ਨਵੀਂ ਦਿੱਲੀ - ਤਖ਼ਤ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਤੋਂ ਸਪੈਸ਼ਲ ਟ੍ਰੇਨ ਰਾਹੀਂ ਪੰਜ ਤਖ਼ਤਾਂ ਦੇ ਦਰਸ਼ਨਾਂ ਲਈ ਨਿਕਲੀ ਸੰਗਤ ਦਾ ਤਖ਼ਤ ਪਟਨਾ ਸਾਹਿਬ ਪਹੁੰਚਣ ‘ਤੇ ਪਟਨਾ ਸਾਹਿਬ ਸਟੇਸ਼ਨ ‘ਤੇ ਪ੍ਰਬੰਧਕ ਕਮੇਟੀ ਤਖ਼ਤ ਪਟਨਾ ਸਾਹਿਬ ਅਤੇ ਪਟਨਾ ਦੀ ਸੰਗਤ ਵੱਲੋਂ ਸ਼ਾਨਦਾਰ ਸਵਾਗਤ ਕੀਤਾ ਗਿਆ। ਇਸ ਤੋਂ ਬਾਅਦ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਛਤ੍ਰਛਾਇਆ ਹੇਠ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਨਗਰ ਕੀਰਤਨ ਵਜੋਂ ਯਾਤਰਾ ਨੂੰ ਤਖ਼ਤ ਪਟਨਾ ਸਾਹਿਬ ਲਿਆਂਦਾ ਗਿਆ। ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਬਲਦੇਵ ਸਿੰਘ ਵੱਲੋਂ ਯਾਤਰਾ ਦੇ ਤਖ਼ਤ ਸਾਹਿਬ ਪਹੁੰਚਣ ‘ਤੇ ਯਾਤਰਾ ਦੇ ਨਾਲ ਆਏ ਜਥੇਦਾਰ ਸਾਹਿਬ ਅਤੇ ਗ੍ਰੰਥੀ ਸਿੰਘ, ਸੇਵਾਦਾਰਾਂ ਨੂੰ ਸਿਰੋਪਾ ਦੇ ਕੇ ਸਨਮਾਨਿਤ ਕੀਤਾ ਗਿਆ।
ਤਖ਼ਤ ਪਟਨਾ ਸਾਹਿਬ ਕਮੇਟੀ ਦੇ ਪ੍ਰਧਾਨ ਜਗਜੋਤ ਸਿੰਘ ਸੋਹੀ ਨੇ ਦੱਸਿਆ ਕਿ 1300 ਦੇ ਕਰੀਬ ਸ਼ਰਧਾਲੂਆਂ ਦਾ ਜਥਾ ਸਪੈਸ਼ਲ ਟ੍ਰੇਨ ਨਾਲ ਤਖ਼ਤ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਤੋਂ ਪੰਜ ਤਖ਼ਤ ਸਾਹਿਬਾਨ ਦੇ ਦਰਸ਼ਨਾਂ ਲਈ ਨਿਕਲਿਆ ਸੀ ਜੋ ਕਿ ਅੱਜ ਤਖ਼ਤ ਪਟਨਾ ਸਾਹਿਬ ਸਵੇਰੇ ਅੰਮ੍ਰਿਤ ਵੇਲੇ ਪਹੁੰਚਿਆ। ਜਿਸਦੇ ਸਵਾਗਤ ਲਈ ਤਖ਼ਤ ਪਟਨਾ ਸਾਹਿਬ ਪ੍ਰਬੰਧਕ ਕਮੇਟੀ ਅਤੇ ਸੰਗਤ ਨੇ ਪਟਨਾ ਸਾਹਿਬ ਸਟੇਸ਼ਨ ਪਹੁੰਚ ਕੇ ਸਵਾਗਤ ਕੀਤਾ। ਉਨ੍ਹਾਂ ਦੱਸਿਆ ਕਿ ਟ੍ਰੇਨ ਵਿੱਚ ਇੱਕ ਬੋਗੀ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪਾਵਨ ਸਰੂਪ, ਪੰਜ ਪਿਆਰੇ ਸਾਹਿਬਾਨ ਅਤੇ ਗੁਰੂ ਗੋਬਿੰਦ ਸਿੰਘ ਜੀ ਦੇ ਘੋੜਿਆਂ ਦੇ ਵੰਸ਼ਜ ਵੀ ਪਹੁੰਚੇ ਹਨ, ਜਿਨ੍ਹਾਂ ਨੂੰ ਸੰਗਤ ਦੇ ਦਰਸ਼ਨਾਂ ਲਈ ਤਖ਼ਤ ਸਾਹਿਬ ‘ਤੇ ਰੱਖਿਆ ਗਿਆ ਹੈ। ਨਗਰ ਕੀਰਤਨ ਸ਼ਬਦ ਕੀਰਤਨ ਗਾਇਨ ਕਰਦੀ ਹੋਈ ਸੰਗਤ ਦੇ ਨਾਲ ਬੈਂਡ ਬਾਜਾ ਅਤੇ ਗਤਕਾ ਪਾਰਟੀਆਂ ਨੇ ਵੀ ਹਿੱਸਾ ਲਿਆ।
ਗੁਰਵਿੰਦਰ ਸਿੰਘ ਉਪ ਪ੍ਰਧਾਨ ਨੇ ਦੱਸਿਆ ਕਿ ਤਖ਼ਤ ਕਮੇਟੀ ਵੱਲੋਂ ਯਾਤਰਾ ਵਿੱਚ ਸ਼ਾਮਲ ਸੰਗਤ ਲਈ ਰਹਾਇਸ਼, ਟਰਾਂਸਪੋਰਟ, ਲੰਗਰ ਆਦਿ ਦੀ ਪੂਰੀ ਵਿਵਸਥਾ ਕੀਤੀ ਗਈ ਸੀ। ਉਨ੍ਹਾਂ ਦੱਸਿਆ ਕਿ ਟ੍ਰੇਨ ਦੇ ਪਹੁੰਚਣ ਦਾ ਸਮਾਂ ਸਵੇਰੇ 4 ਵਜੇ ਸੀ, ਪਰ ਟ੍ਰੇਨ 2 ਘੰਟੇ ਪਹਿਲਾਂ ਹੀ ਪਹੁੰਚਣ ਦੇ ਬਾਵਜੂਦ ਵਿਵਸਥਾ ਵਿੱਚ ਕਿਸੇ ਵੀ ਤਰ੍ਹਾਂ ਦੀ ਕਮੀ ਨਹੀਂ ਹੋਈ ਜਿਸ ਕਰਕੇ ਸੰਗਤ ਨੂੰ ਕਿਸੇ ਤਰ੍ਹਾਂ ਦੀ ਪ੍ਰੇਸ਼ਾਨੀ ਨਹੀਂ ਹੋਈ। ਇਸ ਲਈ ਉਨ੍ਹਾਂ ਕਮੇਟੀ ਦੇ ਸਾਰੇ ਵਿਭਾਗਾਂ ਦੇ ਮੈਨੇਜਰਾਂ ਅਤੇ ਹੋਰ ਸਟਾਫ ਦਾ ਵੀ ਧੰਨਵਾਦ ਕੀਤਾ।
ਸ. ਜਗਜੋਤ ਸਿੰਘ ਸੋਹੀ ਨੇ ਦੱਸਿਆ ਕਿ ਕੱਲ੍ਹ ਰਾਤ 8 ਵਜੇ ਯਾਤਰਾ ਅਗਲੇ ਪੜਾਅ ਲਈ ਦਿੱਲੀ ਲਈ ਰਵਾਨਾ ਹੋ ਜਾਏਗੀ। ਇਸ ਮੌਕੇ ‘ਤੇ ਤਖ਼ਤ ਸਾਹਿਬ ਕਮੇਟੀ ਦੇ ਪ੍ਰਧਾਨ ਜਗਜੋਤ ਸਿੰਘ ਸੋਹੀ, ਮਹਾਂਸਚਿਵ ਇੰਦਰਜੀਤ ਸਿੰਘ, ਸੀਨੀਅਰ ਉਪ ਪ੍ਰਧਾਨ ਲਖਵਿੰਦਰ ਸਿੰਘ, ਉਪ ਪ੍ਰਧਾਨ ਗੁਰਵਿੰਦਰ ਸਿੰਘ, ਸਕੱਤਰ ਹਰਬੰਸ ਸਿੰਘ, ਇਕਬਾਲ ਸਿੰਘ ਮੁੰਬਈ, ਦਮਨਜੀਤ ਸਿੰਘ ਰਾਨੂ, ਅਮਰਜੀਤ ਸਿੰਘ ਸ਼ੰਮੀ, ਸਤਨਾਮ ਸਿੰਘ ਬੱਗਾ, ਤੇਜਿੰਦਰ ਸਿੰਘ ਬੱਗਾ, ਸੁਦੀਪ ਸਿੰਘ, ਸੂਰਜ ਸਿੰਘ ਨਲਵਾ, ਸੁਪਰੀਟੈਂਡੈਂਟ ਦਲਜੀਤ ਸਿੰਘ, ਮੈਨੇਜਰ ਹਰਜੀਤ ਸਿੰਘ, ਪਪਿੰਦਰ ਸਿੰਘ ਸਮੇਤ ਬੜੀ ਗਿਣਤੀ ਵਿੱਚ ਸੰਗਤ ਮੌਜੂਦ ਰਹੀ।