ਨਵੀਂ ਦਿੱਲੀ- ਸਿੱਖ ਫੈਡਰੇਸ਼ਨ ਯੂ.ਕੇ. ਵਲੋਂ 40ਵੀਂ ਸਿੱਖ ਕਨਵੈਨਸ਼ਨ ਮੌਕੇ ਵੱਡੀ ਗਿਣਤੀ ਵਿਚ ਸਿੱਖ ਸੰਗਤਾਂ ਤੇ ਵਿਸ਼ਵ ਭਰ ਤੋਂ ਸੰਘਰਸ਼ੀ ਆਗੂ ਗੁਰੂ ਨਾਨਕ ਗੁਰਦੁਆਰਾ ਸੈਜ਼ਲੀ ਸਟ੍ਰੀਟ ਵੁਲਵਰਹੈਂਪਟਨ ਵਿਖੇ ਪਹੁੰਚੇ। ਜਿਸ ਵਿੱਚ ਦੁਨੀਆਂ ਭਰ ਦੇ ਸਿੱਖ ਵਿਦਵਾਨਾਂ ਅਤੇ ਸਿੱਖ ਚਿੰਤਕਾਂ ਨੇ ਸ਼ਮੂਲੀਅਤ ਕੀਤੀ।ਇਸ ਅੰਤਰ-ਰਾਸ਼ਟਰੀ ਕਾਨਫਰੰਸ ਵਿੱਚ ਸਭ ਤੋਂ ਪਹਿਲਾਂ ਸਿੱਖ ਕੌਮ ਦੇ ਮਹਾਨ ਸ਼ਹੀਦਾਂ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਅਤੇ ਉਨ੍ਹਾਂ ਦੇ ਸਾਥੀ ਸ਼ਹੀਦ ਭਾਈ ਅਮਰੀਕ ਸਿੰਘ ਜੀ, ਸ਼ਹੀਦ ਜਰਨਲ ਸੁਬੇਗ ਸਿੰਘ ਜੀ, ਬਾਬਾ ਠਾਰਾ ਸਿੰਘ ਜੀ ਸਮੇਤ ਗੁਰਧਾਮਾਂ ਦੀ ਰਾਖੀ ਕਰਨ ਲਈ ਜੂਝ ਕੇ ਸ਼ਹੀਦ ਹੋਏ ਸਮੂਹ ਮਾਈ ਭਾਈ ਨੂੰ ਸ਼ਰਧਾਪੂਰਵਕ ਸ਼ਰਧਾਂਜਲੀ ਭੇਂਟ ਕੀਤੀ ਗਈ। ਉਪਰੰਤ ਦੇਸ਼ਾਂ ਵਿਦੇਸ਼ਾਂ ਤੋਂ ਪਹੁੰਚੇ ਬੁਲਾਰਿਆਂ ਵਲੋਂ ਸਿੱਖ ਕੌਮ ਨੂੰ ਦਰਪੇਸ਼ ਸਮੱਸਿਆਵਾਂ ਤੇ ਵਿਚਾਰਾਂ ਕੀਤੀਆਂ ਗਈਆਂ। ਭਾਈ ਅਮਰੀਕ ਸਿੰਘ ਗਿੱਲ ਅਤੇ ਭਾਈ ਦਵਿੰਦਰਜੀਤ ਸਿੰਘ ਨੇ ਸਿੱਖ ਫੈਡਰੇਸ਼ਨ ਦੇ ਪਿਛਲੇ 40 ਸਾਲਾਂ ਦੇ ਕੰਮ ਕਾਰ ਦੀ ਜਾਣਕਾਰੀ ਦਿੱਤੀ ਅਤੇ ਸਮੇਂ ਦੀ ਜਰੂਰਤ ਨੂੰ ਮੁੱਖ ਰੱਖਦਿਆਂ ਹੋਇਆਂ ਦੱਸਿਆ ਕਿ ਜਥੇਬੰਦੀ ਨੂੰ ਨਵਾਂ ਢਾਂਚਾ ਲੋੜੀਂਦਾ ਸੀ। ਇਸ ਕਰਕੇ ਪੁਰਾਤਨ ਸਿੱਖੀ ਰਵਾਇਤਾਂ ਅਨੁਸਾਰ ਪੰਜ ਪ੍ਰਧਾਨੀ ਪ੍ਰਣਾਲੀ ਅਤੇ ਗੁਰਮਤੇ ਦੇ ਸਿਧਾਂਤ ਨੂੰ ਮੁੱਖ ਰੱਖਦਿਆਂ ਹੋਇਆਂ ਜਥੇਬੰਦੀ ਦਾ ਨਵਾਂ ਢਾਂਚਾ ਤਿਆਰ ਕੀਤਾ ਗਿਆ ਹੈ। ਜਥੇਬੰਦੀ ਦੇ ਇਸ ਪੁਨਰਗਠਨ ਵਿੱਚ ਯੂਕੇ ਦੇ ਪੜ੍ਹੇ ਲਿਖੇ ਨੌਜਵਾਨਾਂ ਨੂੰ ਸ਼ਾਮਲ ਕੀਤਾ ਗਿਆ ਹੈ ਤਾਂ ਕਿ ਇਸ ਮੁਲਕ ਦੀ ਸਰਕਾਰ ਦੀਆਂ ਸਿੱਖਾਂ ਪ੍ਰਤੀ ਨੀਤੀਆਂ ਦਾ ਖ਼ਾਸ ਖਿਆਲ ਰੱਖਿਆ ਜਾਵੇ ਅਤੇ ਸਿੱਖ ਵਿਰੋਧੀ ਨੀਤੀਆਂ ਦਾ ਡੱਟ ਕੇ ਵਿਰੋਧ ਵੀ ਕੀਤਾ ਜਾਵੇ। ਜਥੇਬੰਦੀ ਦੇ ਆਗੂਆਂ ਨੇ ਨਵੇਂ ਨਿਯੁਕਤ ਕੀਤੇ ਮੈਂਬਰਾਂ ਦੇ ਨਾਮ ਪੜ੍ਹ ਕੇ ਸੁਣਾਏ ਤੇ ਸੰਗਤਾਂ ਨੇ ਜੈਕਾਰੇ ਲਗਾ ਕੇ ਸਹਿਮਤੀ ਦਿੱਤੀ। ਭਾਈ ਮਨਧੀਰ ਸਿੰਘ ਜੀ ਪੰਥ ਸੇਵਕ ਜੱਥਾ ਦੋਆਬਾ ਤੋਂ ਖ਼ਾਸ ਕਰਕੇ ਪੰਹੁਚੇ ਸਨ ਜਿਨ੍ਹਾਂ ਨੇ ਬਹੁਤ ਹੀ ਵਧੀਆ ਤਰੀਕੇ ਨਾਲ ਪੰਜਾਬ ਅਤੇ ਵਿਦੇਸ਼ੀ ਸਿੱਖਾਂ ਨੂੰ ਆਪਣੀ ਮੰਜ਼ਿਲ ਸਿੱਖ ਹੋਮਲੈਂਡ ਦੀ ਪ੍ਰਾਪਤੀ ਲਈ ਸੰਘਰਸ਼ ਕਰ ਰਹੇ ਸਿੱਖਾਂ ਨੂੰ ਆ ਰਹੀਆਂ ਮੁਸ਼ਕਿਲਾਂ ਅਤੇ ਉਨ੍ਹਾਂ ਦੇ ਹੱਲ ਬਾਰੇ ਜਾਣਕਾਰੀ ਦਿੱਤੀ।
ਸਿੱਖ ਫੈਡਰੇਸ਼ਨ ਜਰਮਨੀ ਤੋਂ ਭਾਈ ਗੁਰਮੀਤ ਸਿੰਘ ਖਨਿਆਣ ਭਾਈ ਅਵਤਾਰ ਸਿੰਘ ਇੰਟਰਨੈਸ਼ਨਲ ਸਿੱਖ ਫੈਡਰੇਸ਼ਨ ਜਰਮਨੀ, ਡਾਕਟਰ ਅਮਰਜੀਤ ਸਿੰਘ ਵਾਸ਼ਿੰਗਟਨ ਡੀ ਸੀ ਅਤੇ ਭਾਈ ਮੋਨਿੰਦਰ ਸਿੰਘਸਿੱਖ ਗੁਰਦੁਆਰਾ ਕੌਂਸਲ ਕੈਨੇਡਾ ਤੋਂ ਪਹੁੰਚੇ ਹੋਏ ਬੁਲਾਰਿਆਂ ਨੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਵਿਦੇਸ਼ਾਂ ਵਿੱਚ ਵਸਦੇ ਸਿੱਖਾਂ ਨੂੰ ਪੇਸ਼ ਆ ਰਹੀਆਂ ਮੁਸ਼ਕਿਲਾਂ ਬਾਰੇ ਅਤੇ ਉਨ੍ਹਾਂ ਦੇ ਹੱਲ ਬਾਰੇ ਜਾਣਕਾਰੀ ਦਿੱਤੀ। ਸਿੱਖਾਂ ਦੇ ਮਸਲਿਆਂ ਨੂੰ ਅੰਤਰ ਰਾਸ਼ਟਰੀ ਪੱਧਰ ਤੇ ਪੇਸ਼ ਕਰਨ ਅਤੇ ਉਨ੍ਹਾਂ ਦੇ ਹੱਲ ਬਾਰੇ ਵੀ ਵਿਚਾਰਾਂ ਕੀਤੀਆਂ ਗਈਆਂ ਜਿਸ ਸਿੱਖਾਂ ਦਾ ਅੰਤਰ ਰਾਸ਼ਟਰੀ ਤੌਰ ਤੇ ਸਿੱਖ ਫੈਡਰੇਸ਼ਨ ਦਾ ਗਠਨ ਕੀਤਾ ਜਾ ਰਿਹਾ ਹੈ ਤਾਂ ਕਿ ਪੰਜਾਬ ਅਤੇ ਵਿਦੇਸ਼ੀ ਸਿੱਖਾਂ ਦਾ ਆਪਸੀ ਤਾਲਮੇਲ ਬਣਿਆ ਰਹੇ। ਅੱਜ ਸਮੇਂ ਦੀ ਲੋੜ ਹੈ ਸਿੱਖਾਂ ਨੂੰ ਗਲੋਬਲ ਤੌਰ ਤੇ ਅਪਣਾ ਪੱਖ ਦੁਨੀਆਂ ਦੇ ਸਾਹਮਣੇ ਰੱਖਣ ਦੀ ਲੋੜ ਹੈ। ਜੇ ਇਹ ਕੰਮ ਸਿੱਖ ਨਹੀਂ ਕਰਨਗੇ ਤਾਂ ਕੋਈ ਹੋਰ ਸੰਸਥਾਵਾਂ ਹਮੇਸ਼ਾਂ ਦੀ ਤਰ੍ਹਾਂ ਸਿੱਖਾਂ ਨੂੰ ਗ਼ਲਤ ਢੰਗ ਨਾਲ ਪੇਸ਼ ਕਰਦੇ ਰਹਿਣਗੇ।