ਮਾਨਸਾ- ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਵਧੀਆ ਤੇ ਮਿਆਰੀ ਸਿਹਤ ਸਹੂਲਤਾਂ ਮੁਹੱਈਆ ਕਰਾਉਣ ਦੇ ਮੰਤਵ ਨਾਲ ਅੱਜ ਸਿਵਲ ਸਰਜਨ ਮਾਨਸਾ ਡਾ. ਹਰਦੇਵ ਸਿੰਘ ਦੀਆਂ ਹਦਾਇਤਾਂ ਅਤੇ ਐਸ.ਐਮ.ਓ. ਬੁਢਲਾਡਾ ਡਾ. ਮਨਜੀਤ ਕੌਰ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਵਿਸ਼ਵ ਸਟਰੋਕ ਦਿਵਸ ਮੌਕੇ ਸਬ-ਡਵੀਜ਼ਨ ਬੁਢਲਾਡਾ ਹਸਪਤਾਲ ਵਿਖੇ ਜਾਗਰੂਕਤਾ ਕੈਂਪ ਲਗਾਇਆ ਗਿਆ।
ਇਸ ਮੌਕੇ ਬੋਲਦਿਆਂ ਐਮ.ਡੀ. ਮੈਡੀਸਨ ਡਾ. ਅਮਿਤ ਕੁਮਾਰ ਨੇ ਦੱਸਿਆ ਕਿ ਜੀਵਨ ਸ਼ੈਲੀ ਵਿੱਚ ਸੁਧਾਰ ਲਿਆ ਕਿ ਹੀ ਗੰਭੀਰ ਬਿਮਾਰੀਆਂ ਤੋਂ ਬਚਿਆ ਜਾ ਸਕਦਾ ਹੈ। ਸਟਰੋਕ ਇੱਕ ਖਤਰਨਾਕ ਤੇ ਲਾਚਾਰਤਾ ਵਾਲੀ ਬਿਮਾਰੀ ਹੈ ਅਤੇ ਵਿਸ਼ਵ ਪੱਧਰ ’ਤੇ ਹਰ 4 ਵਿਅਕਤੀਆਂ ਵਿਚੋਂ 1 ਇਸਦਾ ਸ਼ਿਕਾਰ ਹੋ ਰਿਹਾ ਹੈ। ਮੈਡੀਕਲ ਮਾਹਿਰਾਂ ਮੁਤਾਬਕ ਚਿਹਰੇ ਵਿੱਚ ਇੱਕ ਦਮ ਟੇਢਾਪਣ ਆਉਣਾ, ਬਾਂਹ ਜਾਂ ਲੱਤਾਂ ਦੀ ਕਮਜ਼ੋਰੀ ਅਤੇ ਬੋਲਣ ਜਾਂ ਬੋਲੀ ਸਮਝਣ ਵਿੱਚ ਤਕਲੀਫ ਆਉਣਾ ਇਸਦੇ ਮੁੱਖ ਲੱਛਣ ਮੰਨੇ ਜਾਂਦੇ ਹਨ। ਸਟਰੋਕ ਇੱਕ ਮੈਡੀਕਲ ਐਮਰਜੈਂਸੀ ਹੈ ਅਤੇ ਲੱਛਣ ਪਤਾ ਲੱਗਣ ਤੋਂ ਸਾਢੇ ਚਾਰ ਘੰਟੇ ਵਿਚਕਾਰ ਇਸ ਦਾ ਇਲਾਜ ਕੀਤਾ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਪਹਿਲੇ ਸਾਢੇ ਚਾਰ ਘੰਟਿਆਂ ਨੂੰ ਗੋਲਡਨ ਪੀਰੀਅਡ ਜਾਂ ਵਿੰਡੋ ਪੀਰੀਅਡ ਕਿਹਾ ਜਾਂਦਾ ਹੈ।
ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਕਿਸੇ ਨੂੰ ਇਸ ਤਰ੍ਹਾਂ ਦੀ ਸ਼ਿਕਾਇਤ ਹੁੰਦੀ ਹੈ, ਤਾਂ ਘਰੇਲੂ ਇਲਾਜ ਅਤੇ ਝੋਲਾ ਛਾਪ ਡਾਕਟਰਾਂ ਤੋਂ ਪਰਹੇਜ ਕਰਕੇ ਚਾਰ ਘੰਟਿਆਂ ਦੇ ਅੰਦਰ-ਅੰਦਰ ਮਰੀਜ਼ ਨੂੰ ਹਸਪਤਾਲ ਵਿੱਚ ਪਹੁੰਚਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਉਨ੍ਹਾਂ ਦੱਸਿਆ ਕਿ ਹਰ ਵਿਅਕਤੀ ਨੂੰ ਆਪਣਾ ਬੀ.ਪੀ. ਅਤੇ ਸ਼ੂਗਰ ਸਮੇਂ-ਸਮੇਂ ’ਤੇ ਚੈੱਕ ਕਰਾ ਕੇ ਡਾਕਟਰ ਦੀ ਸਲਾਹ ਅਨੁਸਾਰ ਦਵਾਈ ਖਾਣੀ ਚਾਹੀਦੀ ਹੈ ਅਤੇ ਕਲੈਸਟਰੋਲ ਵੱਧ ਹੋਣ (ਗਾੜਾ ਖੂਨ) ਦੀ ਸੂਰਤ ਵਿੱਚ ਮਾਹਿਰ ਡਾਕਟਰ ਤੋਂ ਚੈੱਕ ਕਰਵਾ ਕੇ ਉਨ੍ਹਾਂ ਦੀ ਸਲਾਹ ਅਨੁਸਾਰ ਹੀ ਦਵਾਈ ਲੈਣੀ ਚਾਹੀਦੀ ਹੈ।
ਵਿਜੈ ਕੁਮਾਰ ਜੈਨ ਜਿਲਾ ਮਾਸ ਮੀਡੀਆ ਅਤੇ ਸੂਚਨਾ ਅਫਸਰ ਨੇ ਦੱਸਿਆ ਕਿ ਨਵੀਂ ਪੀੜੀ ਵਿੱਚ ਵੀ ਸਟਰੋਕ ਦੀ ਸਮੱਸਿਆ ਸਾਹਮਣੇ ਆ ਰਹੀ ਹੈ। ਉਨ੍ਹਾਂ ਸਟਰੋਕ ਤੋਂ ਬਚਣ ਲਈ ਕੁਝ ਪਰਹੇਜ਼ਾਂ ਦੀ ਸਲਾਹ ਦਿੱਤੀ, ਜਿਨ੍ਹਾਂ ਵਿੱਚ ਰੋਜ਼ਾਨਾ ਕਸਰਤ ਕਰਨਾ, ਬਲੱਡ ਪ੍ਰੈਸ਼ਰ ਤੇ ਬਲੱਡ ਸ਼ੂਗਰ ’ਤੇ ਨਿਯੰਤਰਨ ਕਰਨਾ, ਸਿਗਰਟਨੋਸ਼ੀ ਤੋਂ ਪਰਹੇਜ਼, ਰਿਸ਼ਟ-ਪੁਸ਼ਟ ਖੁਰਾਕ ਲੈਣਾ ਅਤੇ ਤਣਾਅ ਰਹਿਤ ਜੀਵਨ ਬਤੀਤ ਕਰਨਾ ਸ਼ਾਮਲ ਹੈ। ਉਨ੍ਹਾਂ ਦੱਸਿਆ ਕਿ 30 ਸਾਲ ਤੋਂ ਵੱਧ ਉਮਰ ਵਾਲੇ ਹਰ ਵਿਅਕਤੀ ਨੂੰ ਆਪਣਾ ਬੀ.ਪੀ., ਸ਼ੂਗਰ ਅਤੇ ਹੋਰ ਜਰੂਰੀ ਟੈਸਟ ਸਮੇਂ-ਸਮੇਂ ’ਤੇ ਡਾਕਟਰ ਦੀ ਸਲਾਹ ਅਨੁਸਾਰ ਚੈੱਕ ਕਰਾਉਣੇ ਚਾਹੀਦੇ ਹਨ। ਉਨ੍ਹਾਂ ਦੱਸਿਆ ਕਿ ਇਹ ਸਾਰੇ ਟੈਸਟ ਸਾਰੇ ਸਰਕਾਰੀ ਹਸਪਤਾਲਾਂ ਅਤੇ ਆਮ ਆਦਮੀ ਕਲੀਨਿਕਾਂ ਵਿੱਚ ਬਿਲਕੁਲ ਮੁਫਤ ਕੀਤੇ ਜਾਂਦੇ ਹਨ।
ਇਸ ਮੌਕੇ ਹਰਬੰਸ ਲਾਲ ਬਲਾਕ ਹੈਲਥ ਐਜੂਕੇਸ਼ਨ, ਸਤਿੰਦਰ ਕੁਮਾਰ ਅਤੇ ਜੋਰਾਵਰ ਸਿੰਘ ਫਾਰਮੇਸੀ ਅਫਸਰ ਤੋਂ ਇਲਾਵਾ ਸਿਹਤ ਵਿਭਾਗ ਦੇ ਹੋਰ ਅਧਿਕਾਰੀ ਅਤੇ ਕਰਮਚਾਰੀ ਹਾਜ਼ਰ ਸਨ।