ਨਵੀਂ ਦਿੱਲੀ - ਸਰੀ ਦੀ ਸੂਬਾਈ ਅਦਾਲਤ ਵਿੱਚ ਚਾਰ ਭਾਰਤੀ ਨਾਗਰਿਕ ਫਸਟ ਡਿਗਰੀ ਕਤਲ ਅਤੇ ਕਤਲ ਦੀ ਸਾਜ਼ਿਸ਼ ਰਚਣ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਹਨ, ਜਿਨ੍ਹਾਂ ਦੇ ਨਾਮ ਕਰਨ ਬਰਾੜ, ਕਰਨਪ੍ਰੀਤ, ਕਮਲਪ੍ਰੀਤ ਅਤੇ ਅਮਨਦੀਪ ਹੈ ਜਿਨਾਂ ਨੂੰ ਬੀਤੇ ਦਿਨੀਂ ਅਦਾਲਤ ਵਿੱਚ ਪੇਸ਼ ਨਹੀਂ ਕੀਤਾ ਗਿਆ, ਵੀਡੀਓ ਰਾਹੀਂ ਹੋ ਰਹੀ ਇਸ ਅਦਾਲਤੀ ਕਾਰਵਾਈ ਵਿੱਚ ਆਡੀਓ ਦੀ ਕੁਝ ਤਕਨੀਕੀ ਕਾਰਨਾਂ ਕਰਕੇ ਅਦਾਲਤ ਅੱਧੇ ਘੰਟੇ ਲਈ ਉਠਾ ਦਿੱਤੀ ਗਈ ਉਪਰੰਤ ਸਰਕਾਰੀ ਵਕੀਲ ਅਤੇ ਚਾਰੇ ਮੁਲਜ਼ਮਾਂ ਦੇ ਵਕੀਲ ਵੀਡੀਓ ਰਾਹੀਂ ਜੱਜ ਦੇ ਸਾਹਮਣੇ ਅਦਾਲਤੀ ਕਾਰਵਾਈ ਲਈ ਹਾਜ਼ਰ ਹੋਏ।
ਸਰਕਾਰੀ ਵਕੀਲ ਨੇ ਜੱਜ ਸਾਹਿਬ ਕੋਲੋਂ ਇਸ ਕੇਸ ਲਈ ਲੋੜੀਂਦੇ ਹੋਰ ਦਸਤਾਵੇਜ ਇਕੱਠੇ ਕਰਨ ਲਈ ਸਮੇਂ ਦੀ ਮੰਗ ਕੀਤੀ ਅਤੇ ਅਦਾਲਤ ਦੀ ਕਾਰਵਾਈ 1ਅਕਤੂਬਰ 2024 ਨੂੰ ਪਾਉਣ ਲਈ ਅਪੀਲ ਕੀਤੀ, ਜਿਸ ਵਿੱਚ ਸਰਕਾਰੀ ਵਕੀਲ ਨੇ ਦੱਸਿਆ ਕਿ ਉਹਨਾਂ ਨੇ 10 ਹਜਾਰ ਤੋਂ ਵੱਧ ਪੰਨਿਆਂ ਦੀ ਇੱਕ ਰਿਪੋਰਟ ਤਿਆਰ ਕਰ ਲਈ ਹੈ ਅਤੇ ਲਗਭਗ 10 ਹਜਾਰ ਹੋਰ ਪੰਨਿਆਂ ਦੀ ਰਿਪੋਰਟ ਤਿਆਰ ਕਰਨ ਵਾਲੀ ਬਾਕੀ ਹੈ ਜਿਸ ਲਈ ਹੋਰ ਸਮੇਂ ਦੀ ਲੋੜ ਹੈ ਇਸ ਵਿੱਚ ਮੁਜਰਮਾਂ ਦੇ ਸਾਰੇ ਵਕੀਲਾਂ ਨੇ ਵੀ ਸਹਿਮਤੀ ਪ੍ਰਗਟ ਕੀਤੀ ਅਤੇ ਜੱਜ ਸਾਹਿਬ ਨੇ ਅਗਲੀ ਤਰੀਕ 1 ਅਕਤੂਬਰ ਲਈ ਸਰੀ ਦੀ ਸੂਬਾਈ ਅਦਾਲਤ ਵਿੱਚ ਮੁਕਰਰ ਕਰ ਦਿੱਤੀ ਅਤੇ ਸਰਕਾਰੀ ਵਕੀਲ ਦਾ ਇਹ ਵੀ ਕਹਿਣਾ ਸੀ ਕਿ ਇਹ ਕੇਸ ਅੱਗੋਂ ਬ੍ਰਿਟਿਸ਼ ਕੋਲੰਬੀਆ ਦੀ ਸੁਪਰੀਮ ਕੋਰਟ ਵਿੱਚ ਚੱਲੇਗਾ ।
ਇਹਨਾਂ ਭਾਰਤੀ ਭਾੜੇ ਦੇ ਕਾਤਲਾਂ ਦੀ ਪੇਸ਼ੀ ਦੌਰਾਨ ਸਰੀ ਵੈਨਕੋਵਰ ਦੀਆਂ ਸਿੱਖ ਸੰਗਤਾਂ ਦਾ ਵੱਡਾ ਇਕੱਠ ਅਦਾਲਤ ਦੇ ਅੰਦਰ ਅਤੇ ਬਾਹਰ ਮੌਜੂਦ ਸੀ, ਸਿੱਖ ਸੰਗਤਾਂ ਦੇ ਹੱਥਾਂ ਵਿੱਚ ਖਾਲਸਾਈ ਨਿਸ਼ਾਨ ਸਾਹਿਬ ਫੜੇ ਹੋਏ ਸਨ, ਨੌਜਵਾਨਾਂ ਵੱਲੋਂ ਭਾਈ ਹਰਦੀਪ ਸਿੰਘ ਨਿੱਝਰ ਜਿੰਦਾਬਾਦ, ਨਿੱਝਰ ਤੇਰੀ ਸੋਚ ਤੇ ਪਹਿਰਾ ਦਿਆਂਗੇ ਠੋਕ ਕੇ ਦੇ ਨਾਅਰੇ ਲਗਾਏ ਗਏ।
ਮੇਨ ਸਟਰੀਟ ਅਤੇ ਪੰਜਾਬੀ ਮੀਡੀਆ ਵੱਡੀ ਪੱਧਰ ਤੇ ਪਹੁੰਚਿਆ ਹੋਇਆ ਸੀ ਜਿਸ ਨਾਲ ਗੁਰਦੁਆਰਾ ਸਾਹਿਬ ਦੇ ਸਕੱਤਰ ਭਾਈ ਭੁਪਿੰਦਰ ਸਿੰਘ ਹੋਠੀ ਅਤੇ ਬੀਸੀ ਗੁਰਦੁਆਰਾ ਕੌਂਸਲ ਦੇ ਬੁਲਾਰੇ ਮਨਿੰਦਰ ਸਿੰਘ ਨੇ ਮੀਡੀਏ ਨਾਲ ਗੱਲਬਾਤ ਕੀਤੀ। ਮਾਮਲੇ ਦੀ ਕਾਰਵਾਈ ਦੇਖਣ ਸੁਣਨ ਵਾਸਤੇ ਗੁਰੂ ਨਾਨਕ ਸਿੱਖ ਗੁਰਦੁਆਰਾ ਸਾਹਿਬ ਸਰੀ ਦੇ ਸੇਵਾਦਾਰ ਵੀ ਪਹੁੰਚੇ ਹੋਏ ਸਨ ਜਿਨਾਂ ਵਿੱਚ ਭਾਈ ਗੁਰਮੀਤ ਸਿੰਘ ਤੂਰ, ਭਾਈ ਭੁਪਿੰਦਰ ਸਿੰਘ ਹੋਠੀ, ਭਾਈ ਨਰਿੰਦਰ ਸਿੰਘ ਖਾਲਸਾ, ਭਾਈ ਅਵਤਾਰ ਸਿੰਘ ਖਹਿਰਾ, ਭਾਈ ਗੁਰਭੇਜ ਸਿੰਘ, ਬੀਬੀ ਪਰਮਿੰਦਰ ਕੌਰ ਸਮੇਤ ਵਡੀ ਗਿਣਤੀ ਅੰਦਰ ਸੰਗਤਾਂ ਪਹੁੰਚੀਆਂ ਹੋਈਆਂ ਸਨ।