ਹੁਸ਼ਿਆਰਪੁਰ- ''ਸੂਬੇ ਦੀ ਆਰਥਿਕਤਾ ਨੂੰ ਵੱਡਾ ਹੁਲਾਰਾ ਦੇਣ ਵਿੱਚ ਈਕੋ ਟੂਰਿਜ਼ਮ ਬਹੁਤ ਵੱਡੀ ਭੂਮਿਕਾ ਨਿਭਾਉਣ ਦੀ ਸਮਰੱਥਾ ਰੱਖਦਾ ਹੈ ਅਤੇ ਰੋਜ਼ਗਾਰ ਸਿਰਜਣ ਵਿੱਚ ਵੀ ਈਕੋ ਟੂਰਿਜ਼ਮ ਦਾ ਅਹਿਮ ਕਿਰਦਾਰ ਹੈ।'' ਇਹ ਵਿਚਾਰ ਪੰਜਾਬ ਦੇ ਖੁਰਾਕ, ਸਿਵਲ ਸਪਲਾਈ ਅਤੇ ਉਪਭੋਗਤਾ ਮਾਮਲੇ ਤੇ ਜੰਗਲਾਤ ਮੰਤਰੀ ਸ੍ਰੀ ਲਾਲ ਚੰਦ ਕਟਾਰੂਚੱਕ ਨੇ ਅੱਜ ਹੁਸ਼ਿਆਰਪੁਰ ਵਿਖੇ ਚੌਹਾਲ ਨੇਚਰ ਅਵੇਅਰਨੈਸ ਕੈਂਪ ਦੇ ਨਿਰੀਖਣ ਮੌਕੇ ਪ੍ਰਗਟ ਕੀਤੇ।
ਇਸ ਮੌਕੇ ਉਹਨਾਂ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਮਾਨ ਦੇ ਇਸ ਸੁਪਨਮਈ ਪ੍ਰਾਜੈਕਟ ਨੂੰ ਪੂਰਾ ਕਰਨ ਵਿੱਚ ਕੋਈ ਕਸਰ ਨਹੀਂ ਛੱਡੀ ਜਾਵੇਗੀ। ਉਹਨਾਂ ਅੱਗੇ ਦੱਸਿਆ ਕਿ ਉਹ ਮੁੱਖ ਮੰਤਰੀ ਦੀਆਂ ਹਦਾਇਤਾਂ ਉੱਤੇ ਇਸ ਪ੍ਰਾਜੈਕਟ ਦੇ ਕੰਮਕਾਜ ਦਾ ਬਾਰੀਕੀ ਨਾਲ ਹਰ ਪੱਖ ਤੋਂ ਜਾਇਜਾ ਲੈਣ ਆਏ ਹਨ। ਉਹਨਾਂ ਵਿਸ਼ਵਾਸ਼ ਪ੍ਰਗਟ ਕੀਤਾ ਕਿ 4 ਕਰੋੜ ਰੁਪਏ ਦੀ ਲਾਗਤ ਨਾਲ ਨੇਪਰੇ ਚਾੜ੍ਹੇ ਜਾਣ ਵਾਲੇ ਇਸ ਪ੍ਰਾਜੈਕਟ ਤਹਿਤ ਚੌਹਾਲ ਡੈਮ ਦੇ ਨੇੜੇ ਇਕ ਨੇਚਰ ਅਵੇਅਰਨੈਸ ਕੈਂਪ ਸਥਾਪਿਤ ਕੀਤਾ ਜਾਵੇਗਾ ਜਿਸ ਵਿੱਚ ਇਕ ਨੇਚਰ ਟਰੇਲ, ਐਡਵੈਂਚਰ ਅਤੇ ਵਾਟਰ ਸਪੋਰਟਸ ਅਤੇ 5 ਟੈਂਟ ਵਾਲੀਆਂ ਰਿਹਾਇਸ਼ਾਂ ਸਥਾਪਿਤ ਕੀਤੀਆਂ ਜਾਣਗੀਆਂ ਅਤੇ ਇਸ ਦੇ ਨਾਲ ਹੀ ਸਥਾਨਕ ਰੈਸਟ ਹਾਊਸ ਦੀ ਦਿੱਖ ਵਿੱਚ ਵੀ ਸੁਧਾਰ ਕੀਤਾ ਜਾਵੇਗਾ।
ਉਹਨਾਂ ਅੱਗੇ ਦੱਸਿਆ ਕਿ ਇਹ ਪ੍ਰਾਜੈਕਟ ਸੈਲਾਨੀਆਂ ਲਈ ਬੇਹੱਦ ਖਿੱਚ ਦਾ ਕੇਂਦਰ ਸਾਬਤ ਹੋਵੇਗਾ ਜਿਸ ਨਾਲ ਇਸ ਖਿੱਤੇ ਨੂੰ ਸੈਰ-ਸਪਾਟੇ ਪੱਖੋਂ ਦੁਨੀਆਂ ਦੇ ਨਕਸ਼ੇ ਉੱਪਰ ਉੱਭਰਨ ਵਿੱਚ ਕਾਫੀ ਮਦਦ ਮਿਲੇਗੀ। ਉਹਨਾਂ ਇਹ ਵੀ ਕਿਹਾ ਕਿ ਅਜੋਕੇ ਯੁੱਗ ਵਿੱਚ ਸੈਰ-ਸਪਾਟਾ ਵਿਸ਼ਵ ਭਰ ਵਿੱਚ ਅਰਥਚਾਰੇ ਨੂੰ ਹੁਲਾਰਾ ਦੇਣ ਵਿੱਚ ਅਹਿਮ ਭੂਮਿਕਾ ਨਿਭਾ ਰਿਹਾ ਹੈ ਅਤੇ ਪੰਜਾਬ ਸਰਕਾਰ ਵੀ ਪੁਰਜੋਰ ਕੋਸ਼ਿਸ਼ ਕਰ ਰਹੀ ਹੈ ਕਿ ਇਸ ਖੇਤਰ ਵਿੱਚ ਮੌਜੂਦ ਅਸੀਮਿਤ ਸਮਰੱਥਾਵਾਂ ਦਾ ਭਰਪੂਰ ਇਸਤਿਮਾਲ ਕਰਦੇ ਹੋਏ ਸੂਬੇ ਦੀ ਆਰਥਿਕਤਾ ਨੂੰ ਮਜਬੂਤ ਕੀਤਾ ਜਾਵੇ।
ਉਨ੍ਹਾਂ ਇਸ ਮੌਕੇ ਥਾਨਾ ਡੈਮ ਦਾ ਦੌਰਾ ਵੀ ਕੀਤਾ।
ਇਸ ਮੌਕੇ ਪੰਜਾਬ ਦੇ ਮਾਲ ਅਤੇ ਜਲ ਸਰੋਤ ਮੰਤਰੀ ਬ੍ਰਮ ਸ਼ੰਕਰ ਜਿੰਪਾ, ਟਾਂਡਾ ਉੜਮੜ ਤੋਂ ਵਿਧਾਇਕ ਜਸਵੀਰ ਸਿੰਘ ਰਾਜਾ ਗਿੱਲ, ਪ੍ਰਮੁੱਖ ਮੁੱਖ ਵਣਪਾਲ ਪ੍ਰਵੀਨ ਥਿੰਦ ਤੇ ਮੁੱਖ ਵਣਪਾਲ (ਹੁਸ਼ਿਆਰਪੁਰ) ਸੰਜੀਵ ਤਿਵਾਰੀ ਤੋਂ ਇਲਾਵਾ ਸਥਾਨਕ ਪ੍ਰਸ਼ਾਸਨ ਦੇ ਅਧਿਕਾਰੀ ਵੀ ਮੌਜੂਦ ਸਨ।