ਅੰਮ੍ਰਿਤਸਰ - ਡੇਰਾ ਸਿਰਸਾ ਵਲੋਂ ਇਕ ਪ੍ਰੇਮੀ ਦਾ ਘਰ ਬਣਵਾਉਣ ਦੀ ਖੁਸ਼ੀ ਵਿਚ ਖੀਵੇ ਹੋ ਕੇ ਸਿਰਸਾ ਵਾਲੇ ਸਾਧ ਦੀ ਜੈ ਜੈਕਾਰ ਕਰਨ ਵਾਲੇ ਸ਼੍ਰੋਮਣੀ ਕਮੇਟੀ ਮੈਂਬਰ ਹਰਦੇਵ ਸਿੰਘ ਰੋਗਲਾ ਨੂੰ ਅੱਜ ਸ੍ਰੀ ਅਕਾਲ ਤਖਤ ਸਾਹਿਬ ਵਲੋਂ ਸੇਵਾ ਲਗਾਈ ਗਈ। ਹਰਦੇਵ ਸਿੰਘ ਰੋਗਲਾ ਨੇ ਡੇਰਾ ਸਿਰਸਾ ਵਲੋਂ ਇਕ ਪ੍ਰੇਮੀ ਦੇ ਘਰ ਦੀ ਉਸਾਰੀ ਕਰਵਾਏ ਜਾਣ ਮੌਕੇ ਤੇ ਡੇਰੇ ਵਲੋਂ ਦਿੱਤੇ ਨਾਅਰੇ ਲਗਾਏ ਅਤੇ ਸੋਧਾ ਸਾਧ ਦੀ ਉਸਤਤ ਕੀਤੀ ਸੀ। ਅੱਜ ਤਖਤਾਂ ਦੇ ਜਥੇਦਾਰਾਂ ਦੀ ਮੀਟਿੰਗ ਤੋਂ ਬਾਅਦ ਸ੍ਰੀ ਅਕਾਲ ਤਖਤ ਸਾਹਿਬ ਦੀ ਇਤਿਹਾਸਕ ਫਸੀਲ ਤੋਂ ਖੜੇ ਹੋ ਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਸਾਥੀ ਸਿੰਘ ਸਾਹਿਬਾਨ ਨਾਲ ਵਿਚਾਰ ਕਰਕੇ ਰੋਗਲਾ ਨੂੰ ਸੇਵਾ ਲਗਾਈ। ਜਥੇਦਾਰ ਨੇ ਕਿਹਾ ਕਿ ਰੋਗਲਾ ਨੂੰ ਹਰ ਰੋਜ਼ ਨਗਰ ਦੇ ਗੁਰੂ ਘਰ ਵਿਚ 10 ਦਿਨ ਤਕ ਇਕ ਘੰਟਾ ਜੋੜੇ ਸਾਫ ਕਰਨ, ਜੂਠੇ ਸਾਫ ਕਰਨ, ਝਾੜੂ ਫੇਰਨ ਦੇ ਨਾਲ ਨਾਲ ਆਪਣੇ ਨਿਤਨੇਮ ਤੋਂ ਇਲਾਵਾ 5 ਨਿਤਨੇਮ 10 ਦਿਨ ਤਕ ਕਰਨ ਅਤੇਕਿਸੇ ਲੋੜਵੰਦ ਨੂੰ 1 ਲੱਖ 25 ਹਾਜ਼ਰ ਰੁਪਏ ਘਰ ਉਸਾਰੀ ਲਈ ਦੇਣ ਦਾ ਹੁਕਮ ਕੀਤਾ ਹੈ। ਜਥੇਦਾਰ ਨੇ ਅਗੇ ਕਿਹਾ ਕਿ ਇਹ ਸਾਰੀ ਸੇਵਾ ਕਰਨ ਉਪਰੰਤ 500 ਰੁਪਏ ਦੀ ਦੇਗ ਅਤੇ 500 ਗੁਰੂ ਦੀ ਗੋਲਕ ਵਿਚ ਪਾ ਕੇ ਅਰਦਾਸ ਕਾਰਵਾਈ ਜਾਵੇ। ਇਸ ਮੌਕੇ ਤੇ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ, ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਸੁਲਤਾਨ ਸਿੰਘ , ਸ੍ਰੀ ਦਰਬਾਰ ਸਾਹਿਬ ਦੇ ਗ੍ਰੰਥੀ ਗਿਆਨੀ ਬਲਜੀਤ ਸਿੰਘ ਅਤੇ ਪੰਜ ਪਿਆਰੇ ਸਿੰਘ ਗਿਆਨੀ ਸੁਖਦੇਵ ਸਿੰਘ ਵੀ ਹਾਜ਼ਰ ਸਨ।