ਸੰਸਾਰ

ਰੋਜ਼ਾਨਾ ‘ਅਜੀਤ’ ਦੇ ਨਿਊਜ਼ ਐਡੀਟਰ ਅਵਤਾਰ ਸਿੰਘ ਸ਼ੇਰਗਿੱਲ ਨਾਲ਼ ਮੀਡੀਆ ਦੀ ਸਮਾਜਿਕ ਭੂਮਿਕਾ ਬਾਰੇ ਹੋਈ ਵਿਚਾਰ ਚਰਚਾ

ਹਰਦਮ ਮਾਨ/ ਕੌਮੀ ਮਾਰਗ ਬਿਊਰੋ | October 20, 2024 08:40 PM

ਸਰੀ-ਬੀਤੇ ਦਿਨ ਸਰੀ ਵਿਚ ਆਏ ਪੰਜਾਬੀ ਅਖ਼ਬਾਰ ਰੋਜ਼ਾਨਾ ‘ਅਜੀਤ’ ਦੇ ਨਿਊਜ਼ ਐਡੀਟਰ ਅਵਤਾਰ ਸਿੰਘ ਸ਼ੇਰਗਿੱਲ ਦੇ ਮਾਣ ਵਿਚ ਉਨ੍ਹਾਂ ਦੇ ਪ੍ਰਸੰਸਕਾਂ ਵੱਲੋਂ ਵਿਸ਼ੇਸ਼ ਪ੍ਰੋਗਰਾਮ ਰਚਾਇਆ ਗਿਆ ਜਿਸ ਵਿਚ ਪੱਤਰਕਾਰੀ ਅਤੇ ਵਿਸ਼ੇਸ਼ ਕਰ ਕੇ ਪੰਜਾਬੀ ਪੱਤਰਕਾਰੀ ਬਾਰੇ ਵਿਚਾਰ ਚਰਚਾ ਹੋਈ।

ਅਵਤਾਰ ਸਿੰਘ ਸ਼ੇਰਗਿੱਲ ਨੇ ਪ੍ਰਿੰਟ ਮੀਡੀਆ ਅਤੇ ਸੋਸ਼ਲ ਮੀਡੀਆ ਬਾਰੇ ਬੋਲਦਿਆਂ ਕਿਹਾ ਕਿ 30-35 ਸਾਲ਼ ਪਹਿਲਾਂ ਬਹੁਤ ਸਾਰੇ ਲੋਕਾਂ ਦਾ ਪ੍ਰਿੰਟ ਮੀਡੀਆ ਬਾਰੇ ਵਿਚਾਰ ਸੀ ਕਿ ਅਖ਼ਬਾਰ ਵਧਾ ਚੜ੍ਹਾ ਕੇ ਖ਼ਬਰਾਂ ਪੇਸ਼ ਕਰਦੇ ਹਨ ਅਤੇ ਕੁਝ ਲੋਕ ਇਹਨਾਂ ਖ਼ਬਰਾਂ ਨੂੰ ਸਹੀ ਵੀ ਨਹੀਂ ਸਨ ਮੰਨਦੇ ਅਤੇ ਅੱਜ ਓਹੀ ਸਥਿਤੀ ਸੋਸ਼ਲ ਮੀਡੀਆ ਦੀ ਹੈ। ਸੋਸ਼ਲ ਮੀਡੀਆ ਰਾਹੀਂ ਬਹੁਤ ਮਾਮੂਲੀ ਘਟਨਾਵਾਂ ਨੂੰ ਵੀ ਬੜੇ ਮਸਾਲੇ ਲਾ ਕੇ ਪਰੋਸਿਆ ਜਾ ਰਿਹਾ ਹੈ ਜਿਸ ਕਾਰਨ ਇਹ ਮੀਡੀਆ ਲੋਕਾਂ ਦਾ ਵਿਸ਼ਵਾਸ ਹਾਸਲ ਕਰਨ ਵਿਚ ਸਫਲ ਨਹੀਂ ਹੋ ਸਕਿਆ। ਉਨ੍ਹਾਂ ਕਿਹਾ ਕਿ ਅੱਜ ਵੀ ਰੇਡੀਓ, ਟੀ.ਵੀ. ਅਤੇ ਪ੍ਰਿੰਟ ਮੀਡੀਆ ਉਪਰ ਲੋਕ ਜ਼ਿਆਦਾ ਯਕੀਨ ਕਰਦੇ ਹਨ ਅਤੇ ਇਹਦੇ ਵਿਚ ਕੋਈ ਸ਼ੱਕ ਵੀ ਨਹੀਂ ਕਿ ਇਹ ਅਦਾਰੇ ਬੜੀ ਜ਼ਿੰਮੇਂਵਾਰੀ ਨਾਲ਼ ਆਪਣੀ ਭੂਮਿਕਾ ਨਿਭਾਅ ਰਹੇ ਹਨ। ਉਨ੍ਹਾਂ ਕਿਹਾ ਕਿ ਪ੍ਰਿੰਟ ਮੀਡੀਆ ਵਿਚ ਜੋ ਛਪਦਾ ਹੈ ਉਹ ਇਕ ਦਸਤਾਵੇਜ ਬਣ ਜਾਂਦਾ ਹੈ ਅਤੇ ਏਸੇ ਕਰ ਕੇ ਅਖ਼ਬਾਰਾਂ ਵਿਚ ਉਹ ਜਾਣਕਾਰੀ ਹੀ ਪ੍ਰਕਾਸ਼ਿਤ ਹੁੰਦੀ ਹੈ ਜਿਸ ਦੀ ਕੋਈ ਪ੍ਰਮਾਣਿਕਤਾ ਹੁੰਦੀ ਹੈ।

ਅੱਜ ਦੀ ਪੱਤਰਕਾਰੀ ਬਾਰੇ ਗੱਲ ਕਰਦਿਆਂ ਸ. ਸ਼ੇਰਗਿੱਲ ਨੇ ਕਿਹਾ ਕਿ ਜ਼ਿਆਦਾਤਰ ਅਜੋਕੀ ਪੱਤਰਕਾਰੀ ਸੱਤਾ ਦੇ ਦਬਾਅ ਅਧੀਨ ਕਾਰਜ ਕਰਨ ਲਈ ਮਜਬੂਰ ਹੈ, ਚਾਹੇ ਉਹ ਪ੍ਰੈਸ਼ਰ ਸੂਬਾਈ ਸਰਕਾਰ ਦਾ ਹੋਵੇ ਜਾਂ ਕੇਂਦਰੀ ਸਰਕਾਰ ਦਾ। ਉਨ੍ਹਾਂ ‘ਅਜੀਤ’ ਵੱਲੋਂ ਵੱਖ ਵੱਖ ਸਮਿਆਂ ਦੌਰਾਨ ਸਹੀਆਂ ਅਜਿਹੀਆਂ ਚੁਣੌਤੀਆਂ ਦਾ ਵੀ ਸੰਖੇਪ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ 30 ਸਾਲ਼ ਪਹਿਲਾਂ ਵਾਲ਼ੀ ਅਤੇ ਅਜੋਕੀ ਪੱਤਰਕਾਰੀ ਦਾ ਏਹੋ ਫਰਕ ਹੈ ਕਿ ਪਹਿਲਾਂ ਪੱਤਰਕਾਰ ਇਹ ਕਾਰਜ ਸ਼ੌਕ ਨਾਲ਼ ਕਰਦੇ ਸਨ ਪਰ ਅੱਜ ਦੀ ਪੱਤਰਕਾਰੀ ਮਤਲਬ ਪ੍ਰਧਾਨ ਹੈ। ਉਨ੍ਹਾਂ ਇਹ ਵੀ ਕਿਹਾ ਕਿ ਮੌਜੂਦਾ ਦੌਰ ਵਿਚ ਪੱਤਰਕਾਰੀ ਜਿੰਨੀ ਵਿਕਸਤ ਹੋਣੀ ਚਾਹੀਦੀ ਸੀ ਓਨੀ ਨਹੀਂ ਹੋਈ। ਅੱਜ ਲੋੜ ਹੈ ਕਿ ਪੱਤਰਕਾਰ ਸੱਚ ਦੀ ਆਵਾਜ਼ ਉੱਤੇ ਪਹਿਰਾ ਦੇਣ ਅਤੇ ਅਜਿਹੀ ਭੂਮਿਕਾ ਨਿਭਾਉਣ ਜੋ ਸਮਾਜ ਨੂੰ ਚੰਗੇਰਾ ਬਣਾਉਣ ਦਾ ਕਾਰਜ ਕਰ ਸਕੇ।

ਪ੍ਰੋਗਰਾਮ ਦੇ ਆਗਾਜ਼ ਵਿਚ ਰੇਡੀਓ ਅਤੇ ਫਿਲਮ ਖੇਤਰ ਨਾਲ ਜੁੜੇ ਅੰਗਰੇਜ਼ ਬਰਾੜ ਨੇ ਅਵਤਾਰ ਸਿੰਘ ਸ਼ੇਰਗਿੱਲ ਅਤੇ ਹਾਜਰ ਸ਼ਖ਼ਸੀਅਤਾਂ ਨੂੰ ਜੀ ਆਇਆਂ ਕਿਹਾ। ਟੋਰਾਂਟੋ ਤੋਂ ਵਿਸ਼ੇਸ਼ ਤੌਰ ‘ਤੇ ਪੁੱਜੇ ਮੀਡੀਆ ਕਰਮੀ ਨਿਰਲੇਪ ਸਿੰਘ ਗਿੱਲ ਨੇ ਅਵਤਾਰ ਸਿੰਘ ਸ਼ੇਰਗਿੱਲ ਬਾਰੇ ਸੰਖੇਪ ਜਾਣਕਾਰੀ ਦਿੰਦਿਆਂ ਕਿਹਾ ਕਿ ਉਹ ਪਿਛਲੇ 25 ਸਾਲਾਂ ਤੋਂ ਇਕ ਨਿਧੜਕ ਪੱਤਰਕਾਰ ਦੇ ਤੌਰ ‘ਤੇ ਸੱਚ ‘ਤੇ ਪਹਿਰਾ ਦਿੰਦੇ ਹੋਏ ਆਪਣੀ ਜ਼ਿੰਮੇਂਵਾਰੀ ਨਿਭਾਉਂਦੇ ਆ ਰਹੇ ਹਨ। ਉਨ੍ਹਾਂ ਕਿਹਾ ਕਿ ਸੱਚੀ ਤੇ ਸਹੀ ਜਾਣਕਾਰੀ ਪ੍ਰਦਾਨ ਕਰਨਾ ਹੀ ਹਰ ਇਕ ਪੱਤਰਕਾਰ ਦਾ ਧਰਮ ਤੇ ਕਰਮ ਹੈ ਪਰ ਇਹ ਕਾਰਜ ਏਨਾ ਸੁਖਾਲ਼ਾ ਨਹੀਂ। ਉਨ੍ਹਾਂ ਪੰਜਾਬ ਵਿਚ ਆਈ ਹਰੀ ਕਰਾਂਤੀ, 1947 ਅਤੇ 1984 ਦੇ ਸੰਤਾਪ ਦੀ ਗੱਲ ਵੀ ਕੀਤੀ ਅਤੇ ਇਨ੍ਹਾਂ ਸਮਿਆਂ ਵਿਚ ਪੱਤਰਕਾਰਾਂ ਅਤੇ ਇਤਿਹਾਸਕਾਰਾਂ ਵੱਲੋਂ ਨਿਭਾਏ ਰੋਲ਼ ਬਾਰੇ ਆਪਣੇ ਵਿਚਾਰ ਰੱਖੇ। ਜਰਨੈਲ ਸਿੰਘ ਆਰਟਿਸਟ ਅਤੇ ਪੱਤਰਕਾਰ ਜੋਗਿੰਦਰ ਸਿੰਘ ਨੇ ਵੀ ਪੱਤਰਕਾਰ ਦੀ ਭੂਮਿਕਾ ਅਤੇ ਚੁਣੌਤੀਆਂ ਬਾਰੇ ਗੱਲਬਾਤ ਕੀਤੀ।

ਇਸ ਪ੍ਰੋਗਰਾਮ ਵਿਚ ਹੋਰਨਾ ਤੋਂ ਇਲਾਵਾ ਪ੍ਰਸਿੱਧ ਨਾਵਲਕਾਰ ਜਰਨੈਲ ਸਿੰਘ ਸੇਖਾ, ਨਾਮਵਰ ਆਰਟਿਸਟ ਜਰਨੈਲ ਸਿੰਘ, ਸ਼ਾਇਰ ਮੋਹਨ ਗਿੱਲ, ਦੇਸ ਪ੍ਰਦੇਸ ਟਾਈਮਜ਼ ਦੇ ਸੰਪਾਦਕ ਸੁਖਵਿੰਦਰ ਸਿੰਘ ਚੋਹਲਾ, ਜਸਵਿੰਦਰ ਸਿੰਘ ਗਿੱਲ, ਭੁਪਿੰਦਰ ਸਿੰਘ ਗਿੱਲ, ਅਮਜਦ, ਤਰਲੋਚਨ ਤਰਨ ਤਾਰਨ, ਹਰਦਮ ਸਿੰਘ ਮਾਨ, ਮਹੇਸ਼ਇੰਦਰ ਮਾਂਗਟ, ਬੀ.ਕੇ.ਐਮ. ਮੀਡੀਆ ਦੇ ਸੰਚਾਲਕ ਜਰਨੈਲ ਸਿੰਘ, ਅਕਾਸ਼ਦੀਪ ਛੀਨਾ, ਲਵੀ ਪੰਨੂ, ਜੈਸ ਗਿੱਲ, ਸੰਦੀਪ ਕੌਰ ਅਤੇ ਸ਼ੰਮੀ ਝੱਜ ਨੇ ਸ਼ਮੂਲੀਅਤ ਕੀਤੀ।

Have something to say? Post your comment

 

ਸੰਸਾਰ

ਯੂ.ਕੇ. ਸੰਸਦ 'ਚ ਇਤਿਹਾਸ ਰਚਿਆ - ਪਹਿਲੀ ਵਾਰ ਸਿੱਖ ਸੰਸਦ ਮੈਂਬਰ ਦਾ ਚਿੱਤਰ ਬਰਤਾਨਵੀ ਰਾਜੇ-ਰਾਣੀਆਂ ਦੇ ਚਿੱਤਰਾਂ ਬਰਾਬਰ ਲਗਾਇਆ

ਕੈਨੇਡਾ ਨੇ ਸਟੂਡੈਂਟ ਡਾਇਰੈਕਟ ਸਟ੍ਰੀਮ ਵੀਜ਼ਾ ਪ੍ਰੋਗਰਾਮ ਬੰਦ ਕੀਤਾ: ਭਾਰਤੀ ਵਿਦਿਆਰਥੀਆਂ ਲਈ ਇਸਦਾ ਕੀ ਅਰਥ

ਡੋਨਾਲਡ ਟਰੰਪ ਅਮਰੀਕਾ ਦੇ ਮੁੜ ਰਾਸ਼ਟਰਪਤੀ ਚੁਣੇ ਗਏ

ਫਿਰਕੂ ਝਗੜਿਆਂ ਖ਼ਿਲਾਫ਼ ਭਾਈਚਾਰਕ ਸਦਭਾਵਨਾ ਤੇ ਏਕਤਾ ਬਣਾਈ ਰੱਖਣ ਦੀ ਲੋੜ : ਮਾਇਸੋ

ਵੈਨਕੂਵਰ ਵਿਚਾਰ ਮੰਚ ਨੇ ਦਰਸ਼ਨ ਦੋਸਾਂਝ ਦੀਆਂ ਦੋ ਪੁਸਤਕਾਂ ਰਿਲੀਜ਼ ਕੀਤੀਆਂ

ਬੀਸੀ ਕੰਸਰਵੇਟਿਵ ਪਾਰਟੀ ਦੇ ਆਗੂਆਂ ਨੇ ਸਰੀ ਦੇ ਗੁਰਦੁਆਰਿਆਂ ਵਿਚ ਨਤਮਸਤਕ ਹੋ ਕੇ ਦੀਵਾਲੀ ਮਨਾਈ

ਤਰਕਸ਼ੀਲ ਸੁਸਾਇਟੀ ਕੈਨੇਡਾ ਨੇ ਸਰੀ ਅਤੇ ਐਬਸਫੋਰਡ ਵਿੱਚ ਕਰਵਾਇਆ ਤਰਕਸ਼ੀਲ ਮੇਲਾ

ਬੀਸੀ ਅਸੈਂਬਲੀ ਚੋਣਾਂ 2024- ਲੱਗਭੱਗ 65,000 ਬੈਲਟ ਪੇਪਰ ਗਿਣਤੀ ਦੇ ਅੰਤਿਮ ਗੇੜ ਵਿਚ ਗਿਣੇ ਜਾਣਗੇ

ਡਾ. ਗੁਰਵਿੰਦਰ ਸਿੰਘ ਨੇ ਵਿਦਿਆਰਥੀਆਂ ਨੂੰ ਸ਼ਹੀਦ ਕਰਮ ਸਿੰਘ ਬਬਰ ਅਕਾਲੀ ਦੇ ਜੀਵਨ ਬਾਰੇ ਜਾਣਕਾਰੀ ਦਿੱਤੀ

ਗਲੋਬਲ ਸਿੱਖ ਕੌਂਸਲ ਵੱਲੋਂ ਲਾਰਡ ਇੰਦਰਜੀਤ ਸਿੰਘ ਲਾਈਫਟਾਈਮ ਅਚੀਵਮੈਂਟ ਐਵਾਰਡ ਨਾਲ ਸਨਮਾਨਿਤ