ਭਾਰਤ ਵਿਚ ਠੱਗ ਤੇ ਬੇਈਮਾਨ ਏਜੰਟਾਂ ਵਲੋਂ ਫਰਵਰੀ 2023 ਵਿੱਚ 13 ਲੱਖ ਰੁਪਏ ਲੈ ਕੇ ਇਟਲੀ ਵਿੱਚ ਨੌਕਰੀ ਦਿਵਾਉਣ ਦੇ ਬਹਾਨੇ 17 ਨੌਜਵਾਨਾਂ ਨੂੰ ਪਹਿਲਾਂ ਦੁਬਈ, ਫਿਰ ਮਿਸਰ ਅਤੇ ਫਿਰ ਲੀਬੀਆ ਦੇ ਜ਼ੁਵਾਰਾ ਕਸਬੇ ਵਿੱਚ ਹਥਿਆਰਬੰਦ ਮਾਫੀਆ ਨੂੰ ਵੇਚ ਦਿੱਤਾ ਗਿਆ। ਇਨ੍ਹਾਂ ਨੌਜਵਾਨਾਂ ਦੇ ਬਚਾਅ ਕਾਰਜ ਅਤੇ ਵਾਪਸੀ ਦੀ ਪ੍ਰਕਿਰਿਆ ਦਾ ਤਾਲਮੇਲ ਪੰਜਾਬ ਦੇ ਸੰਸਦ ਮੈਂਬਰ ਵਿਕਰਮਜੀਤ ਸਿੰਘ ਸਾਹਨੀ ਨੇ ਬੜੀ ਮੁਸ਼ੱਕਤ ਤੇ ਨਿਰੰਤਰ ਯਤਨਾਂ ਨਾਲ ਕੀਤਾ।
ਸ੍ਰੀ ਸਾਹਨੀ ਨੇ ਦੱਸਿਆ ਕਿ ਇਨ੍ਹਾਂ ਲੜਕਿਆਂ ਵੱਲੋਂ 28 ਮਈ 2023 ਨੂੰ ਸਾਡੇ ਨਾਲ ਸੰਪਰਕ ਕੀਤਾ ਗਿਆ ਸੀ, ਜਿਸ ਵਿੱਚ ਉਨ੍ਹਾਂ ਦੱਸਿਆ ਕਿ ਉਹ ਲੀਬੀਆ ਵਿੱਚ ਫਸੇ ਹੋਏ ਹਨ ਅਤੇ ਉੱਥੇ ਉਨ੍ਹਾਂ ਦਾ ਸਰੀਰਕ ਸ਼ੋਸ਼ਣ ਕੀਤਾ ਜਾ ਰਿਹਾ ਹੈ ਅਤੇ ਮਹੀਨਿਆਂ ਤੋਂ ਬੰਧੂਆ ਮਜ਼ਦੂਰੀ ਕਰਵਾਈ ਜਾ ਰਹੀ ਹੈ। ਅਸੀਂ ਉਨ੍ਹਾਂ ਨਾਲ ਵੀਡੀਓ ਕਾਲ 'ਤੇ ਵੀ ਗੱਲ ਕੀਤੀ ਜਿਸ ਵਿਚ ਅਸੀਂ ਦੇਖਿਆ ਕਿ ਉਹ ਠੀਕ ਭੋਜਨ ਦੀ ਘਾਟ ਕਾਰਨ ਕਲਪਨਾ ਤੋਂ ਵੀ ਪਰ੍ਹੇ ਦੇ ਬਦਤਰ ਹਾਲਾਤ ਵਿਚ ਰਹਿ ਰਹੇ ਹਨ।
ਸ੍ਰੀ ਸਾਹਨੀ ਨੇ ਦੱਸਿਆ ਕਿ ਲੀਬੀਆ ਵਿੱਚ ਭਾਰਤ ਦਾ ਕੋਈ ਕੂਟਨੀਤਕ ਮਿਸ਼ਨ ਨਹੀਂ ਹੈ, ਇਸ ਲਈ ਅਸੀਂ ਇਸ ਪੱਖੋਂ ਬੇਵੱਸ ਸਾਂ। ਜਦੋਂ ਇਹ ਲੜਕੇ ਘਬਰਾਏ ਹੋਏ ਚਿੰਤਾ ਵਿਚ ਘਿਰੇ ਹੋਏ ਸਨ ਤਾਂ ਅਸੀਂ ਆਪਣੇ ਪੱਧਰ 'ਤੇ ਇਕ ਹੋਟਲ ਬੁੱਕ ਕੀਤਾ ਅਤੇ ਇਨ੍ਹਾਂ ਲੜਕਿਆਂ ਲਈ ਦੋ ਟੈਕਸੀਆਂ ਦਾ ਪ੍ਰਬੰਧ ਕਰਕੇ ਉਨ੍ਹਾਂ ਨੂੰ ਮਾਫੀਆ ਦੀ ਕੈਦ ਵਿਚੋਂ ਤੁਰੰਤ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ। 13 ਜੂਨ ਨੂੰ ਅਸੀਂ ਇਹ ਬਚਾਅ ਮੁਹਿੰਮ ਸ਼ੁਰੂ ਕੀਤੀ ਸੀ ਅਤੇ ਅਸੀਂ ਇਸ ਨੂੰ ਸਫਲਤਾਪੂਰਵਕ ਪੂਰਾ ਕਰਨ ਵਿੱਚ ਕਾਮਯਾਬ ਹੋਏ। ਜਿਸ ਦਿਨ ਤੋਂ ਇਹ ਨੌਜਵਾਨ ਮਾਫੀਆ ਦੀ ਗ਼ੁਲਾਮੀ ਤੋਂ ਬਚ ਨਿਕਲੇ ਸਨ, ਮੈਂ ਅਤੇ ਮੇਰਾ ਦਫ਼ਤਰ ਇਹਨਾਂ ਮੁੰਡਿਆਂ ਨਾਲ ਤਦ ਤੱਕ ਪੂਰੀ ਰਾਤ ਲਗਾਤਾਰ ਫੋਨ ‘ਤੇ ਗੱਲ ਕਰਦੇ ਰਹੇ ਜਦੋਂ ਤੱਕ ਉਹ ਸਾਡੇ ਵਲੋਂ ਬੁੱਕ ਕੀਤੇ ਹੋਟਲ ਵਿੱਚ ਨਹੀਂ ਪਹੁੰਚ ਗਏ। .
ਸ੍ਰੀ ਸਾਹਨੀ ਨੇ ਅੱਗੋਂ ਕਿਹਾ ਕਿ ਕਿਸਮਤ ਸਾਡਾ ਇਮਤਿਹਾਨ ਲੈ ਰਹੀ ਸੀ ਕਿਉਂਕਿ ਹੋਟਲ ਵਿੱਚ ਦੋ ਦਿਨ ਰੁਕਣ ਤੋਂ ਬਾਅਦ ਹੋਟਲ ਮਾਲਕ ਨੇ ਸਾਡੇ ਨਾਲ ਧੋਖਾ ਕੀਤਾ ਅਤੇ ਇਨ੍ਹਾਂ ਸਾਰੇ ਲੜਕਿਆਂ ਨੂੰ ਹੋਟਲ ਵਿੱਚੋਂ ਗ੍ਰਿਫ਼ਤਾਰ ਕਰਵਾ ਕੇ ਤ੍ਰਿਪੋਲੀ ਜੇਲ੍ਹ ਭੇਜ ਦਿੱਤਾ। ਇਸ ਤੋਂ ਬਾਅਦ ਅਸੀਂ ਟੁਨੀਸ਼ੀਆ ਵਿਚ ਸਥਿਤ ਨਜ਼ਦੀਕੀ ਭਾਰਤੀ ਦੂਤਾਵਾਸ ਨੂੰ ਦਖਲ ਦੇਣ ਲਈ ਬੇਨਤੀ ਕੀਤੀ। ਅਸੀਂ ਸੰਯੁਕਤ ਰਾਸ਼ਟਰ ਤੱਕ ਵੀ ਪਹੁੰਚ ਕੀਤੀ ਕਿ ਮਨੁੱਖੀ ਆਧਾਰ 'ਤੇ ਇਨ੍ਹਾਂ ਲੜਕਿਆਂ ਨੂੰ ਲੀਬੀਆ ਦੀ ਜੇਲ੍ਹ ਵਿੱਚੋਂ ਰਿਹਾਅ ਕਰਕੇ ਭਾਰਤ ਵਾਪਸ ਭੇਜਿਆ ਜਾਵੇ।
ਸ੍ਰੀ ਸਾਹਨੀ ਨੇ ਦੱਸਿਆ ਕਿ ਵੱਖ-ਵੱਖ ਪੱਧਰਾਂ 'ਤੇ ਸਾਡੇ ਪੱਖ ਤੋਂ ਕਈ ਹਫ਼ਤਿਆਂ ਦੇ ਪੱਤਰ-ਵਿਹਾਰ ਅਤੇ ਲਗਾਤਾਰ ਬੇਨਤੀਆਂ ਤੋਂ ਬਾਅਦ ਅਸੀਂ 30 ਜੁਲਾਈ ਨੂੰ ਸੰਯੁਕਤ ਰਾਸ਼ਟਰ ਅਤੇ ਭਾਰਤੀ ਹਾਈ ਕਮਿਸ਼ਨ, ਟਿਊਨੀਸ਼ੀਆ ਰਾਹੀਂ ਇਨ੍ਹਾਂ ਨੌਜਵਾਨਾਂ ਤੱਕ ਕੌਂਸਲਰ ਪਹੁੰਚ ਪ੍ਰਾਪਤ ਕਰ ਸਕੇ ਅਤੇ ਇਨ੍ਹਾਂ ਲੜਕਿਆਂ ਨੂੰ ਬਾਹਰ ਕੱਢਣ ਵਿਚ ਕਾਮਯਾਬ ਹੋ ਸਕੇ। ਜੇਲ੍ਹ ਵਿੱਚੋਂ ਰਿਹਾਈ ਤੋਂ ਮਗਰੋਂ ਇਨ੍ਹਾਂ ਨੂੰ ਲੀਬੀਆ ਵਿੱਚ ਤ੍ਰਿਪੋਲੀ ਵਿਖੇ ਗੈਰ-ਕਾਨੂੰਨੀ ਇਮੀਗ੍ਰੇਸ਼ਨ ਬੰਦਰਗਾਹ ਵਿੱਚ ਭੇਜ ਦਿੱਤਾ ਗਿਆ। ਫਿਰ ਆਖਿਰਕਾਰ 19 ਅਗਸਤ ਨੂੰ ਸਾਰੀਆਂ ਕਾਗਜ਼ੀ ਕਾਰਵਾਈਆਂ ਪੂਰੀਆਂ ਕਰਨ ਉਪਰੰਤ ਇਨ੍ਹਾਂ ਲੜਕਿਆਂ ਨੂੰ ਦਿੱਲੀ ਲਈ ਫਲਾਈਟ ਵਿੱਚ ਚੜ੍ਹਾ ਦਿੱਤਾ ਗਿਆ।
ਸ੍ਰੀ ਸਾਹਨੀ ਨੇ ਕਿਹਾ ਕਿ ਲੀਬੀਆ ਤੋਂ ਇਸ ਜਹਾਜ਼ ਦੀ ਲੈਂਡਿੰਗ ਸਿਰਫ ਇਕ ਜਹਾਜ਼ ਦੀ ਯਾਤਰਾ ਹੀ ਨਹੀਂ ਸੀ, ਸਗੋਂ ਮਾਂ ਦੀ ਆਸ, ਭੈਣ ਦੀ ਮਮਤਾ ਅਤੇ ਪਿਤਾ ਦਾ ਪਿਆਰ ਸੀ। ਮੈਂ ਕੱਲ੍ਹ ਇਹਨਾਂ ਸਾਰੇ ਲੜਕਿਆਂ ਨਾਲ ਗੱਲ ਕੀਤੀ, ਉਹ ਇਸਨੂੰ ਇੱਕ ਪੁਨਰ ਜਨਮ ਸਮਝਦੇ ਹਨ। ਉਹਨਾਂ ਦੇ ਮਾਪਿਆਂ ਅਤੇ ਪਰਿਵਾਰਕ ਮੈਂਬਰਾਂ ਦੀਆਂ ਏਅਰਪੋਰਟ 'ਤੇ ਵਹਿ ਰਹੀਆਂ ਭਾਵਨਾਵਾਂ ਦਾ ਸ਼ਾਇਦ ਸ਼ਬਦਾਂ ਵਿਚ ਵਰਨਣ ਵੀ ਨਹੀਂ ਕੀਤਾ ਜਾ ਸਕਦਾ।