ਮਾਨਸਾ- ਸ਼ਹੀਦ ਦੇਸ਼ ਦਾ ਸਰਮਾਇਆ ਹੁੰਦੇ ਹਨ ਅਤੇ ਸ਼ਹੀਦਾਂ ਦੀਆਂ ਕੁਰਬਾਨੀਆਂ ਸਦਕਾ ਦੇਸ਼ ਨੇ ਅਜ਼ਾਦੀ ਪ੍ਰਾਪਤ ਕੀਤੀ। ਸਾਨੂੰ ਸਾਡੇ ਸ਼ਹੀਦਾਂ ਤੇ ਮਾਣ ਹੋਣਾ ਚਾਹੀਦਾ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਵਿਧਾਇਕ ਬੁਢਲਾਡਾ ਅਤੇ ਕਾਰਜਕਾਰੀ ਪ੍ਰਧਾਨ ਆਮ ਆਦਮੀ ਪਾਰਟੀ ਪੰਜਾਬ ਪ੍ਰਿੰਸੀਪਲ ਬੁੱਧ ਰਾਮ ਨੇ ਵਿਧਾਨ ਸਭਾ ’ਚ ‘ਦਾ ਈਸਟ ਵਾਰ ਅਵਾਰਡਜ਼ (ਸੋਧਨਾ) ਬਿਲ 2024’ ’ਤੇ ਬੋਲਦਿਆਂ ਸਾਂਝੇ ਕੀਤੇ।
ਉਨ੍ਹਾਂ ਵਿਧਾਨ ਸਭਾ ’ਚ ਇਸ ਬਿਲ ਦਾ ਸਮਰਥਨ ਕਰਦਿਆਂ ਕਿਹਾ ਕਿ ਵਿਧਾਨ ਸਭਾ ਹਲਕਾ ਬੁਢਲਾਡਾ ਦੇ ਪਿੰਡ ਬਹਾਦਰਪੁਰ ਦੇ ਸ਼ਹੀਦ ਜਮਾਂਦਾਰ ਨੰਦ ਸਿੰਘ ਨੇ ਦੋ ਬਹਾਦਰੀ ਅਵਾਰਡ ਪ੍ਰਾਪਤ ਕੀਤੇ ਹਨ। ਇਹਨਾਂ ਦਾ ਜਨਮ ਪਿੰਡ ਬਹਾਦਰਪੁਰ ਵਿੱਚ 24 ਸਤੰਬਰ 1914 ਨੂੰ ਹੋਇਆ ਸੀ। ਇਹ ਪਹਿਲਾਂ ਬ੍ਰਿਟਿਸ਼ ਆਰਮੀ ਵਿੱਚ ਭਰਤੀ ਹੋਏ। ਦੂਜੀ ਸੰਸਾਰ ਜੰਗ ਵਿੱਚ ਬਹਾਦਰੀ ਵਿਖਾਉਣ ਬਦਲੇ ਬ੍ਰਿਟਿਸ਼ ਸਰਕਾਰ ਵੱਲੋਂ ਵਿਕਟੋਰੀਆ ਕਰਾਸ ਨਾਲ ਸਨਮਾਨਿਤ ਕੀਤਾ ਗਿਆ ਜੋ ਕਿਸੇ ਭਾਰਤੀ ਵਸਨੀਕ ਲਈ ਬਹੁਤ ਵੱਡੀ ਪ੍ਰਾਪਤੀ ਸੀ।
ਅਜ਼ਾਦੀ ਤੋਂ ਬਾਅਦ ਜਮਾਂਦਾਰ ਨੰਦ ਸਿੰਘ ਭਾਰਤੀ ਫੌਜ ਦੀ 11 ਸਿੱਖ ਵਿੱਚ ਆ ਗਏ। ਭਾਰਤ ਪਾਕਿ ਜੰਗ ਦੌਰਾਨ ਉੜੀ ਸੈਕਟਰ ਵਿੱਚ 12 ਦਸੰਬਰ 1947 ਨੂੰ ਇਹ ਸ਼ਹੀਦ ਹੋ ਗਏ। ਫਿਰ ਉਨ੍ਹਾਂ ਨੂੰ ਮਰਨ ਉਪਰੰਤ ਮਹਾਂਵੀਰ ਚੱਕਰ ਨਾਲ ਸਨਮਾਨਿਤ ਕੀਤਾ ਗਿਆ। ਇਸ ਤਰ੍ਹਾਂ ਇਹ ਯੋਧਾ ਆਪਣੇ ਦੇਸ਼ ਲਈ ਕੁਰਬਾਨੀ ਕਰ ਗਏ। ਪਿੰਡ ਬਹਾਦਰਪੁਰ ਦੇ ਜੰਮਪਲ ਇਸ ਯੋਧੇ ਦਾ ਬੁੱਤ ਭਾਵੇਂ ਉਸ ਵੇਲੇ ਜ਼ਿਲ੍ਹਾ ਹੈਡਕੁਆਟਰ ਬਠਿੰਡਾ ਹੋਣ ਕਰਕੇ ਉਥੋਂ ਦੇ ਚੌਂਕ ਵਿੱਚ ਲਗਾਇਆ ਹੋਇਆ ਹੈ। ਪਿੰਡ ਦੇ ਅਤੇ ਇਲਾਕੇ ਦੇ ਲੋਕਾਂ ਦੀ ਇੱਛਾ ਹੈ ਕਿ ਇਸ ਯੋਧੇ ਦਾ ਬੁੱਤ ਉਨ੍ਹਾਂ ਦੇ ਜੱਦੀ ਪਿੰਡ ਬਹਾਦਰਪੁਰ ਵਿੱਚ ਸਥਾਪਿਤ ਕੀਤਾ ਜਾਵੇ, ਤਾਂ ਕਿ ਆਉਣ ਵਾਲੀ ਪੀੜ੍ਹੀ ਨੂੰ ਉਨ੍ਹਾਂ ਦੀ ਕੁਰਬਾਨੀ ਦੀ ਮਹੱਤਤਾ ਬਾਰੇ ਚਾਨਣਾ ਹੁੰਦਾ ਰਹੇ।
ਪ੍ਰਿੰਸੀਪਲ ਬੁੱਧ ਰਾਮ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਵਿਧਾਨ ਸਭਾ ’ਚ ਇਸ ਮੁੱਦੇ ਨੂੰ ਉਭਾਰਦੇ ਹੋਏ ਸਰਕਾਰ ਤੋਂ ਇਹ ਵੀ ਮੰਗ ਕੀਤੀ ਗਈ ਹੈ ਕਿ ਇਸ ਪਿੰਡ ਨੂੰ ਮਾਡਲ ਵਜੋਂ ਵਿਕਸਿਤ ਕੀਤਾ ਜਾਵੇ ਅਤੇ ਉਹਨਾਂ ਦੇ ਵਾਰਸਾਂ ਦਾ ਪਤਾ ਕਰਕੇ ਸਨਮਾਨਿਤ ਕੀਤਾ ਜਾਵੇ।