ਭਾਈ ਘਨਈਆ ਜੀ ਵਲੋਂ ਵਰੋਸਾਈ ਸੰਪਰਦਾ ਮਿੱਠਾ ਟਿਵਾਣਾ ਦੇ ਸੰਤ ਮਹਾਪੁਰਖ ਬਾਬਾ ਜਵਾਹਰ ਸਿੰਘ ਖੂੰਡੇ ਵਾਲੇ, ਮਹੰਤ ਮੋਹਕਮ ਸਿੰਘ ਅਤੇ ਮਹੰਤ ਦਇਆ ਸਿੰਘ ਦੀ ਮਿੱਠੀ ਯਾਦ ਨੂੰ ਸਮਰਪਿਤ ਗੁਰਮਤਿ ਸਮਾਗਮ ਡੇਰਾ ਮਿੱਠਾ ਟਿਵਾਣਾ ਚੌਕ ਬਾਬਾ ਸਾਹਿਬ ਵਿਖੇ ਆਰੰਭ ਹੋਏ। ਮਹਾਂਪੁਰਸ਼ਾਂ ਦੀ ਯਾਦ ਵਿਚ ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ 12 ਅਖੰਡ ਪਾਠ ਆਰੰਭ ਹੋਏ। ਜਾਣਕਾਰੀ ਦਿੰਦੇ ਮੌਜੂਦਾ ਮਹੰਤ ਸੰਤ ਸੁਰਿੰਦਰ ਸਿੰਘ ਮਿੱਠੇ ਟਿਵਾਣੇ ਵਾਲਿਆ ਨੇ ਦਸਿਆ ਕਿ ਡੇਰਾ ਮਿੱਠਾ ਟਿਵਾਣਾ ਵਿਖੇ ਸਾਲਾਨਾ ਸਮਾਗਮ ਮਿਤੀ 8, 9 ਅਤੇ 10 ਨਵੰਬਰ ਨੂੰ ਮਨਾਏ ਜਾ ਰਹੇ ਹਨ। 10 ਨਵੰਬਰ ਨੂੰ ਮੁੱਖ ਸਮਾਗਮ ਵਿਚ ਸ੍ਰੀ ਦਰਬਾਰ ਸਾਹਿਬ ਦੇ ਸਿੰਘ ਸਾਹਿਬਾਨ, ਪੰਥ ਪ੍ਰਸਿੱਧ ਰਾਗੀ ਜਥੇ ਅਤੇ ਮਹਾਪੁਰਸ਼ ਹਾਜ਼ਰੀਆਂ ਭਰਨਗੇ। ਉਹਨਾਂ ਅਗੇ ਦਸਿਆ ਕਿ ਡੇਰਾ ਮਿੱਠਾ ਟਿਵਾਣਾ ਸ਼ੁਰੂ ਤੋਂ ਗੁਰੂਘਰ ਆਈ ਸੰਗਤ ਦੀ ਸੇਵਾ ਲਈ ਸਮਰਪਿਤ ਹੈ। ਅੱਜ ਵੀ ਪਹਿਲੇ ਮਹਾਂਪੁਰਸ਼ਾਂ ਦੇ ਹੁਕਮ ਅਨੁਸਾਰ ਸ੍ਰੀ ਦਰਬਾਰ ਸਾਹਿਬ ਆਈ ਸੰਗਤ ਦੀ ਰਿਹਾਇਸ਼ ਲਈ ਉਤਮ ਪ੍ਰਬੰਧ ਹਨ। ਇਸ ਦੇ ਨਾਲ ਨਾਲ ਭਾਈ ਘਨਈਆ ਜੀ ਬਿਰਦ ਘਰ ਵੀ ਨਿਰਮਾਣ ਅਧੀਨ ਹੈ। ਮਹੰਤ ਸੁਰਿੰਦਰ ਸਿੰਘ ਨੇ ਸੰਗਤ ਨੂੰ ਵੱਧ ਚੜ੍ਹ ਕੇ ਇਨ੍ਹਾਂ ਸਮਾਗਮਾਂ ਵਿਚ ਭਾਗ ਲੈਣ ਦੀ ਅਪੀਲ ਕੀਤੀ।