ਨਵੀਂ ਦਿੱਲੀ - ਹਰਦੀਪ ਸਿੰਘ ਨਿੱਝਰ ਦੀ ਮੌਤ ਦੇ 15 ਮਹੀਨੇ ਬੀਤ ਜਾਣ ਤੇ ਵੈਨਕੋਵਰ ਕਨੇਡਾ ਦੇ ਸਿੱਖਾਂ ਵੱਲੋਂ ਭਾਰਤ ਦੀ ਐੰਬੈਸੀ ਵੈਨਕੂਵਰ ਸਾਹਮਣੇ ਵੱਡਾ ਪ੍ਰਦਰਸ਼ਨ ਕੀਤਾ ਗਿਆ ਪ੍ਰਦਰਸ਼ਨਕਾਰੀਆਂ ਦੇ ਹੱਥਾਂ ਵਿੱਚ ਝੰਡੇ ਚੁੱਕੇ ਹੋਏ ਸਨ ।
ਸਿੱਖ ਸੰਗਤਾਂ ਵਲੋਂ ਕੀਤੇ ਜਾਣ ਵਾਲੇ ਪ੍ਰਦਰਸ਼ਨ ਦੇ ਮਦੇਨਜ਼ਰ ਵੈਨਕੂਵਰ ਪੁਲਿਸ ਵੱਡੀ ਗਿਣਤੀ ਵਿੱਚ ਪਹੁੰਚੀ ਹੋਈ ਸੀ ਜਿਸ ਨੇ ਐੰਬੈਸੀ ਦੇ ਸਾਹਮਣੇ ਵਾਲੀ ਸੜਕ ਦੋਨਾਂ ਪਾਸਿਆਂ ਤੋਂ ਬੰਦ ਕੀਤੀ ਹੋਈ ਸੀ, ਚਲ ਰਹੇ ਪ੍ਰਦਰਸ਼ਨ ਦੌਰਾਨ ਪ੍ਰਦਰਸ਼ਨਕਾਰੀਆਂ ਦੀ ਗੱਡੀ ਦੇ ਪਿੱਛੇ ਲੱਗੇ ਭਾਰਤੀ ਝੰਡਾ ਖੋਹਣ ਵਾਲੇ ਇੰਡੋ ਕਨੇਡੀਅਨ ਹਿੰਦੂ ਵਿਅਕਤੀ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ, ਕਿਉਕਿ ਮਾਹੌਲ ਖਰਾਬ ਹੋਣ ਦਾ ਖਦਸ਼ਾ ਪੈਦਾ ਹੋ ਜਾਣਾ ਸੀ ।
ਗੁਰੂ ਨਾਨਕ ਸਿੱਖ ਗੁਰਦੁਆਰਾ ਸਰੀ ਦੇ ਪ੍ਰਬੰਧਕਾਂ ਵਿੱਚੋਂ ਭਾਈ ਗੁਰਮੀਤ ਸਿੰਘ ਤੂਰ, ਭਾਈ ਨਰਿੰਦਰ ਸਿੰਘ ਖਾਲਸਾ, ਭਾਈ ਅਵਤਾਰ ਸਿੰਘ ਖਹਿਰਾ, ਗੁਰਭੇਜ ਸਿੰਘ ਬਾਠ, ਸਿਖਸ ਫੋਰ ਜਸਟਿਸ ਤੋਂ ਭਾਈ ਮਨਜਿੰਦਰ ਸਿੰਘ ਖਾਲਸਾ ਅਤੇ ਭਾਈ ਜਸਪ੍ਰੀਤ ਸਿੰਘ ਬਾਠ ਵਿਸ਼ੇਸ਼ ਤੌਰ ਤੇ ਪਹੁੰਚੇ ਹੋਏ ਸਨ।
ਇਥੇ ਦਸਣਾ ਬਣਦਾ ਹੈ ਕਿ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਇੱਕ ਸਾਲ ਪਹਿਲੋਂ 18 ਸਤੰਬਰ 2023 ਵਾਲੇ ਦਿਨ ਕਨੇਡਾ ਦੀ ਪਾਰਲੀਮੈਂਟ ਵਿੱਚ ਖੜ ਕੇ ਹਰਦੀਪ ਸਿੰਘ ਨਿੱਝਰ ਕਤਲਕਾਂਡ ਵਿਚ ਭਾਰਤ ਦਾ ਹੱਥ ਹੋਣ ਦੇ ਦੋਸ਼ ਲਾਏ ਸਨ, ਸ਼ਹੀਦ ਨਿੱਝਰ ਦੇ ਸਮਰਥਕ ਹਰੇਕ ਮਹੀਨੇ ਦੀ 18 ਤਰੀਕ ਨੂੰ ਭਾਰਤ ਦੀ ਐੰਬੈਸੀ ਸਾਹਮਣੇ ਇਕੱਠ ਕਰਦੇ ਹਨ।
ਨਿੱਝਰ ਕਤਲਕਾਂਡ ਦੀ ਪੜਤਾਲ ਕਰ ਰਹੀ ਕੈਨੇਡੀਅਨ ਪੁਲਿਸ ਵੱਲੋਂ ਚਾਰ ਭਾਰਤੀ ਨਾਗਰਿਕਾਂ ਕਰਨ ਬਰਾੜ, ਅਮਨਦੀਪ, ਕਮਲਪ੍ਰੀਤ ਅਤੇ ਕਰਨਪ੍ਰੀਤ ਦੀ ਗ੍ਰਿਫ਼ਤਾਰ ਕੀਤੀ ਜਾ ਚੁੱਕੀ ਹੈ ਜਿਨ੍ਹਾਂ ਦੀ ਸਰੀ ਪ੍ਰੀਵੈਂਸ਼ੀਅਲ ਅਦਾਲਤ ਵਿਚ ਅਗਲੀ ਪੇਸ਼ੀ 1 ਅਕਤੂਬਰ ਨੂੰ ਹੋਣੀ ਹੈ।