ਅੰਮ੍ਰਿਤਸਰ - ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਹਿਲੇ ਪ੍ਰਕਾਸ਼ ਪੁਰਬ ਦੇ ਸਬੰਧ ਵਿਚ ਗੁਰਦਵਾਰਾ ਰਾਮਸਰ ਸਾਹਿਬ ਤੋਂ ਸ੍ਰੀ ਦਰਬਾਰ ਸਾਹਿਬ ਤਕ ਸਜਾਏ ਨਗਰ ਕੀਰਤਨ ਦੇ ਸਵਾਗਤ ਲਈ ਚੀਫ਼ ਖ਼ਾਲਸਾ ਦੀਵਾਨ ਦੇ ਲਈ ਸੀਨੀਅਰ ਮੈਂਬਰ ਸ ਤਰਲੋਚਨ ਸਿੰਘ, ਸ ਜਗਜੀਤ ਸਿੰਘ ਵਾਲੀਆ ਤੇ ਸਕੂਲ ਦਾ ਸਟਾਫ ਅਤੇ ਵਿਦਿਆਰਥੀ ਉਚੇਚੇ ਤੌਰ ਤੇ ਗੁਰਦਵਾਰਾ ਬਾਬਾ ਅਟੱਲ ਰਾਏ ਦੇ ਬਾਹਰ ਮੌਜੂਦ ਰਹੇ। ਚੀਫ਼ ਖ਼ਾਲਸਾ ਦੀਵਾਨ ਦੇ ਪ੍ਰਧਾਨ ਡਾਕਟਰ ਇੰਦਰਬੀਰ ਸਿੰਘ ਨਿਜਰ, ਮੀਤ ਪ੍ਰਧਾਨ ਸ ਜਗਜੀਤ ਸਿੰਘ ਬੰਟੀ ਅਤੇ ਆਨਰੇਰੀ ਸਕੱਤਰ ਸ ਸੁਖਜਿੰਦਰ ਸਿੰਘ ਪ੍ਰਿੰਸ ਦੇ ਦਿਸ਼ਾ ਨਿਰਦੇਸ਼ ਤੇ ਸੀਨੀਅਰ ਮੈਂਬਰ ਸ ਤਰਲੋਚਨ ਸਿੰਘ ਅਤੇ ਸ ਜਗਜੀਤ ਸਿੰਘ ਵਾਲੀਆ ਗੁਰਦਵਾਰਾ ਬਾਬਾ ਅਟੱਲ ਰਾਏ ਦੇ ਬਾਹਰ ਸਕੂਲ ਦੇ ਸਟਾਫ ਤੇ ਵਿਦਿਆਰਥੀਆਂ ਨਾਲ ਨਗਰ ਕੀਰਤਨ ਦੇ ਸਵਾਗਤ ਲਈ ਹਾਜ਼ਰ ਸਨ। ਇਸ ਮੌਕੇ ਸਕੂਲ ਦੀ ਪ੍ਰਿੰਸੀਪਲ ਤੇਜਪਾਲ ਕੌਰ ਦੀ ਅਗਵਾਈ ਵਿਚ ਸੰਗੀਤ ਅਧਿਆਪਕਾ ਬੀਬਾ ਅਮਨਦੀਪ ਕੌਰ ਨੇ ਵਿਦਿਆਰਥੀਆਂ ਨਾਲ ਸ਼ਬਦ ਗਾਇਨ ਕੀਤੇ। ਵਿਦਿਆਰਥੀਆਂ ਨੇ ਬਹੁਤ ਉਤਸ਼ਾਹ ਨਾਲ ਗੁਰਬਾਣੀ ਦਾ ਕੀਰਤਨ ਗਾਇਨ ਕੀਤਾ। ਜਿਵੇਂ ਹੀ ਗੁਰੂ ਗ੍ਰੰਥ ਸਾਹਿਬ ਦੀ ਪਾਲਕੀ ਸਕੂਲ ਦੇ ਵਿਦਿਆਰਥੀਆਂ ਦੇ ਸਾਹਮਣੇ ਲੰਘੀ ਤਾਂ ਵਿਦਿਆਰਥੀਆਂ ਨੇ ਜੈਕਾਰਿਆਂ ਦੀ ਗੂੰਜ ਵਿਚ ਸਵਾਗਤ ਕੀਤਾ। ਇਸ ਮੌਕੇ ਤੇ ਅਰੀਨਾ ਕੌਰ, ਰੂਬੀ ਰਤਨ ਅਤੇ ਧਾਰਮਿਕ ਅਧਿਆਪਕਾ ਬੀਬਾ ਹਰਕੀਰਤ ਕੌਰ ਮੌਜੂਦ ਸਨ।