ਸਰੀ-‘ਵੈਨਕੂਵਰ ਵਿਚਾਰ ਮੰਚ’ ਅਤੇ ‘ਵਿਰਾਸਤ ਤੇ ਸਾਹਿਤ ਦਰਪਣ’ ਵੱਲੋਂ ਬੀਤੇ ਦਿਨ ਪ੍ਰਸਿੱਧ ਨਾਵਲਕਾਰ ਜਰਨੈਲ ਸਿੰਘ ਸੇਖਾ ਦਾ 90ਵਾਂ ਜਨਮ ਦਿਨ ਮਨਾਇਆ ਗਿਆ। ਜਰਨੈਲ ਆਰਟ ਗੈਲਰੀ ਅਤੇ ਗੁਰਦੀਪ ਆਰਟਸ ਅਕੈਡਮੀ ਵਿਚ ਦੋਹਾਂ ਸੰਸਥਾਵਾਂ ਦੇ ਮੈਂਬਰਾਂ ਨੇ ਸ. ਸੇਖਾ ਦੀ ਲੰਮੀ ਅਤੇ ਸਿਹਤਯਾਬ ਜ਼ਿੰਦਗੀ ਦੀ ਕਾਮਨਾ ਕੀਤੀ।
ਜਰਨੈਲ ਸਿੰਘ ਸੇਖਾ ਨੂੰ ਜਨਮ ਦਿਨ ਦੀ ਮੁਬਾਰਕਬਾਦ ਦਿੰਦਿਆਂ ਨਾਮਵਰ ਚਿੱਤਰਕਾਰ ਜਰਨੈਲ ਸਿੰਘ, ਮੋਹਨ ਗਿੱਲ, ਡਾ. ਬਲਦੇਵ ਸਿੰਘ ਖਹਿਰਾ, ਪ੍ਰੀਤਪਾਲ ਪੂਨੀ ਅਟਵਾਲ, ਨਿਰਮਲ ਗਿੱਲ, ਜਸਬੀਰ ਮਾਨ, ਬਿੰਦੂ ਮਠਾੜੂ, ਬਲਵੀਰ ਢਿੱਲੋਂ, ਡਾ. ਜਸ ਮਲਕੀਤ, ਡਾ. ਗੁਰਮਿੰਦਰ ਸਿੱਧੂ, ਪਰਮਿੰਦਰ ਸਵੈਚ, ਮਲਕੀਤ ਸਿੰਘ, ਹਰਦਮ ਮਾਨ, ਭੁਪਿੰਦਰ ਮੱਲ੍ਹੀ, ਰਿੱਕੀ ਬਾਜਵਾ ਅਤੇ ਅੰਗਰੇਜ਼ ਬਰਾੜ ਨੇ ਸ. ਸੇਖਾ ਵੱਲੋਂ ਪੰਜਾਬੀ ਸਾਹਿਤ ਵਿਚ ਆਪਣੇ ਨਾਵਲਾਂ ਅਤੇ ਕਹਾਣੀਆਂ ਰਾਹੀਂ ਪਾਏ ਵੱਡਮੁੱਲੇ ਯੋਗਦਾਨ ਦੀ ਪ੍ਰਸੰਸਾ ਕੀਤੀ। ਸਾਰੇ ਬੁਲਾਰਿਆਂ ਨੇ ਉਨ੍ਹਾਂ ਦੇ ਬਹੁਤ ਹੀ ਮਿਲਣਸਾਰ ਸੁਭਾਅ, ਨਿਮਰਤਾ, ਹਲੀਮੀ ਅਤੇ ਉਨ੍ਹਾਂ ਨਾਲ ਆਪਣੀ ਸਾਂਝ ਦੀ ਗੱਲ ਕੀਤੀ। ਜਰਨੈਲ ਸਿੰਘ ਸੇਖਾ ਨੇ ਵਡੇਰਾ ਮਾਣ ਸਨਮਾਨ ਦੇਣ ਲਈ ਦੋਹਾਂ ਸੰਸਥਾਵਾਂ ਦੇ ਮੈਂਬਰਾਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਉਨ੍ਹਾਂ ਨੇ ਸਾਹਿਤ ਵਿਚ ਜੋ ਤਿਲ ਫੁੱਲ ਯੋਗਦਾਨ ਪਾਇਆ ਹੈ ਉਹ ਲੋਕਾਂ ਦੀ ਅਤੇ ਸਮਾਜ ਦੀ ਹੀ ਦੇਣ ਹੈ।