ਅਤੇ ਮਹਿਲਾ ਮੋਰਚਾ ਪ੍ਰਧਾਨ ਨੂੰ ਹਰਾ ਕੇ ਪੂਰੇ ਦੇਸ਼ ਨੂੰ ਸਪੱਸ਼ਟ ਸੰਦੇਸ਼ ਦਿੱਤਾ ਹੈ ਕਿ ਹੁਣ ਜਾਤੀ, ਧਰਮ ਅਤੇ ਖੇਤਰਵਾਦ ਦੇ ਆਧਾਰ ‘ਤੇ ਹੁੰਦੀ ਵੰਡਪਾਊ ਅਤੇ ਨਫ਼ਰਤ ਦੀ ਰਾਜਨੀਤੀ ਲਈ ਕੋਈ ਜਗਾ ਨਹੀਂ ਬਚੀ ਅਤੇ ਲੋਕ ਕੰਮ ਦੀ ਰਾਜਨੀਤੀ ਹੀ ਪਸੰਦ ਕਰਦੇ ਹਨ।
ਭਗਵੰਤ ਮਾਨ ਨੇ ਨਾਲ ਹੀ ਕਿਹਾ ਕਿ ਕੇਂਦਰੀ ਸ਼ਾਸਿਤ ਪ੍ਰਦੇਸ਼ ਹੋਣ ਦੇ ਨਾਤੇ ਚੰਡੀਗੜ੍ਹ ‘ਚ ਭਾਜਪਾ ਦਾ ਸ਼ਾਸਨ ਹੈ। ਇੱਥੋਂ ਦੇ ਸੰਸਦ ਮੈਂਬਰ ਵੀ ਭਾਜਪਾ ਤੋਂ ਹੀ ਹਨ, ਪਰੰਤੂ ਚੰਡੀਗੜ੍ਹ ਦੀ ਜਨਤਾ ਨੇ ਕੇਜਰੀਵਾਲ ‘ਤੇ ਵਿਸ਼ਵਾਸ ਜਤਾਉਂਦੇ ਹੋਏ ਆਮ ਆਦਮੀ ਪਾਰਟੀ ਨੂੰ ਵੱਡਾ ਫ਼ਤਵਾ ਦੇ ਕੇ ਇਕਲੌਤੀ ਵੱਡੀ ਪਾਰਟੀ (ਸਿੰਗਲ ਲਾਰਜੈਸਟ ਪਾਰਟੀ) ਦਾ ਮਾਣ ਬਖ਼ਸ਼ਿਆ ਹੈ। ਹਾਲਾਂਕਿ ਜਿਸ ਤਰਾਂ ਦਿੱਲੀ ਚੋਣਾਂ ‘ਚ ਕੇਂਦਰ ਦੀ ਭਾਜਪਾ ਸਰਕਾਰ ਦੇ ਮੰਤਰੀਆਂ ਨੇ ਧੂੰਆਂਧਾਰ ਪ੍ਰਚਾਰ ਕੀਤਾ ਸੀ, ਉਸੇ ਤਰਾਂ ਚੰਡੀਗੜ੍ਹ ‘ਚ ਵੀ ਕੇਂਦਰ ਦੇ ਮੰਤਰੀਆਂ ਨੇ ਖ਼ੂਬ ਜ਼ੋਰ ਲਗਾਇਆ ਸੀ, ਪਰੰਤੂ ਲੋਕਾਂ ਨੇ ਦੱਸ ਦਿੱਤਾ ਕਿ ਉਨ੍ਹਾਂ ਨਫ਼ਰਤ ਦੀ ਨਹੀਂ, ਸਗੋਂ ਵਿਕਾਸ ਦੀ ਰਾਜਨੀਤੀ ਚਾਹੀਦੀ ਹੈ।
ਭਗਵੰਤ ਮਾਨ ਨੇ ਕਿਹਾ ਕਿ ਸਿਟੀ ਬਿਊਟੀਫੂਲ ਦਾ ਰੁਤਬਾ ਗੁਆ ਬੈਠੇ ਚੰਡੀਗੜ੍ਹ ਦਾ ਰੁਤਬਾ ਬਹਾਲ ਕਰਾਉਣਾ ‘ਆਪ’ ਦੀ ਪਹਿਲੀ ਤਰਜੀਹ ਹੈ।