ਫਤਹਿਗੜ੍ਹ ਸਾਹਿਬ -ਪਿੰਡ ਬਚਾਓ ਪੰਜਾਬ ਬਚਾਓ’ ਵੱਲੋਂ 2 ਸਤੰਬਰ ਤੋਂ 30 ਸਤੰਬਰ 2024 ਤੱਕ ਪਿੰਡ ਦੇ ਭਾਈਚਾਰੇ ਨੂੰ ਮਜ਼ਬੂਤ ਕਰਨ, ਵਿਕਾਸ ਅਤੇ ਹਰ ਤਰ੍ਹਾਂ ਦੇ ਫੈਸਲੇ ਕਰਨ ਵਾਲੀ ਮੁੱਢਲੀ ਤੇ ਤਾਕਤਵਰ ਸੰਸਥਾ ਗ੍ਰਾਮ ਸਭਾ ਬਾਰੇ ਪੰਜਾਬ ਭਰ ਦੇ ਪਿੰਡਾਂ ਵਿੱਚ ਲੋਕਾਂ ਨੂੰ ਜਾਗਰੂਕ ਕਰਨ ਲਈ ‘ਗ੍ਰਾਮ ਸਭਾ ਚੇਤਨਾ ਕਾਫ਼ਲਾ’ ਕੱਢਿਆ ਜਾ ਰਿਹਾ ਹੈ।
ਇਹ ਕਾਫ਼ਲਾ ਗ੍ਰਾਮ ਸਭਾਵਾਂ ਨੂੰ ਮਜ਼ਬੂਤ ਕਰਨ ਦਾ ਸੁਨੇਹਾ ਲੈ ਕੇ ਅੱਜ ਮਿਤੀ 4 ਸਤੰਬਰ ਨੂੰ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਦੇ ਪਿੰਡਾਂ ਵਿੱਚ ਪਹੁੰਚਿਆ। ਪਿੰਡ ਮੈਣ ਮਾਜਰੀ, ਪਿੰਡ ਬਾਲਪੁਰ, ਤੇ ਪਿੰਡ ਬੁੱਗਾ ਕਲਾਂ ਵਿੱਚ ਕਾਫ਼ਲੇ ਵੱਲੋਂ ਪੰਚਾਇਤੀ ਰਾਜ ਸੰਸਥਾਵਾਂ ਨੂੰ ਲੈ ਕੇ ਲੋਕਾਂ ਵਿੱਚ ਆਪਣੀ ਗੱਲ ਰੱਖੀ ਗਈ।
ਸੰਵਿਧਾਨ ਅਨੁਸਾਰ ਅਤੇ ਪੰਜਾਬ ਪੰਚਾਇਤੀ ਰਾਜ ਕਾਨੂੰਨ 1994 ਦੀ ਧਾਰਾ 3 ਅਨੁਸਾਰ ਐਲਾਨੇ ਹਰੇਕ ਗ੍ਰਾਮ ਸਭਾ ਇਲਾਕੇ ਲਈ ਧਾਰਾ 4 ਤਹਿਤ ਉਸੇ ਖੇਤਰ/ਪਿੰਡ ਦੇ ਨਾਮ ਨਾਲ ਐਲਾਨੀ ਜਾਂਦੀ ਹੈ ਜਿਸ ਤੋਂ ਬਿਨ੍ਹਾਂ ਗ੍ਰਾਮ ਪੰਚਾਇਤ ਦੀ ਚੋਣ ਸੰਭਵ ਨਹੀਂ। ਇਹ ਗ੍ਰਾਮ ਸਭਾ ਪਿੰਡ ਦੇ ਸਾਰੇ ਵੋਟਰਾਂ ਦੀ ਸਥਾਈ ਸੰਸਥਾ ਹੈ ਜਿਸ ਦੀ ਕੋਈ ਚੋਣ ਨਹੀਂ ਹੁੰਦੀ। ਗ੍ਰਾਮ ਸਭਾ ਦੇ ਸਾਰੇ ਮੈਂਬਰ ਹੀ ਪੰਚਾਇਤ ਦੀ ਚੋਣ ਕਰਦੇ ਹਨ।
ਲੋਕਾਂ ਨੂੰ ਜਾਗਰੂਕ ਕਰਦਿਆਂ ਆਈ. ਡੀ. ਪੀ. ਦੇ ਸੂਬਾ ਪ੍ਰਧਾਨ ਸ. ਦਰਸ਼ਨ ਸਿੰਘ ਧਨੇਠਾ ਨੇ ਕਿਹਾ ਕਿ ਗ੍ਰਾਮ ਸਭਾ ਪਿੰਡ ਦੀ ਪਾਰਲੀਮੈਂਟ ਹੁੰਦੀ ਹੈ। ਉਹਨਾਂ ਕਿਹਾ ਕਿ ਜੇ ਪਿੰਡ ਦੇ ਸਾਰੇ ਫੈਸਲੇ ਪਿੰਡ ਦੇ ਲੋਕ ਇਕੱਠੇ ਮਿਲਜੁਲ ਕੇ ਲੈਣਗੇ ਤਾਂ ਹੀ ਪਿੰਡ ਦਾ ਭਲਾ ਹੋਵੇਗਾ। ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਗ੍ਰਾਮ ਸਭਾ ਬਾਰੇ ਜਾਣਕਾਰੀ ਹਾਸਲ ਕਰਕੇ ਲੋਕ ਆਪ ਇਸਨੂੰ ਪਿੰਡ-ਪਿੰਡ ਤੱਕ ਪਹੁੰਚਾਉਣ ਤਾਂ ਕਿ ਸਾਡੇ ਪੰਜਾਬ ਦੇ ਪਿੰਡਾਂ ਨੂੰ ਅਸੀਂ ਬਚਾ ਸਕੀਏ।
ਸ. ਹਮੀਰ ਸਿੰਘ ਨੇ ਉਦਾਹਰਨਾਂ ਸਹਿਤ ਲੋਕਾਂ ਦੇ ਇਕੱਠ ਨੂੰ ਸਮਝਾਇਆ ਕਿ ਗ੍ਰਾਮ ਸਭਾ ਦੀ ਤਾਕਤ ਕੀ ਹੁੰਦੀ ਹੈ ਅਤੇ ਕਿਉਂ ਸਰਕਾਰਾਂ ਤੇ ਪ੍ਰਸ਼ਾਸਨ ਇਹ ਨਹੀਂ ਚਾਹੁੰਦੇ ਕਿ ਲੋਕਾਂ ਨੂੰ ਆਪਣੀ ਇਸ ਤਾਕਤ ਬਾਰੇ ਜਾਣਕਾਰੀ ਹੋਵੇ। ਉਹਨਾਂ ਨੇ ਕਕਰਾਲਾ ਪਿੰਡ ਦੀ ਉਦਾਹਰਨ ਦਿੱਤੀ ਜਿੱਥੇ ਪਿੰਡ ਦੇ ਲੋਕਾਂ ਨੇ ਗ੍ਰਾਮ ਸਭਾ ਨੇ ਮਤੇ ਪਾ ਕੇ ਪਿੰਡ ਦੀ ਜ਼ਮੀਨ ਬਚਾਈ। “ਅਫ਼ਸਰਸ਼ਾਹੀ ਇਹ ਨਹੀਂ ਚਾਹੁੰਦੀ ਕਿ ਲੋਕ ਉਹਨਾਂ ਅੱਗੇ ਆ ਖੜ੍ਹੇ ਹੋਣ। ਅਸਲ ਤਾਕਤ ਤਾਂ ਲੋਕਾਂ ਦੇ ਹੱਥ ਵਿੱਚ ਹੈ ਪਰ ਇਹ ਲੋਕਾਂ ਨੂੰ ਇਸ ਤਾਕਤ ਤੋਂ ਵਾਂਝਾ ਰੱਖਣਾ ਚਾਹੁੰਦੇ ਹਨ, ” ਉਹਨਾਂ ਕਿਹਾ।
ਕਾਫ਼ਲੇ ਦੇ ਆਗੂ ਮੁਹੰਮਦ ਸਿਰਾਜ ਨੇ ਸੰਗਤ ਦੀ ਅਹਿਮੀਅਤ ਉੱਤੇ ਜੋਰ ਦਿੱਤਾ। “ਗੁਰਬਾਣੀ ਵਿੱਚ ਵੀ ਸੰਗਤ ਦੀ ਅਹਿਮੀਅਤ ਉੱਤੇ ਜੋਰ ਦਿੱਤਾ ਹੈ। ਸੰਗਤ ਸਭ ਤੋਂ ਉੱਪਰ ਹੈ। ਸਾਨੂੰ ਮਿਲ ਕੇ ਆਪਣੇ ਹਾਲਾਤ ਆਪ ਬਦਲਣੇ ਪੈਣਗੇ। ਗ੍ਰਾਮ ਸਭਾ ਜ਼ਰੀਏ ਅਸੀਂ ਆਪਣੇ ਬਹੁਤ ਸਾਰੇ ਮਸਲੇ ਆਪ ਹੀ ਹੱਲ ਕਰ ਸਕਦੇ ਹਾਂ।”
ਕਾਫ਼ਲੇ ਨਾਲ ਚੱਲ ਰਹੇ ਅੰਕਿਤ ਛਾਬੜਾ, ਜੋ ਸਾਂਝੀ ਸਿੱਖਿਆ ਨਾਮ ਦੀ ਸੰਸਥਾ ਚਲਾਉਂਦੇ ਹਨ, ਨੇ ਲੋਕਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪਿੰਡ ਸਾਡੇ ਆਪਣੇ ਹਨ। “ਪੰਚਾਇਤੀ ਚੋਣਾਂ ਹੋਣੀਆਂ ਹਨ, ਤੇ ਲੋਕਾਂ ਨੂੰ ਆਪਣੀ ਜਿੰਮੇਵਾਰੀ ਨਿਭਾਉਣੀ ਪਵੇਗੀ। ਜੇ ਲੋਕ ਇਹ ਜਿੰਮੇਵਾਰੀ ਨਿਭਾਉਣ ਤਾਂ ਸਾਡੇ ਪਿੰਡਾਂ ਦੀ ਨੁਹਾਰ ਬਦਲ ਜਾਵੇਗੀ, ” ਉਹਨਾਂ ਕਿਹਾ।
ਇਸ ਮੌਕੇ ਔਰਤਾਂ ਦੀ ਸ਼ਮੂਲੀਅਤ ਉੱਤੇ ਜੋਰ ਦਿੰਦਿਆਂ ਪੱਤਰਕਾਰ ਅਰਸ਼ਦੀਪ ਅਰਸ਼ੀ ਨੇ ਕਿਹਾ ਕਿ ਰਾਖਵਾਂਕਰਨ ਔਰਤਾਂ ਨੂੰ, ਪਛੜੇ ਵਰਗਾਂ ਨੂੰ ਅੱਗੇ ਲਿਆਉਣ ਲਈ ਕੀਤਾ ਗਿਆ ਹੈ ਪਰ ਉਹਨਾਂ ਦੇ ਨਾਮ ਤੇ ਸਰਪੰਚੀ ਅਕਸਰ ਕੋਈ ਹੋਰ ਕਰ ਰਿਹਾ ਹੁੰਦਾ ਹੈ। “ਜੇ ਅਸੀਂ ਆਪ ਅੱਗੇ ਨਹੀਂ ਆਵਾਂਗੇ, ਤਾਂ ਕੋਈ ਹੋਰ ਵੀ ਸਾਡੇ ਮਸਲੇ ਹੱਲ ਨਹੀਂ ਕਰੇਗਾ। ਔਰਤਾਂ ਦੇ ਆਪਣੇ ਜਿੰਨੇ ਮਸਲੇ ਹਨ, ਉਹ ਜੇ ਆਪ ਅੱਗੇ ਹੋ ਕੇ ਕੰਮ ਕਰਨਗੀਆਂ ਤਾਂ ਹੀ ਉਹ ਹੱਲ ਹੋ ਸਕਦੇ ਹਨ।”
ਕਾਫ਼ਲੇ ਦੀ ਅਗਵਾਈ ਕਰ ਰਹੇ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਕੇਵਲ ਸਿੰਘ ਜੀ ਵੱਲੋਂ ਕੀਤੀ ਜਾ ਰਹੀ ਹੈ। ਵੱਖ-ਵੱਖ ਬੁਲਾਰਿਆਂ ਨੇ ਆਉਂਦੀਆਂ ਪੰਚਾਇਤੀ ਚੋਣਾਂ ਵਿੱਚ ਪੰਚਾਇਤਾਂ ਸਰਬਸੰਮਤੀ ਨਾਲ ਤੇ ਧੜੇਬੰਦੀ ਤੋਂ ਉੱਪਰ ਉੱਠ ਕੇ ਚੁਣਨ ਦਾ ਸੁਨੇਹਾ ਦਿੱਤਾ।
ਬੁਲਾਰਿਆਂ ਵਿੱਚ ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਚੰਡੀਗੜ੍ਹ ਦੇ ਸਕੱਤਰ, ਡਾ. ਖੁਸ਼ਹਾਲ ਸਿੰਘ, ਆਈ. ਡੀ. ਪੀ. ਦੇ ਆਗੂ ਕਰਨੈਲ ਸਿੰਘ ਜਖੇਪਲ, ਡਾ. ਬਿਮਲ ਭਨੋਟ, ਮਨਪ੍ਰੀਤ ਕੌਰ ਰਾਜਪੁਰਾ ਸ਼ਾਮਲ ਸਨ। 5 ਸਤੰਬਰ ਨੂੰ ਇਹ ਕਾਫ਼ਲਾ ਜ਼ਿਲ੍ਹਾ ਪਟਿਆਲਾ ਵਿਖੇ ਪਹੁੰਚੇਗਾ ਅਤੇ 30 ਸਤੰਬਰ ਨੂੰ ਇਸਦੀ ਸਮਾਪਤੀ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੀ ਧਰਤੀ ਪਿੰਡ ਸਰਾਭਾ ਵਿਖੇ ਹੋਵੇਗੀ।