ਨਵੀਂ ਦਿੱਲੀ -ਪੁਰਾਣੇ ਸੰਸਦ ਭਵਨ ਵਿਖੇ ਆਖਰੀ ਸੈਸ਼ਨ ਦੇ ਇਤਿਹਾਸਕ ਦਿਨ '75 ਸਾਲਾਂ ਦੀ ਪਾਰਲੀਮਾਨੀ ਯਾਤਰਾ' ਵਿਸ਼ੇ 'ਤੇ ਬੋਲਦਿਆਂ ਸ੍ਰ. ਵਿਕਰਮਜੀਤ ਸਿੰਘ ਸਾਹਨੀ, ਮੈਂਬਰ ਪਾਰਲੀਮੈਂਟ ਨੇ ਸਿੱਖਾਂ ਦੇ ਸੰਘਰਸ਼ ਅਤੇ ਦੇਸ਼-ਵੰਡ ਦੌਰਾਨ ਉਨ੍ਹਾਂ ਨੂੰ ਹੋਏ ਨੁਕਸਾਨ ਦਾ ਜ਼ਿਕਰ ਕਰਦਿਆਂ ਰਾਸ਼ਟਰ ਨਿਰਮਾਣ ਵਿੱਚ ਪੰਜਾਬੀਆਂ ਵਿਸ਼ੇਸ਼ ਕਰਕੇ ਸਿੱਖਾਂ ਦੀ ਸਮਰਪਿਤ ਭੂਮਿਕਾ ਉਤੇ ਰੋਸ਼ਨੀ ਪਾਈ।
ਸ੍ਰ. ਸਾਹਨੀ ਨੇ ਸਦਨ ਨੂੰ ਸੰਬੋਧਨ ਕਰਦਿਆਂ, ਸਾਡੇ ਸੀਨੀਅਰ ਨੇਤਾਵਾਂ ਅਤੇ ਆਜ਼ਾਦੀ ਘੁਲਾਟੀਆਂ ਨੂੰ ਸ਼ਰਧਾਂਜਲੀ ਭੇਟ ਕੀਤੀ ਜਿਨ੍ਹਾਂ ਨੇ ਇਹ ਯਕੀਨੀ ਬਣਾਉਣ ਲਈ ਕਿ ਅਸੀਂ ਇਸ ਦਿਨ ਦੀ ਰੌਸ਼ਨੀ ਨੂੰ ਵੇਖ ਸਕੀਏ ਸਰਵਉੱਚ ਕੁਰਬਾਨੀਆਂ ਦਿੱਤੀਅਂ। ਸ੍ਰ. ਸਾਹਨੀ ਨੇ ਉਹਨਾ ਮਹਾਨ ਸਿੱਖ ਨੇਤਾਵਾਂ ਨੂੰ ਵੀ ਸ਼ਰਧਾਂਜਲੀ ਭੇਟ ਕੀਤੀ ਜਿਨ੍ਹਾਂ ਨੇ ਮੁਹੰਮਦ ਅਲੀ ਜਿਨਾਹ ਦੀ ਪੇਸ਼ਕਸ਼ ਨੂੰ ਠੁਕਰਾ ਕੇ ਭਾਰਤ ਨੂੰ ਆਪਣੀ ਮਾਤ ਭੂਮੀ ਵਜੋਂ ਅਪਨਾਉਣ ਦਾ ਫੈਸਲਾ ਕੀਤਾ। ਉਹਨਾ ਜ਼ੋਰ ਦੇ ਕੇ ਕਿਹਾ ਕਿ “ਅਸੀਂ ਸਿੱਖ ਸਿਰਫ਼ ‘ਬਾਈ ਚਾਂਸ’ ਭਾਰਤੀ ਨਹੀਂ ਹਾਂ ਸਗੋਂ ‘ਬਾਈ ਚੁਆਇਸ’ ਭਾਰਤੀ ਹੋਣ ‘ਤੇ ਮਾਣ ਮਹਿਸੂਸ ਕਰਦੇ ਹਾਂ। ਉਨ੍ਹਾਂ ਦੱਸਿਆ ਕਿ ਕਿਵੇਂ ਵੰਡ ਦੌਰਾਨ ਪੰਜਾਬ ਨੇ ਸਭ ਤੋਂ ਵੱਧ ਨੁਕਸਾਨ ਝੱਲਿਆ ਜਿਸ ਵਿੱਚ 20 ਲੱਖ ਲੋਕਾਂ ਦੀ ਜਾਨ ਚਲੀ ਗਈ ਅਤੇ 14 ਮਿਲੀਅਨ ਲੋਕਾਂ ਨੂੰ ਪਲਾਇਨ ਕਰਕੇ ਆਪਣੇ ਘਰ ਛੱਡਣੇ ਪਏ।
ਸ੍ਰ. ਸਾਹਨੀ ਨੇ ਸੰਸਦ ਮੈਂਬਰ ਵਜੋਂ ਜ਼ਿੰਮੇਵਾਰੀਆਂ 'ਤੇ ਜ਼ੋਰ ਦਿੰਦੇ ਹੋਏ ਕਿਹਾ ਕਿ ਜਨਤਕ ਪ੍ਰਤੀਨਿਧ ਹੋਣ ਦੇ ਨਾਤੇ, ਅਸੀਂ ਸਾਰੇ 1ਅਰਬ 40 ਕਰੋੜ ਭਾਰਤੀਆਂ ਦੀਆਂ ਇੱਛਾਵਾਂ ਦੇ ਪ੍ਰਤੀਕ ਹਾਂ, ਜੋ ਚਾਹੁੰਦੇ ਹਨ ਕਿ ਅਸੀਂ ਵਧੀਆ ਢੰਗ ਨਾਲ ਦੇਸ਼ ਦੀ ਸੇਵਾ ਕਰੀਏ। ਉਨ੍ਹਾਂ ਗਰੀਬੀ, ਬੇਰੁਜ਼ਗਾਰੀ, ਭ੍ਰਿਸ਼ਟਾਚਾਰ, ਖੇਤੀ ਸੰਕਟ, ਜਾਤੀਵਾਦ, ਫਿਰਕੂ ਨਫ਼ਰਤ ਆਦਿ ਦੇ ਖਾਤਮੇ ਲਈ ਸਮੂਹਿਕਤੌਰ ‘ਤੇ ਵਚਨਬੱਧ ਹੋਣ ਦੀ ਅਪੀਲ ਕੀਤੀ। ਅਤੇ ਕਿਹਾ ਕਿ ਸਾਨੂੰ ਬੁਨਿਆਦੀ ਲੋੜਾਂ ਜਿਵੇਂ ਕਿ ਸਿਹਤ, ਸਿੱਖਿਆ, ਬੁਨਿਆਦੀ ਢਾਂਚਾ, ਰਾਸ਼ਟਰ ਦੇ ਸਮਾਵੇਸ਼ੀ ਵਿਕਾਸ, ਔਰਤਾਂ ਅਤੇ ਯੁਵਾ ਸਸ਼ਕਤੀਕਰਨ ਆਦਿ ਲਈ ਮਿਲ ਕੇ ਕੰਮ ਕਰਨਾ ਚਾਹੀਦਾ ਹੈ।
ਸ੍ਰ. ਸਾਹਨੀ ਨੇ ਕਿਹਾ ਕਿ ਅਜ਼ਾਦੀ ਕਾ ਅੰਮ੍ਰਿਤ ਮਹੋਤਸਵ ਤਾਂ ਹੀ ਸਹੀ ਮਾਅਨਿਆਂ ਵਿੱਚ ਸਫਲ ਹੋਵੇਗਾ ਜਦੋਂ ਅਸੀਂ ਦੇਸ਼ ਦੇ ਆਖਰੀ ਆਮ ਇਨਸਾਨ ਨੂੰ ਸਿੱਖਿਆ, ਰੁਜ਼ਗਾਰ, ਸਿਹਤ ਅਤੇ ਸਮਾਜਿਕ ਨਿਆਂ ਦਾ ਅੰਮ੍ਰਿਤ ਪ੍ਰਦਾਨ ਕਰ ਸਕੀਏ।
ਸ੍ਰ ਸਾਹਨੀ ਨੇ ਪੰਜਾਬ ਦੀ ਸ਼ਾਨ ਸ਼ਹੀਦ-ਏ-ਆਜ਼ਮ ਸ੍ਰ ਭਗਤ ਸਿੰਘ ਨੂੰ ਵੀ ਸ਼ਰਧਾਜਲੀ ਅਰਪਨ ਕੀਤੀ ਜਿਨ੍ਹਾਂ ਨੇ ਸੁਤੰਤਰਤਾ ਸੰਗਰਾਮ ਦੀ ਚਿੰਗਾੜੀ ਨੂੰ ਭਾਂਬੜ ਵਿਚ ਬਦਲਣ ਲਈ ਬਰਤਾਨਵੀ ਸਰਕਾਰ ਦਾ ਧਿਆਨ ਇਸ ਪਾਸੇ ਦੁਆਉਣ ਵਾਸਤੇ ਆਪਣੇ ਇਸ ਸੰਸਦ ਸਦਨ ਨੂੰ ਚੁਣਿਆਂ।
ਸ੍ਰ. ਸਾਹਨੀ ਨੇ ਸਵਰਗੀ ਸ੍ਰੀ ਅਰੁਨ ਜੈਤਲੀ ਅਤੇ ਸ਼੍ਰੀਮਤੀ ਸੁਸ਼ਮਾ ਸਵਰਾਜ ਵਰਗੇ ਦਿੱਗਜ ਸੰਸਦ ਮੈਂਬਰਾਂ ਨੂੰ ਸੰਸਦ ਵਿਚ ਉਨ੍ਹਾਂ ਦੇ ਯੋਗਦਾਨ ਲਈ ਸ਼ਰਧਾਂਜਲੀ ਵੀ ਦਿੱਤੀ ਅਤੇ ਸਾਬਕਾ ਪ੍ਰਧਾਨ ਮੰਤਰੀ ਡਾ.ਮਨਮੋਹਨ ਸਿੰਘ ਦੀ ਚੰਗੀ ਸਿਹਤ ਅਤੇ ਲੰਬੀ ਉਮਰ ਲਈ ਪ੍ਰਾਰਥਨਾ ਕੀਤੀ ਜੋ ਕਿ ਸਿਹਤ ਖਰਾਬ ਹੋਣ ਦੇ ਬਾਵਜੂਦ ਵੀਲ੍ਹ ਚੇਅਰ 'ਤੇ ਸੰਸਦ 'ਚ ਮੌਜੂਦ ਸਨ।
ਸ੍ਰ. ਸਾਹਨੀ ਨੇ ਸੰਸਦ ਦੇ ਦੋਵਾਂ ਸਦਨਾਂ ਦੇ ਸੁਚਾਰੂ ਕੰਮਕਾਜ ਦੀ ਜ਼ਰੂਰਤ 'ਤੇ ਜ਼ੋਰ ਦਿੰਦਿਆਂ ਕਿਹਾ, "ਸੰਸਦ ਵਿੱਚ ਪੈਣ ਵਾਲੇ ਵਿਘਨ ਲੋਕਤੰਤਰ ਦੀ ਬੁਨਿਆਦੀ ਪ੍ਰਕਿਰਿਆ ਵਿੱਚ ਰੁਕਾਵਟ ਵਜੋਂ ਕੰਮ ਕਰਦੇ ਹਨ। ਸੰਸਦ ਦੇ ਸੁਚਾਰੂ ਕੰਮਕਾਜ ਲਈ ਸਰਕਾਰੀ ਧਿਰ ਅਤੇ ਵਿਰੋਧੀ ਧਿਰ ਦੋਵਾਂ ਨੂੰ ਸਕਾਰਾਤਮਕ ਅਤੇ ਉਸਾਰੂ ਭੂਮਿਕਾ ਨਿਭਾਉਣੀ ਚਾਹੀਦੀ ਹੈ ਤਾਂ ਜੋ ਇਸ ਸੰਸਥਾ ਦੀ ਸਰਵੋਤਮ ਵਰਤੋਂ ਹੋ ਸਕੇ।
ਸ੍ਰ. ਸਾਹਨੀ ਨੇ ਸਰਕਾਰ ਅਤੇ ਵਿਰੋਧੀ ਧਿਰ ਦੋਵਾਂ ਦੇ ਸਾਰੇ ਸੰਸਦ ਮੈਂਬਰਾਂ ਨੂੰ ਨਿਮਰਤਾ ਸਹਿਤ ਬੇਨਤੀ ਕੀਤੀ ਕਿ ਅਸੀਂ ਸਾਰੇ ਇਸ ਸੰਸਦ ਭਵਨ ਲਈ ਸਰਬਸੰਮਤੀ ਨਾਲ ਵਚਨਬੱਧ ਹੋਈਏ ਤਾਂ ਜੋ ਕਿ ਨਵੇਂ ਸੰਸਦ ਭਵਨ ਵਿੱਚ ਅਸੀਂ ਇਹ ਯਕੀਨੀ ਬਣਾਈਏ ਕਿ ਘੱਟ ਤੋਂ ਘੱਟ ਰੁਕਾਵਟਾਂ ਹੋਣ ਅਤੇ ਕੰਮ ਕਾਜ ਮੁਲਤਵੀ ਨਾ ਹੋਵੇ। ਸੰਸਦ ਵਿਚ ਸਿਹਤਮੰਦ ਬਹਿਸਾਂ ਅਤੇ ਵਿਚਾਰ-ਵਟਾਂਦਰੇ ਹੋਣ ਨਾਲ ਹੀ ਅਸੀਂ ਰਾਸ਼ਟਰ ਨਿਰਮਾਣ ਲਈ ਵੱਧ ਤੋਂ ਵੱਧ ਕੰਮ ਕਰ ਸਕਦੇ ਹਾਂ।