ਰਾਮਪੁਰਾ-ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ-ਡਕੌਂਦਾ ਦੇ ਜਨਰਲ ਸਕੱਤਰ ਹਰਨੇਕ ਸਿੰਘ ਮਹਿਮਾ ਦੀ ਗ੍ਰਿਫ਼ਤਾਰੀ ਖ਼ਿਲਾਫ਼ ਜ਼ਿਲ੍ਹਾ ਫਿਰੋਜ਼ਪੁਰ ਦੀ ਅਹਿਮ ਵਧਵੀਂ ਮੀਟਿੰਗ ਸੂਬਾ ਪ੍ਰਧਾਨ ਮਨਜੀਤ ਸਿੰਘ ਧਨੇਰ, ਸੂਬਾ ਸੀਨੀਅਰ ਮੀਤ ਪ੍ਰਧਾਨ ਗੁਰਦੀਪ ਸਿੰਘ ਰਾਮਪੁਰਾ, ਸੂਬਾ ਮੀਤ ਪ੍ਰਧਾਨ ਹਰੀਸ਼ ਨੱਢਾ ਲਾਧੂਕਾ ਅਤੇ ਜ਼ਿਲ੍ਹਾ ਪ੍ਰਧਾਨ ਜੰਗੀਰ ਸਿੰਘ ਖਹਿਰਾ ਦੀ ਅਗਵਾਈ ਹੇਠ ਗੁਰਦੁਆਰਾ ਸਾਰਾਗੜ੍ਹੀ ਸਾਹਿਬ ਵਿਖੇ ਕੀਤੀ ਗਈ। ਇਸ ਵਿੱਚ ਫਿਰੋਜ਼ਪੁਰ ਦੀ ਜ਼ਿਲ੍ਹਾ ਕਮੇਟੀ ਤੋਂ ਇਲਾਵਾ ਸਾਰੇ ਬਲਾਕਾਂ ਦੇ ਆਗੂਆਂ ਨੇ ਭਾਗ ਲਿਆ।
ਮੀਟਿੰਗ ਨੂੰ ਸੰਬੋਧਨ ਕਰਦਿਆਂ ਸੂਬਾ ਪ੍ਰਧਾਨ ਮਨਜੀਤ ਸਿੰਘ ਧਨੇਰ ਅਤੇ ਸੀਨੀਅਰ ਮੀਤ ਪ੍ਰਧਾਨ ਗੁਰਦੀਪ ਸਿੰਘ ਰਾਮਪੁਰਾ ਨੇ ਆਖਿਆ ਕਿ ਲੋਕ ਸਭਾ ਦੀਆਂ ਚੋਣਾਂ ਚੱਲ ਰਹੀਆਂ ਹਨ ਅਤੇ ਪਾਰਟੀਆਂ ਦੇ ਉਮੀਦਵਾਰ ਲੋਕਾਂ ਤੋਂ ਵੋਟਾਂ ਮੰਗਣ ਆ ਰਹੇ ਹਨ। ਜੇਕਰ ਉਹਨਾਂ ਨੂੰ ਵੋਟਾਂ ਮੰਗਣ ਦਾ ਅਧਿਕਾਰ ਹੈ ਤਾਂ ਲੋਕਾਂ ਨੂੰ ਵੀ ਆਪਣੇ ਬੁਨਿਆਦੀ ਮਸਲਿਆਂ 'ਤੇ ਸਵਾਲ ਪੁੱਛਣ ਦਾ ਅਧਿਕਾਰ ਹੈ। ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਨੇ ਲੋਕਾਂ ਦੇ ਮੂੰਹ ਬੰਦ ਕਰਨ ਅਤੇ ਭਾਜਪਾ ਦੇ ਵਿਰੋਧ ਨੂੰ ਰੋਕਣ ਲਈ ਸਾਡੀ ਜਥੇਬੰਦੀ ਦੇ ਜਨਰਲ ਸਕੱਤਰ ਹਰਨੇਕ ਸਿੰਘ ਮਹਿਮਾ ਨੂੰ ਪੁਰਾਣੇ ਕੇਸਾਂ ਵਿੱਚ ਗ੍ਰਿਫ਼ਤਾਰ ਕਰਕੇ ਜੇਲ੍ਹ ਵਿੱਚ ਬੰਦ ਕਰ ਦਿੱਤਾ ਹੈ। ਇਸ ਕਾਰਵਾਈ ਨੇ ਦੁਬਾਰਾ ਫਿਰ ਸਾਬਤ ਕਰ ਦਿੱਤਾ ਹੈ ਕਿ ਆਮ ਆਦਮੀ ਪਾਰਟੀ ਭਾਜਪਾ ਦੀ ਹੀ ਬੀ ਟੀਮ ਹੈ।
ਜਥੇਬੰਦੀ ਦੇ ਸੂਬਾ ਮੀਤ ਪ੍ਰਧਾਨ ਹਰੀਸ਼ ਨੱਢਾ ਲਾਧੂਕਾ ਅਤੇ ਜ਼ਿਲ੍ਹਾ ਫਿਰੋਜ਼ਪੁਰ ਦੇ ਪ੍ਰਧਾਨ ਜੰਗੀਰ ਸਿੰਘ ਖਹਿਰਾ ਨੇ ਕਿਹਾ ਕਿ ਜੇਲ੍ਹਾਂ ਵਿੱਚ ਡੱਕ ਕੇ ਕਿਸਾਨਾਂ ਦੀ ਆਵਾਜ਼ ਬੰਦ ਨਹੀਂ ਕੀਤੀ ਜਾਂ ਸਕਦੀ। ਜਥੇਬੰਦੀ ਆਪਣੇ ਆਗੂਆਂ ਦੀ ਰਾਖ਼ੀ ਕਰਨੀ ਬਾਖ਼ੂਬੀ ਜਾਣਦੀ ਹੈ। ਜਥੇਬੰਦੀ ਪਿਛਲੇ ਤਿੰਨ ਦਿਨਾਂ ਤੋਂ ਪੰਜਾਬ ਦੇ ਸੈਂਕੜੇ ਪਿੰਡਾਂ ਵਿੱਚ ਪੰਜਾਬ ਸਰਕਾਰ ਅਤੇ ਭਾਰਤੀ ਜਨਤਾ ਪਾਰਟੀ ਦੇ ਪੁਤਲੇ ਫੂਕ ਕੇ ਆਪਣੇ ਗੁੱਸੇ ਅਤੇ ਰੋਸ ਦਾ ਪ੍ਰਗਟਾਵਾ ਕਰਦੀ ਆ ਰਹੀ ਹੈ ਪਰ ਸਰਕਾਰ ਨੇ ਅੱਜ ਤੱਕ ਕੋਈ ਸੁਣਵਾਈ ਨਹੀਂ ਕੀਤੀ।
ਮੀਟਿੰਗ ਨੇ ਸਰਬ ਸੰਮਤੀ ਨਾਲ ਫੈਸਲਾ ਕੀਤਾ ਕਿ ਹਰਨੇਕ ਸਿੰਘ ਮਹਿਮਾ ਦੀ ਰਿਹਾਈ ਕਰਵਾਉਣ ਲਈ ਸੰਘਰਸ਼ ਨੂੰ ਤੇਜ ਕਰਦੇ ਹੋਏ 16 ਮਈ ਤੱਕ ਸਾਰੇ ਪਿੰਡਾਂ ਵਿੱਚ ਮੀਟਿੰਗਾਂ, ਰੈਲੀਆਂ ਅਤੇ ਅਰਥੀਆਂ ਫੂਕ ਕੇ ਘੋਲ ਨੂੰ ਮਘਾਇਆ ਜਾਵੇਗਾ ਅਤੇ 17 ਮਈ ਨੂੰ ਸੂਬਾ ਕਮੇਟੀ ਦੀ ਦੇਖ ਰੇਖ ਵਿੱਚ ਫਿਰੋਜ਼ਪੁਰ ਦੇ ਐੱਸ ਐੱਸ ਪੀ ਦਫਤਰ ਅੱਗੇ ਜ਼ਿਲ੍ਹਾ ਪੱਧਰਾ ਵਿਸ਼ਾਲ ਧਰਨਾ ਦਿੱਤਾ ਜਾਵੇਗਾ।
ਇਸ ਤੋਂ ਇਲਾਵਾ ਪੂਰੇ ਪੰਜਾਬ ਵਿੱਚ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰਾਂ ਦਾ ਸਖ਼ਤ ਵਿਰੋਧ ਕੀਤਾ ਜਾਵੇਗਾ ਅਤੇ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੂੰ ਹਰਨੇਕ ਸਿੰਘ ਮਹਿਮਾ ਦੀ ਰਿਹਾਈ ਅਤੇ ਕੁੱਲਰੀਆਂ ਦੇ ਕਿਸਾਨਾਂ ਨੂੰ ਇਨਸਾਫ਼ ਦੇਣ ਸਬੰਧੀ ਸਵਾਲ ਕੀਤੇ ਜਾਣਗੇ। ਹਰਨੇਕ ਸਿੰਘ ਮਹਿਮਾ ਦੀ ਰਿਹਾਈ ਸਬੰਧੀ ਘੋਲ ਨੂੰ ਹੋਰ ਤੇਜ਼ ਕਰਨ ਦੇ ਨਾਲ ਹੀ 21 ਮਈ ਨੂੰ ਸੰਯੁਕਤ ਕਿਸਾਨ ਮੋਰਚਾ ਪੰਜਾਬ ਦੇ ਸੱਦੇ 'ਤੇ ਜਗਰਾਉਂ ਵਿਖੇ ਕੀਤੀ ਜਾ ਰਹੀ ਭਾਜਪਾ ਵਿਰੋਧੀ ਮਹਾਂਰੈਲੀ ਵਿੱਚ ਜਥੇਬੰਦੀ ਵੱਲੋਂ, ਹਜ਼ਾਰਾਂ ਦੀ ਗਿਣਤੀ ਵਿੱਚ ਕਿਸਾਨ ਅਤੇ ਬੀਬੀਆਂ ਦੀ ਸ਼ਮੂਲੀਅਤ ਕਰਵਾਈ ਜਾਵੇਗੀ।
ਇਸ ਮੀਟਿੰਗ ਵਿੱਚ ਜ਼ਿਲਾ ਜਨਰਲ ਸਕੱਤਰ ਗੁਲਜ਼ਾਰ ਸਿੰਘ ਕੱਬਰਵੱਛਾ, ਜ਼ਿਲਾ ਸੀਨੀਅਰ ਮੀਤ ਪ੍ਰਧਾਨ ਦਰਸ਼ਨ ਸਿੰਘ ਕੜਮਾਂ, ਜ਼ਿਲ੍ਹਾ ਪ੍ਰੈੱਸ ਸਕੱਤਰ ਲਖਵੀਰ ਸਿੰਘ ਡੋਡ, ਜ਼ਿਲ੍ਹਾ ਕਮੇਟੀ ਮੈਂਬਰ ਸ਼ਮਸ਼ੇਰ ਸਿੰਘ ਸਹਿਜਾਦੀ, ਜ਼ਿਲ੍ਹਾ ਕਮੇਟੀ ਮੈਂਬਰ ਬਗੀਚਾ ਸਿੰਘ, ਗੁਰੂ ਹਰ ਸਹਾਏ -1 ਤੋਂ ਬਲਾਕ ਪ੍ਰਧਾਨ ਅਸ਼ੋਕ ਕੁਮਾਰ, ਗੁਰੁ ਹਰ ਸਹਾਏ -2 ਤੋਂ ਬਲਾਕ ਪ੍ਰਧਾਨ ਸੁਖਦੇਵ ਢੋਟ, ਮਮਦੋਟ ਬਲਾਕ ਪ੍ਰਧਾਨ ਬਲਕਾਰ ਸਿੰਘ ਜੋਧਪੁਰ, ਫਿਰੋਜ਼ਪੁਰ ਤੋਂ ਬਲਾਕ ਪ੍ਰਧਾਨ ਅਮਰੀਕ ਸਿੰਘ ਪੱਲ੍ਹਾ ਮੇਘਾ, ਘੱਲ ਕਲਾਂ ਬਲਾਕ ਤੋਂ ਪ੍ਰਧਾਨ ਸਾਹਿਬ ਸਿੰਘ, ਜ਼ੀਰਾ ਬਲਾਕ ਪ੍ਰਧਾਨ ਪਰਨੀਤ ਸਿੰਘ ਭੜਾਣਾ ਤੋਂ ਇਲਾਵਾ ਬਲਾਕਾਂ ਦੇ ਜਨਰਲ ਸਕੱਤਰ ਅਤੇ ਸਾਰੇ ਬਲਾਕ ਕਮੇਟੀ ਮੈਂਬਰ ਹਾਜ਼ਰ ਸਨ।