ਸਰੀ-ਬੀ.ਸੀ. ਅਸੈਂਬਲੀ ਦੀਆਂ ਚੋਣਾਂ ਵਿਚ ਇਕ ਮਹੀਨਾ ਰਹਿ ਗਿਆ ਹੈ ਅਤੇ ਮੈਦਾਨ ਵਿਚ ਉੱਤਰੇ ਉਮੀਦਵਾਰਾਂ ਵੱਲੋਂ ਆਪੋ ਆਪਣੇ ਹਲਕਿਆਂ ਵਿਚ ਵੋਟਰਾਂ ਨਾਲ ਸੰਪਰਕ ਕੀਤਾ ਜਾ ਰਿਹਾ ਹੈ ਅਤੇ ਆਪਣੇ ਸਮਰਥਕਾਂ ਦੇ ਇਕੱਠ ਕਰ ਕੇ ਸ਼ਕਤੀ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਸਰੀ ਨਾਰਥ ਤੋਂ ਬੀ ਸੀ ਕੰਸਰਵੇਟਿਵ ਉਮੀਦਵਾਰ ਮਨਦੀਪ ਧਾਲੀਵਾਲ ਵੱਲੋਂ ਵੀ ਬੀਤੇ ਦਿਨ ਬੇਅਰ ਕਰੀਕ ਪਾਰਕ ਸਰੀ ਵਿਖੇ ‘ਮੀਟ ਗਰੀਟ ਪ੍ਰੋਗਰਾਮ’ ਕਰਵਾਇਆ ਗਿਆ ਜਿਸ ਵਿਚ ਬੀ.ਸੀ. ਕੰਸਰਵੇਟਿਵ ਆਗੂ ਜੌਹਨ ਰਸਟੈਡ ਵਿਸ਼ੇਸ਼ ਤੌਰ ‘ਤੇ ਸ਼ਾਮਲ ਹੋਏ।
ਮਨਦੀਪ ਧਾਲੀਵਾਲ ਨੇ ਆਪਣੇ ਸਮਰਥਕਾਂ ਤੇ ਬੀ ਸੀ ਕੰਸਰਵੇਟਿਵ ਨੂੰ ਹੁੰਗਾਰਾ ਦੇਣ ਵਾਲੇ ਲੋਕਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਬੀ.ਸੀ. ਦੇ ਲੋਕਾਂ ਲਈ ਇਹ ਸੁਨਹਿਰੀ ਮੌਕਾ ਹੈ ਕਿ ਲੋਕਾਂ ਪ੍ਰਤੀ ਸੇਵਾ ਭਾਵਨਾ ਰੱਖਣ ਅਤੇ ਭਾਈਚਾਰੇ ਦੀ ਬਿਹਤਰੀ ਲਈ ਯੋਗਦਾਨ ਪਾਉਣ ਵਾਲੇ ਆਗੂਆਂ ਦੀ ਪਛਾਣ ਕੀਤੀ ਜਾਵੇ। ਉਹਨਾਂ ਕਿਹਾ ਕਿ ਆਪਣੇ ਆਸ ਪਾਸ ਹੋ ਰਹੇ ਗ਼ਲਤ ਵਰਤਾਰੇ ਅਤੇ ਸਰਕਾਰੀ ਨਾਕਾਮੀਆਂ ਦੇਖ ਕੇ ਉਹਨਾਂ ਬੀ.ਸੀ. ਰਾਜਨੀਤੀ ਵਿਚ ਆਉਣ ਦਾ ਫੈਸਲਾ ਕੀਤਾ ਹੈ ਤਾਂ ਜੋ ਭਾਈਚਾਰੇ ਵਿਚ ਚੰਗੇਰੇ ਕਾਰਜਾਂ ਨੂੰ ਉਤਸ਼ਾਹਿਤ ਕੀਤਾ ਜਾ ਸਕੇ। ਉਹਨਾਂ ਕਿਹਾ ਕਿ ਸਾਡਾ ਪਹਿਲਾ ਕਾਰਜ ਸਕੂਲੀ ਸਿੱਖਿਆ ਵਿਚ ਸੁਧਾਰ ਕਰਨਾ ਹੋਵੇਗਾ, ਸਕੂਲਾਂ ਵਿਚ ਸਾਇੰਸ, ਮੈਥ ਦੀਆਂ ਲੈਬਾਰਟਰੀਆਂ ਬਣਾਉਣ ਅਤੇ ਖੇਡ ਗਰਾਊਂਡ ਬਣਾਉਣ ‘ਤੇ ਧਿਆਨ ਕੇਂਦਰ ਕਰਾਂਗੇ। ਉਹਨਾਂ ਆ ਰਹੀਆਂ ਅਸੈਂਬਲੀ ਚੋਣਾਂ ਵਿਚ ਬੀ.ਸੀ. ਕੰਸਰਵੇਟਿਵ ਉਮੀਦਵਾਰਾਂ ਦਾ ਸਾਥ ਦੇਣ ਦੀ ਅਪੀਲ ਕੀਤੀ।
ਇਸ ਮੌਕੇ ਬੀ ਸੀ ਕੰਸਰਵੇਟਿਵ ਆਗੂ ਜੌਹਨ ਰਸਟੈਡ ਨੇ ਕਿਹਾ ਕਿ ਲੋਕ ਡੇਵਿਡ ਈਬੀ ਸਰਕਾਰ ਦੀ ਗਲਤ ਨੀਤੀਆਂ ਤੋਂ ਬਹੁਤ ਦੁਖੀ ਹਨ। ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਲੋਕਾਂ ਨੂੰ ਹਰ ਪੱਧਰ ‘ਤੇ ਦੁਸ਼ਵਾਰੀਆਂ ਸਹਿਣੀਆਂ ਪੈ ਰਹੀਆਂ ਹਨ। ਸਰੀ ਵਿਚ ਸਿਹਤ ਸਹੂਲਤਾਂ ਦੀ ਤਰਸਯੋਗ ਹਾਲਤ ਦਾ ਜ਼ਿਕਰ ਰਕਦਿਆਂ ਉਨ੍ਹਾਂ ਕਿਹਾ ਕਿ ਐਨ.ਡੀ.ਪੀ. ਸਰਕਾਰ ਨੇ ਸਰੀ ਮੈਮੋਰੀਅਲ ਹਸਪਤਾਲ ਦੇ ਡਾਕਟਰਾਂ ਵੱਲੋਂ ਚਿਤਾਵਨੀ ਦੇਣ ਦੇ ਬਾਵਜੂਦ ਵੀ ਕੋਈ ਉਜਰ ਨਹੀਂ ਕੀਤਾ। ਨਵਾਂ ਹਸਪਤਾਲ ਸਿਰਫ ਐਲਾਨਾਂ ਤੀਕ ਹੀ ਸਮੀਤ ਰਹਿ ਗਿਆ ਅਤੇ ਅਜੇ ਤੱਕ ਅਮਲੀ ਰੂਪ ਵਿਚ ਕੁਝ ਵੀ ਨਜ਼ਰ ਨਹੀਂ ਆ ਰਿਹਾ। ਕਾਰਬਨ ਟੈਕਸ ਰਾਹੀਂ ਲੋਕਾਂ ਉੱਪਰ ਆਰਥਿਕ ਬੋਝ ਪਾਇਆ ਗਿਆ ਹੈ। ਉਹਨਾਂ ਕਿਹਾ ਕਿ ਬੀ ਸੀ ਕੰਸਰਵੇਟਿਵ ਦੀ ਸਰਕਾਰ ਆਉਣ ‘ਤੇ ਸਿਹਤ, ਸਿੱਖਿਆ ਤੇ ਛੋਟੇ ਕਾਰੋਬਾਰਾਂ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ। ਉਹਨਾਂ ਸਰੀ ਦੇ ਸਾਰੇ ਬੀਸੀ ਕੰਸਰਵੇਟਿਵ ਉਮੀਦਵਾਰਾਂ ਨੂੰ ਭਾਰੀ ਬਹੁਮਤ ਨਾਲ ਜਿਤਾਉਣ ਦੀ ਅਪੀਲ ਕੀਤੀ।
ਇਸ ਮੌਕੇ ਸਰੀ ਨਿਊਟਨ ਤੋਂ ਉਮੀਦਵਾਰ ਤੇਗਜੋਤ ਬੱਲ, ਸਰੀ ਗਿਲਫੋਰਡ ਤੋਂ ਉਮੀਦਵਾਰ ਹੋਣਵੀਰ ਸਿੰਘ ਰੰਧਾਵਾ, ਸਰੀ ਫਲੀਟਵੁੱਡ ਤੋਂ ਉਮੀਦਵਾਰ ਅਵਤਾਰ ਗਿੱਲ, ਸਰੀ ਨਿਊਟਨ ਤੋਂ ਫੈਡਰਲ ਕੰਸਰਵੇਟਿਵ ਉਮੀਦਵਾਰ ਹਰਜੀਤ ਸਿੰਘ ਗਿੱਲ, ਰਾਜਵੀਰ ਸਿੰਘ ਢਿੱਲੋਂ, ਅਜਮੇਰ ਸਿੰਘ ਢਿੱਲੋਂ ਸਾਬਕਾ ਚੇਅਰਮੈਨ, ਪ੍ਰਸਿੱਧ ਗੀਤਕਾਰ ਰਾਜ ਕਾਕੜਾ, ਰਿੱਕੀ ਬਾਜਵਾ, ਨਵਰੂਪ ਸਿੰਘ, ਅਤੇ ਹੋਰ ਕਈ ਸ਼ਖ਼ਸੀਅਤਾਂ ਹਾਜ਼ਰ ਸਨ। ਅੰਤ ਵਿਚ ਮਨਦੀਪ ਧਾਲੀਵਾਲ ਨੇ ਸਾਰੇ ਸਮਰਥਕਾਂ ਦਾ ਧੰਨਵਾਦ ਕੀਤਾ।