ਮੋਹਾਲੀ- ਜੀਵਨ ਸਭ ਕੁੱਝ ਬਦਲਣ ਅਤੇ ਊਰਜਾ ਦਾ ਆਦਾਨ-ਪ੍ਰਦਾਨ ਕਰਨ ਬਾਰੇ ਹੈ। ਇਕ ਪਾਸੇ ਸਕਾਰਤਮਕ ਸੋਚ ਅਤੇ ਤੰਦਰੁਸਤ ਸਰੀਰ ਜ਼ਿੰਦਗੀ ਜੀਵਣ ਦੇ ਤਰੀਕੇ ਸਿਖਾ ਦਿੰਦੇ ਹਨ। ਜਦ ਕਿ ਦੂਜੇ ਪਾਸੇ ਨਕਾਰਤਮਕ ਸੋਚ ਅਤੇ ਬਿਮਾਰ ਸਰੀਰ ਜ਼ਿੰਦਗੀ ਮੌਤ ਤੋਂ ਵੀ ਬਦਤਰ ਮਹਿਸੂਸ ਕਰਵਾ ਦਿੰਦੇ ਹਨ। ਬਿਹਤਰੀਨ ਜ਼ਿੰਦਗੀ ਜਿਊਣ ਦੇ ਤਰੀਕੇ ਸਿਖਾਉਂਦੀਆਂ ਇਹ ਅਹਿਮ ਗੱਲਾਂ ਮਸ਼ਹੂਰ ਲੇਖਕਾ, ਯੋਗਾ ਅਤੇ ਰੇਕੀ ਮਾਹਿਰ ਨੂਰਾਂ ਕੌਰ ਨੇ ਏਰੀਅਲ ਯੋਗਾ ਸਿਖਾਉਣ ਅਤੇ ਬ੍ਰਹਮ ਊਰਜਾ ਮਹਿਸੂਸ ਕਰਵਾਉਣ ਵਾਲੀ ਇੰਪਾਵਰ ਔਰਾ ਦੇ ਉਦਘਾਟਨ ਮੌਕੇ ਕਹੀ। ਇਸ ਮੌਕੇ ਤੇ ਮਸ਼ਹੂਰ ਫ਼ਿਲਮ ਡਾਇਰੈਕਟਰ ਅਤੇ ਮੋਟੂ ਪਤਲੂ ਕਾਰਟੂਨ ਬਣਾਉਣ ਵਾਲੇ ਡਾ. ਹਰਵਿੰਦਰ ਮਾਨਕੇਰ ਮੁੱਖ ਮਹਿਮਾਨ ਸਨ। ਜਦ ਕਿ ਮੋਹਾਲੀ ਦੇ ਆਰ ਟੀ ੳ ਸੁਖਵਿੰਦਰ ਕੁਮਾਰ ਖ਼ਾਸ ਮਹਿਮਾਨ ਸਨ। ਇਸ ਮੌਕੇ ਤੇ ਮਸ਼ਹੂਰ ਸੂਫ਼ੀ ਗਾਇਕ ਅਲੀ ਬ੍ਰਦਰਜ਼, ਲੇਖਕਾ ਡਾ. ਅਰੁਮਿਲ ਸਾਖੀ, ਡਾ. ਰਜਨੀਸ਼ ਗੁਪਤਾ, ਫ਼ਿਲਮ ਲੇਖਕਾ ਚੰਚਲ ਡਾਬਰਾ, ਫ਼ਿਲਮ ਡਾਇਰੈਕਟਰ ਉਮੇਸ਼ ਅਤੇ ਐਕਟਰ ਰਣਜੀਤ ਪੰਨੂ ਜਿਹੀਆਂ ਹਸਤੀਆਂ ਵੀ ਹਾਜ਼ਰ ਸਨ।
ਨੂਰਾਂ ਕੌਰ ਨੇ ਦੱਸਿਆਂ ਕਿ ਅਸੀਂ ਸਭ ਜੀਵਨ ਦੇ ਅਲੱਗ ਅਲੱਗ ਦੌਰਾ ਗ਼ਮੀ, ਖ਼ੁਸ਼ੀ, ਗ਼ੁੱਸਾ ਆਦਿ ਵਿਚੋਂ ਲੰਘਦੇ ਹਾਂ। ਕਈ ਵਾਰ ਅਸੀਂ ਮਹਿਸੂਸ ਕਰਦੇ ਹਾਂ ਕਿ ਸਾਡੀ ਊਰਜਾ ਖ਼ਤਮ ਹੋ ਗਈ ਹੈ। ਅਸੀ ਬਿਮਾਰ ਮਹਿਸੂਸ ਕਰਦੇ ਹਾਂ, ਜਦ ਕਿ ਅਸਲ ਵਿਚ ਸਾਨੂੰ ਕੋਈ ਸਰੀਰਕ ਬਿਮਾਰੀ ਨਹੀ ਹੁੰਦੀ । ਬਲਕਿ ਸਾਡੀ ਊਰਜਾ ਦੀ ਕਮੀ ਦੇ ਕਈ ਕਾਰਨ ਹਨ। ਜਿਵੇਂ ਨਕਾਰਾਤਮਿਕ ਸੋਚ, ਗ਼ੁੱਸਾ, ਜ਼ਹਿਰੀਲੇ ਰਿਸ਼ਤੇ ਜਾਂ ਬੁਰੇ ਅਨੁਭਵ ਆਦਿ ਸਾਡੇ ਅੰਦਰ ਦੀ ਸਕਾਰਤਮਕ ਊਰਜਾ ਨੂੰ ਖ਼ਤਮ ਕਰਨਾ ਸ਼ੁਰੂ ਕਰ ਦਿੰਦੇ ਹਨ। ਏਰੀਅਲ ਯੋਗਾ ਅਤੇ ਵੇਟ ਲਿਫ਼ਟਿੰਗ ਦੇ ਨਾਲ ਸਿਰਫ਼ ਧਿਆਨ ਅਤੇ ਤੰਦਰੁਸਤੀ ਦੀਆਂ ਥੈਰੇਪੀਆਂ ਹੀ ਤੁਹਾਨੂੰ ਨਕਾਰਾਤਮਿਕਤਾ, ਮੋਟਾਪੇ ਅਤੇ ਗੈਰ-ਸਿਹਤਮੰਦ ਭਾਵਨਾਵਾਂ ਤੋਂ ਛੁਟਕਾਰਾ ਪਾਉਣ ਵਿਚ ਮਦਦ ਕਰ ਸਕਦੀਆਂ ਹਨ। ਤੁਸੀਂ ਸੰਤੁਲਿਤ ਹਾਰਮੋਨ, ਸੰਤੁਲਿਤ ਸਰੀਰ, ਸੰਤੁਲਿਤ ਮਨ, ਸੰਤੁਲਿਤ ਆਤਮਾ ਅਭਿਆਸ ਅਤੇ ਹਵਾਈ ਯੋਗਾ ਪ੍ਰਾਪਤ ਕਰ ਸਕਦੇ ਹੋ। ਨੂਰਾਂ ਨੇ ਕਿਹਾ ਕਿ ਉਹ ਰੇਕੀ ਐਨਰਜੀ ਹੀਲਰ ਹੋਣ ਦੇ ਨਾਤੇ ਉਹ ਦੂਸ਼ਿਤ ਔਰਾ ਅਤੇ ਜ਼ਹਿਰੀਲੇ ਸਰੀਰ ਵਿਚ ਪੂਰੀ ਤਰ੍ਹਾਂ ਖ਼ਤਮ ਕਰ ਦਿੰਦੇ ਹਨ। ਸਾਨੂੰ ਸਾਰਿਆਂ ਨੂੰ ਸਰੀਰ ਦੇ ਨਾਲ-ਨਾਲ ਆਪਣੀ ਆਤਮਾ ਨੂੰ ਵੀ ਸੁੱਧ ਕਰਨਾ ਚਾਹੀਦਾ ਹੈ। ਇਸ ਮੌਕੇ ਤੇ ਹਾਜ਼ਰ ਇਕੱਠ ਨੇ ਵੀ ਨੂਰਾਂ ਕੌਰ ਤੋਂ ਕਈ ਸਵਾਲ ਪੁੱਛੇ ਜਿਨ੍ਹਾਂ ਦਾ ਜਵਾਬ ਉਨ੍ਹਾਂ ਵਿਸਥਾਰ ਸਹਿਤ ਦਿਤਾ। ਨੂਰਾਂ ਕੌਰ ਨੇ ਇਸ ਮੌਕੇ ਤੇ ਇਕ ਜ਼ਿੰਦਗੀ ਦੀ ਜੀਵਨ ਜਾਚ ਸਿਖਾਉਂਦੀ ਇਕ ਕਿਤਾਬ ਵੀ ਰੀਲੀਜ਼ ਕੀਤੀ।