ਅੰਮ੍ਰਿਤਸਰ - ਕੀ ਅਕਾਲੀ ਦਲ ਦੀ ਅੰਦਰੂਨੀ ਫੁਟ ਕਾਰਨ ਤਖਤਾਂ ਦੇ ਜਥੇਦਾਰਾ ਨੂੰ ਅਕਾਲੀ ਦਲ ਦੇ ਪ੍ਰਧਾਨ ਰਹੇ ਸੁਖਬੀਰ ਸਿੰਘ ਬਾਦਲ ਬਾਰੇ ਕੋਈ ਫੈਸਲਾ ਲੈਣ ਵਿਚ ਦਿਕਤ ਆ ਰਹੀ ਹੈ ? ਇਹ ਸਵਾਲ ਪੰਥਕ ਹਲਕਿਆਂ ਵਿਚ ਤੇਜ਼ੀ ਨਾਲ ਚਰਚਾ ਦਾ ਵਿਸ਼ਾ ਬਣ ਰਿਹਾ ਹੈ। ਅਕਾਲੀ ਦਲ ਇਕ ਮੌਜੂਦ ਇਕ ਧੜਾ ਨਹੀਂ ਚਾਹੁੰਦਾ ਕਿ ਸੁਖਬੀਰ ਸਿੰਘ ਬਾਦਲ ਸਜ਼ਾ ਲਗਵਾ ਕੇ ਸੁਰਖਰੂ ਹੋ ਕੇ ਪਾਰਟੀ ਦੀ ਅਵਵਾਈ ਕਰਨ। ਇਹ ਧੜਾ ਬਹੁਤ ਹੀ ਲੁੱਕਵੇਂ ਢੰਗ ਨਾਲ ਆਪਣੀ ਖੇਡ ਖੇਡ ਰਿਹਾ ਹੈ। ਜਦ ਵੀ ਜਥੇਦਾਰ ਸੁਖਬੀਰ ਸਿੰਘ ਬਾਦਲ ਮਾਮਲੇ ਤੇ ਕੋਈ ਫੈਸਲਾ ਕਰਨ ਲਈ ਤ ਪਹਿਲਾਂ ਵਿਰਸਾ ਸਿੰਘ ਵਲਟੋਹਾ ਰਾਹੀਂ ਜਥੇਦਾਰਾਂ ਨੂੰ ਭਾਰਤੀ ਜਨਤਾ ਪਾਰਟੀ ਅਤੇ ਆਰ ਐਸ ਐਸ ਦੇ ਪ੍ਰਭਾਵ ਹੇਠ ਦੱਸਿਆ ਗਿਆ। ਜਦੋਂ ਜਥੇਦਾਰ ਇਸ ਬੇਸਿਰ ਪੈਰ ਬਿਆਨ ਤੇ ਸਖਤ ਸਟੈਂਡ ਲੈ ਗਏ ਤਾਂ ਵਲਟੋਹਾ ਨੇ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਨਿਸ਼ਾਨਾ ਬਣਾ ਲਿਆ। ਵਲਟੋਹਾ ਦੀ ਬਿਆਨਬਾਜ਼ੀ ਹਾਲੇ ਜਾਰੀ ਹੀ ਸੀ ਪਾਰਟੀ ਅੰਦਰ ਸੁਖਬੀਰ ਬਾਦਲ ਵਿਰੋਧੀ ਲਾਬੀ ਨੇ ਇਕ ਹੋਰ ਹਮਲਾ ਕਰਦਿਆਂ ਗਿਆਨੀ ਹਰਪ੍ਰੀਤ ਸਿੰਘ, ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਅਤੇ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ ਦੀ ਇਕ ਮੀਟਿੰਗ ਨੂੰ ਇਸ ਤਰ੍ਹਾਂ ਪੇਸ਼ ਕੀਤਾ ਜਿਵੇਂ ਕਿ ਇਹ ਮੀਟਿੰਗ ਧਰਤੀ ਹਿਲਾ ਕੇ ਰੱਖ ਦੇਵੇਗੀ। ਦਸਿਆ ਗਿਆ ਕਿ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ, ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਅਤੇ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ ਫਤਿਹਗੜ੍ਹ ਸਾਹਿਬ ਵਿਖੇ ਮਿਲੇ ਤੇ ਇਸ ਮੌਕੇ ਅਕਾਲੀ ਦਲ ਦੇ ਪ੍ਰਧਾਨ ਰਹੇ ਸੁਖਬੀਰ ਸਿੰਘ ਬਾਦਲ ਦਾ ਮਾਮਲਾ ਵਿਚਾਰਿਆ ਗਿਆ। ਮੀਡੀਆ ਦੇ ਇਕ ਹਿੱਸੇ ਨੇ ਇਸ ਮੀਟਿੰਗ ਦਾ ਹਊਆ ਖੜਾ ਕਰਨ ਵਿਚ ਆਪਣੀ ਅਹਿਮ ਭੂਮਿਕਾ ਨਿਭਾਈ। ਫਤਿਹਗੜ੍ਹ ਸਾਹਿਬ ਤੋਂ ਸੂਤਰਾਂ ਵਲੋਂ ਦਿਤੀ ਜਾਣਕਾਰੀ ਮੁਤਬਿਕ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਅਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਸ੍ਰੀ ਗੁਰੂ ਗ੍ਰੰਥ ਸਾਹਿਬ ਯੂਨੀਵਰਸਟੀ ਵਿਚ ਕਰਵਾਏ ਜਾ ਰਹੇ ਇਕ ਸੈਮੀਨਾਰ ਵਿਚ ਭਾਗ ਲੈਣ ਲਈ ਆਏ ਸਨ। ਉਪਰੰਤ ਜਥੇਦਾਰ ਅਤੇ ਪ੍ਰਧਾਨ ਸ਼੍ਰੋਮਣੀ ਕਮੇਟੀ ਬਾਬਾ ਬੰਦਾ ਸਿੰਘ ਬਹਾਦਰ ਕਾਲਜ ਚਲੇ ਗਏ। ਇੱਥੇ
ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ ਨੇ ਐਡਵੋਕੇਟ ਧਾਮੀ ਨਾਲ ਸੰਪਰਕ ਕੀਤਾ ਤੇ ਉਹ ਵੀ ਬਾਬਾ ਬੰਦਾ ਸਿੰਘ ਬਹਾਦਰ ਕਾਲਜ ਆ ਗਏ। ਸੂਤਰ ਦੱਸਦੇ ਹਨ ਕਿ ਜਥੇਦਾਰ ਨੇ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਅਤੇ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ ਨਾਲ ਇਕ ਕਪ ਚਾਹ ਪੀਤੀ ਤੇ ਮੋਰਿੰਡਾ ਵਿਖੇ ਹੋਣ ਵਾਲੇ ਇਕ ਸਮਾਗਮ ਵਿਚ ਭਾਗ ਲੈਣ ਲਈ ਚਲੇ ਗਏ। ਪਾਰਟੀ ਵਿਚ ਸੁਖਬੀਰ ਬਾਦਲ ਵਿਰੋਧੀ ਲਾਬੀ ਨੇ ਇਸ ਮੀਟਿੰਗ ਨੂੰ ਇਉ ਪੇਸ਼ ਕੀਤਾ ਜਿਵੇਂ ਇਸ ਮੀਟਿੰਗ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਨੂੰ ਜਥੇਦਾਰਾਂ ਨੇ ਕਲੀਨ ਚਿੱਟ ਦੇ ਦੇਣੀ ਹੋਵੇ।