ਅੰਮ੍ਰਿਤਸਰ-ਇਤਿਹਾਸਕ ਅਤੇ ਖੁਦਮੁਖਤਿਆਰ ਵਿੱਦਿਅਕ ਸੰਸਥਾ ਖ਼ਾਲਸਾ ਕਾਲਜ ਵਿਖੇ ‘9ਵਾਂ ਸਾਹਿਤ ਉਤਸਵ ਅਤੇ ਪੁਸਤਕ ਮੇਲਾ’ ਇਸ ਵਾਰ 19 ਤੋਂ 23 ਨਵੰਬਰ ਤੱਕ ਲਗਾਇਆ ਜਾ ਰਿਹਾ ਹੈ। 5 ਰੋਜ਼ਾ ਚੱਲਣ ਵਾਲੇ ਇਸ ਮੇਲੇ ਦੀ ਪ੍ਰਧਾਨਗੀ ਖ਼ਾਲਸਾ ਯੂਨੀਵਰਸਿਟੀ ਅਤੇ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਸ: ਰਜਿੰਦਰ ਮੋਹਨ ਸਿੰਘ ਛੀਨਾ ਕਰਨਗੇ, ਜਦ ਕਿ ’ਵਰਸਿਟੀ ਦੇ ਉਪ-ਕੁਲਪਤੀ ਡਾ. ਮਹਿਲ ਸਿੰਘ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ। ਇਸ ਸਮਾਗਮ ’ਚ ਸੰਗੀਤ ਨਾਟਕ ਅਕਾਦਮੀ, ਚੰਡੀਗੜ੍ਹ ਦੇ ਪ੍ਰਧਾਨ ਸ੍ਰੀ ਅਸ਼ਵਨੀ ਚੈਟਲੇ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਣ ਦੇ ਨਾਲ-ਨਾਲ ਵਿਸ਼ਵ ਪ੍ਰਸਿੱਧ ਕਾਮੇਡੀਅਨ ਕਲਾਕਾਰ ਸ: ਗੁਰਪ੍ਰੀਤ ਸਿੰਘ ਘੁੱਗੀ ਦਰਸ਼ਕਾਂ ਨਾਲ ਰੂਬਰੂ ਹੋਣਗੇ।
ਇਸ ਸਬੰਧੀ ਕਾਲਜ ਦੇ ਕਾਰਜਕਾਰੀ ਪ੍ਰਿੰਸੀਪਲ ਡਾ. ਅਰਵਿੰਦਰ ਕੌਰ ਕਾਹਲੋਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਮਾਗਮ ਮੌਕੇ ਸੁਖਨ ਦੇ ਸੂਰਜ : ਸੁਰਜੀਤ ਪਾਤਰ ਨੂੰ ਸਮਰਪਿਤ ਕਵੀ ਦਰਬਾਰ ਵੀ ਕਰਵਾਇਆ ਜਾਵੇਗਾ, ਜਿਸ ਦੀ ਪ੍ਰਧਾਨਗੀ ਪੰਜਾਬ ਕਲਾ ਪਰਿਸ਼ਦ, ਚੰਡੀਗੜ੍ਹ ਦੇ ਡਾਇਰੈਕਟਰ ਸਵਰਨਜੀਤ ਸਿੰਘ ਸਵੀ ਕਰਨਗੇ ਅਤੇ ਮੁੱਖ ਮਹਿਮਾਨ ਜਸਵੰਤ ਸਿਘ ਜ਼ਫ਼ਰ, ਡਾਇਰੈਕਟਰ, ਭਾਸ਼ਾ ਵਿਭਾਗ ਪੰਜਾਬ ਹੋਣਗੇ। ਵਿਸ਼ੇਸ਼ ਮਹਿਮਾਨ ਡਾ. ਕੁਲਜੀਤ ਸਿੰਘ ਜੰਜੂਆ (ਕੈਨੇਡਾ) ਅਤੇ ਪਰਮਿੰਦਰ ਸੋਢੀ (ਜਪਾਨ) ਹੋਣਗੇ। ਇਸ ਕਵੀ ਦਰਬਾਰ ’ਚ ਪੰਜਾਬ ਦੇ ਪ੍ਰਸਿੱਧ ਕਵੀ ਆਪਣਾ ਕਲਾਮ ਪੇਸ਼ ਕਰਨਗੇ। ਸ਼ਾਮ ਦੇ ਸੱਭਿਆਚਾਰਕ ਪ੍ਰੋਗਰਾਮ ’ਚ ਪੰਜਾਬੀ ਗਾਇਕਾ ਗਲੋਰੀ ਬਾਵਾ ਆਪਣੇ ਫਨ ਦਾ ਮੁਜ਼ਾਹਰਾ ਕਰਨਗੇ।
ਡਾ. ਕਾਹਲੋਂ ਨੇ ਕਿਹਾ ਕਿ ਉਕਤ ਮੇਲਾ ਕਾਲਜ ਦੀਆਂ ਜ਼ਰੂਰੀ ਗਤੀਵਿਧੀਆਂ ਦਾ ਹਿੱਸਾ ਬਣ ਚੁੱਕਾ ਹੈ ਅਤੇ ਪੂਰੇ ਵਿਸ਼ਵ ’ਚ ਵੱਸਦੇ ਪੰਜਾਬੀ ਸਾਹਿਤਕਾਰ, ਚਿੰਤਕ ਅਤੇ ਕਲਾਕਾਰ ਇਸ ਮੇਲੇ ਨੂੰ ਬੇਸਬਰੀ ਨਾਲ ਉਡੀਕਦੇ ਹਨ। ਉਨ੍ਹਾਂ ਕਿਹਾ ਕਿ ਮੇਲੇ ਦੌਰਾਨ ਨਾਮਵਰ ਪੰਜਾਬੀ ਅਦਾਕਾਰ ਰਾਣਾ ਰਣਬੀਰ, ਅਦਾਕਾਰ ਅਨੀਤਾ ਦੇਵਗਨ ਅਤੇ ਹਰਦੀਪ ਗਿੱਲ ਦਰਸ਼ਕਾਂ ਨਾਲ ਰੂਬਰੂ ਹੋਣਗੇ। ਇਸੇ ਦੌਰਾਨ ਪੰਜਾਬੀ ਲੋਕ ਗਾਇਕ ਪਰਮ ਨਿਮਾਣਾ ਜਿੱਥੇ ਆਪਣੀ ਗਾਇਕੀ ਦੇ ਫਨ ਦਾ ਮੁਜ਼ਾਹਰਾ ਕਰਨਗੇ, ਉਥੇ ਪੰਜਾਬੀ ਲੋਕ-ਨਾਚ ਗਿੱਧਾ ਮੇਲੇ ਦੀਆਂ ਰੌਣਕਾਂ ਨੂੰ ਵਧਾਏਗਾ।
ਇਸ 9ਵੇਂ ਮੇਲੇ ਦੇ ਕੋਆਰਡੀਨੇਟਰ ਡਾ. ਆਤਮ ਸਿੰਘ ਰੰਧਾਵਾ ਨੇ ਕਿਹਾ ਕਿ ਮੇਲੇ ’ਚ ਆਉਣ ਵਾਲੇ ਪ੍ਰਕਾਸ਼ਕਾਂ ਨੇ 150 ਦੇ ਕਰੀਬ ਸਟਾਲ ਬੁੱਕ ਕਰਵਾ ਲਏ ਹਨ। ਇਸ ਤੋਂ ਇਲਾਵਾ ਸੱਭਿਆਚਾਰਕ ਅਤੇ ਵਿਰਾਸਤੀ ਸਮੱਗਰੀ ਨਾਲ ਸਬੰਧਿਤ ਪ੍ਰਬੰਧਕਾਂ ਨੇ ਵੀ 50 ਦੇ ਕਰੀਬ ਸਟਾਲ ਬੁੱਕ ਕਰਵਾ ਲਏ ਹਨ। ਉਨ੍ਹਾਂ ਕਿਹਾ ਕਿ 5 ਦਿਨਾਂ ਮੇਲੇ ’ਚ 150 ਦੇ ਕਰੀਬ ਸਾਹਿਤਕਾਰ, ਕਵੀ, ਚਿੰਤਕ ਅਤੇ ਕਲਾਕਾਰ ਭਾਗ ਲੈ ਰਹੇ ਹਨ। ਮੇਲੇ ਦੇ ਹਰ ਦਿਨ ਸ਼ਾਮ ਨੂੰ ਸੱਭਿਆਚਾਰਕ ਪ੍ਰੋਗਰਾਮ ਪੇਸ਼ ਹੋਇਆ ਕਰਨਗੇ ਜਿਸ ’ਚ ਗਿੱਧਾ, ਭੰਗੜਾ, ਲੋਕ-ਗੀਤ ਆਦਿ ਦੀਆਂ ਪੇਸ਼ਕਾਰੀਆਂ ਹੋਣਗੀਆਂ। ਇਸ ਮੇਲੇ ’ਚ ਖਾਣ—ਪੀਣ ਦੇ ਸਟਾਲ ਵੱਖਰੇ ਤੌਰ ’ਤੇ ਵੱਡੇ ਪੱਧਰ ’ਤੇ ਲੱਗਣਗੇ। ਮੇਲੇ ਦੀ ਵਿਦਾਇਗੀ ਲੋਕ-ਨਾਚ ਝੂਮਰ ਨਾਲ ਹੋਵੇਗੀ।