ਅੰਮ੍ਰਿਤਸਰ - ਵੱਖ ਵੱਖ ਧਰਮਾਂ ਦੇ ਆਗੂਆਂ ਨੇ ਅੱਜ ਸ੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਿਆ ਅਤੇ ਸਰਬੱਤ ਦੇ ਭਲੇ ਦੀ ਕਾਮਨਾ ਕਰਦਿਆਂ ਵਿਸ਼ਵ ਸ਼ਾਂਤੀ ਦਾ ਸੰਦੇਸ਼ ਦਿੱਤਾ। ਸ੍ਰੀ ਦਰਬਾਰ ਸਾਹਿਬ ਪਹੁੰਚੇ ਆਗੂਆਂ ਨੂੰ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਜੀ ਆਇਆ ਕਿਹਾ। ਇਸ ਮੌਕੇ ਤੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਬ੍ਰਹਮ ਕੁਮਾਰੀ ਹੁਸੈਨ ਨੇ ਕਿਹਾ ਕਿ ਅਸੀਂ ਸਾਰੇ ਇਕ ਈਸ਼ਵਰ ਦੀ ਸੰਤਾਨ ਹਾਂ। ਦੁਨੀਆ ਵਿਚ ਗੁਰੂ ਨਾਨਕ ਸਾਹਿਬ ਸਭ ਤੋਂ ਪਹਿਲੇ ਸਰਬ ਧਰਮ ਨੂੰ ਜੋੜਨ ਵਾਲੇ ਸਨ।ਇਸਾਈ ਮਤ ਦੇ ਫਾਦਰ ਨੌਰਬੀਤ ਨੇ ਕਿਹਾ ਕਿ ਇਸਾਈ ਤੇ ਸਿੱਖ ਇਕ ਈਸ਼ਵਰ ਤੇ ਵਿਸ਼ਵਾਸ ਰੱਖਣ ਵਾਲੇ ਹਨ। ਗੁਰੂ ਨਾਨਕ ਸਾਹਿਬ ਦੇ 550 ਸਾਲਾ ਪ੍ਰਕਾਸ਼ ਦਿਵਸ ਤੇ ਵੈਟੀਕਨ ਤੋਂ ਸੰਦੇਸ਼ ਵੀ ਆਇਆ ਸੀ। ਸਿੱਖ ਅਤੇ ਇਸਾਈ ਮਿਲ ਕੇ ਦੇਸ਼ ਨੂੰ ਏਕਤਾ ਦੇ ਰਾਹ ਤੇ ਲੈ ਜਾ ਸਕਦੇ ਹਨ। ਸਮਾਜ ਨੂੰ ਉਚਾ ਚੁੱਕਣ ਲਈ ਲੋੜਵੰਦ ਦੀ ਮਦਦ ਕਰਨੀ ਜ਼ਰੂਰੀ ਹੈ। ਇਸ ਮੌਕੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਇਹਨਾਂ ਸਾਰੇ ਧਾਰਮਿਕ ਆਗੂਆਂ ਨੂੰ ਸ੍ਰੀ ਦਰਬਾਰ ਸਾਹਿਬ ਲਿਆਉਣ ਦਾ ਮਕਸਦ ਸਿੱਖ ਧਰਮ ਦੀਆਂ ਅਮੀਰ ਪਰੰਪਰਾਵਾਂ ਤੋਂ ਦੁਨੀਆ ਨੂੰ ਜਾਣੂ ਕਰਵਾਉਣਾ ਹੈ। ਅੱਜ ਅੰਤਰ ਰਾਸ਼ਟਰੀ ਪੱਧਰ ਤੇ ਸਿੱਖਾਂ ਦੇ ਖਿਲਾਫ ਬਿਰਤਾਂਤ ਸਿਰਜਿਆ ਜਾ ਰਿਹਾ ਹੈ। ਅਸੀਂ ਸਰਬ ਧਰਮ ਆਗੂਆਂ ਨੂੰ ਦੱਸਿਆ ਹੈ ਕਿ ਸ੍ਰੀ ਦਰਬਾਰ ਸਾਹਿਬ ਸਾਰੇ ਧਰਮਾਂ ਦਾ ਸਾਂਝਾ ਅਸਥਾਨ ਹੈ। ਅਸੀਂ ਮੰਦਰਾਂ ਤੇ ਹਮਲਾ ਕਰਨ ਵਾਲੇ ਹੁਲੜਬਾਜ਼ ਨਹੀਂ ਬਲਕਿ ਹਰ ਕਿਸੇ ਦਾ ਸਤਿਕਾਰ ਕਰਨ ਵਾਲੇ ਲੋਕ ਹਾਂ। ਸਾਡੀ ਆਵਾਜ਼ ਵਿਸ਼ਵ ਭਰ ਵਿਚ ਬੁਲੰਦ ਕਰੋ। ਇਸ ਮੌਕੇ ਤੇ ਲਿੰਗ ਰਿਮ ਪੋਚੇ ਬੋਧੀ ਧਰਮ ਗੁਰੂ (ਧਰਮਸ਼ਾਲਾ) ਉਮੇਰ ਅਹਿਮਦ ਇਲਾਯਸੀ ਚੀਫ ਇਮਾਮ ਆਫ ਇੰਡੀਆ, ਸਵਾਮੀ ਚਿਤਾਨੰਦ ਸਰਸਵਤੀ ਜੀ ਪਰਮਾਰਥ ਨਿਕੇਤਨ ਰਿਸ਼ੀਕੇਸ਼, ਅਚਾਰੀਆ ਲੋਕੇਸ਼ ਮੁੰਨੀ ਜੈਨ, ਜੈਨ ਮੁਖੀ, ਯੋਕੋਵ ਨੈਗਿਨ ਯਹੂਦੀ ਆਗੂ ਇਸਰਾਇਲ, ਬ੍ਰਹਮ ਕੁਮਾਰੀ ਸਿਸਟਰ ਹੁਸੈਨ,
ਡਾਕਟਰ ਹਰਮਨ ਨੋਬਰਟ ਇਸਾਈ ਆਗੂ ਆਦਿ ਸ਼ਾਮਿਲ ਸਨ।