ਅੰਮ੍ਰਿਤਸਰ - ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਪੁਰਬ ਨੂੰ ਮਨਾਉਣ ਲਈ ਪਾਕਿਸਤਾਨ ਸਥਿਤ ਵਿਛੜੇ ਗੁਰਧਾਮਾਂ ਦੇ ਦਰਸ਼ਨਾਂ ਦੀ ਉਮੀਦ ਲੈ ਕੇ ਆਏ ਯਾਤਰੂ ਵੀਜ਼ਾ ਨਾ ਲੱਗਣ ਕਾਰਨ ਅੱਖਾਂ ਵਿਚ ਹੰਝੂ ਲਈ ਦਿਲ ਵਿਚ ਵਿਛੜੇ ਗੁਰਧਾਮਾਂ ਦੇ ਦਰਸ਼ਨਾਂ ਦੀ ਤੜਪ ਲੈ ਕੇ ਅੱਜ ਅਣਗਿਣਤ ਯਾਤਰੀ ਆਪਣੇ ਪਾਸਪੋਰਟ ਲੈ ਕੇ ਘਰਾਂ ਨੂੰ ਪਰਤੇ। ਸ਼੍ਰੋਮਣੀ ਕਮੇਟੀ ਦੇ ਯਾਤਰਾ ਵਿਭਾਗ ਦੇ ਅਧਿਕਾਰੀ ਭਰੇ ਮਨਾਂ ਨਾਲ ਇਹਨਾਂ ਯਾਤਰੂਆਂ ਨੂੰ ਪਾਸਪੋਰਟ ਵਾਪਿਸ ਕਰ ਰਹੇ ਸਨ ਤੇ ਵੀਜ਼ਾ ਨਾ ਮਿਲਣ ਦੀ ਮੁਆਫੀ ਮੰਗ ਰਹੇ ਸਨ। ਗੁਰਦਾਸਪੁਰ ਤੋਂ ਆਏ ਯਾਤਰੂ ਬਲਵਿੰਦਰ ਸਿੰਘ ਰੋਲ ਖੈਰਾ ਨੇ ਦਸਿਆ ਕਿ ਅਸੀਂ ਪਿੰਡ ਦੇ ਕਰੀਬ 8 ਯਾਤਰੀਆਂ ਨੇ ਗੁਰੂ ਨਾਨਕ ਪਾਤਸ਼ਾਹ ਦੇ ਚਰਨਾਂ ਵਿਚ ਅਰਦਾਸ ਕਰਕੇ ਆਪਣੇ ਪਾਸਪੋਰਟ ਸ਼੍ਰੋਮਣੀ ਕਮੇਟੀ ਨੂੰ ਵੀਜ਼ੇ ਲਈ ਦਿੱਤੇ ਸਨ। ਅਸੀਂ ਹਰ ਰੋਜ਼ ਆਪਸੀ ਗੱਲਬਾਤ ਦੋਰਾਨ ਗੁਰੂ ਨਾਨਕ ਦੇ ਦਰ ਘਰ ਗੁਰਦਵਾਰਾ ਨਨਕਾਣਾ ਸਾਹਿਬ ਦੀਆਂ ਗੱਲਾਂ ਕਰਦੇ ਸੀ। ਸੋਚਦੇ ਸੀ ਕਿ ਗੁਰੂ ਪਾਤਸ਼ਾਹ ਦੇ ਦਰ ਤੇ ਸਿਰ ਨਿਵਾ ਕੇ ਲੋਕ ਪਰਲੋਕ ਸਫਲ ਕਰਨ ਦੀ ਅਰਦਾਸ ਕਰਾਗੇ। ਲਾਹੌਰ ਸ਼ਹਿਰ ਨਾਲ ਜੁੜੀਆਂ ਯਾਦਾਂ ਤਾਜ਼ਾ ਕਰਾਂਗੇ। ਜਦ ਪਤਾ ਲੱਗਾ ਕਿ ਸਾਡੇ ਨਾਮ ਵੀਜ਼ਾ ਸੂਚੀ ਵਿਚੋਂ ਕਟ ਦਿੱਤੇ ਗਏ ਹਨ ਤਾਂ ਇਉ ਲੱਗਾ ਜਿਵੇਂ ਸਾਡੀਆ ਉਮੀਦਾਂ ਖਤਮ ਹੋ ਗਈਆਂ ਹੋਣ। ਉਹਨਾਂ ਦੱਸਿਆ ਕਿ ਜਿਸ ਦਿਨ ਸਾਡੇ ਨਾਮ ਕਟੇ ਜਾਣ ਦਾ ਪਤਾ ਲੱਗਾ ਉਸ ਰਾਤ ਸੌ ਵੀ ਨਹੀਂ ਸਕਿਆ। ਅੱਜ ਬੇਹਦ ਭਰੇ ਦਿਲ ਨਾਲ ਆਪਣੇ ਪਾਸਪੋਰਟ ਵਾਪਿਸ ਲੈ ਕੇ ਜਾ ਰਿਹਾ ਹਾਂ। ਉਹਨਾਂ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਅਪੀਲ ਕੀਤੀ ਕਿ ਉਹ ਵੀਜ਼ਾ ਗਿਣਤੀ ਵਧਾਉਣ ਲਈ ਪਾਕਿਸਤਾਨ ਸਰਕਾਰ ਅਤੇ ਭਾਰਤ ਸਰਕਾਰ ਦੇ ਵਿਦੇਸ਼ ਮੰਤਰਾਲੇ ਨਾਲ ਗੱਲ ਕਰਨ ਤਾਂ ਕਿ ਹਰ ਸ਼ਰਧਾਲੂ ਦੀ ਵਿਛੜੇ ਗੁਰਧਾਮਾਂ ਦੇ ਦਰਸ਼ਨ ਇਸ਼ਨਾਨ ਦੀ ਅਰਦਾਸ ਪੂਰੀ ਹੋ ਸਕੇ।